Friday, April 19, 2024

ਸੜਕਾਂ ‘ਤੇ ਬੈਠਣਾ ਕਿਸਾਨਾਂ ਦਾ ਸ਼ੌਕ ਨਹੀਂ, ਮਜ਼ਬੂਰੀ ਹੈ – ਚੱਠਾ

ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਪੰਜਾਬ ਵਿੱਚ 6 ਥਾਵਾਂ ‘ਤੇ ਚੱਕਾ ਜ਼ਾਮ ਕੀਤਾ ਹੋਇਆ ਹੈ।ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਇਹ ਪ੍ਰਗਟਾਵਾ ਕੀਤਾ।ਕਿਸਾਨ ਆਗੂ ਚੱਠਾ ਨੇ ਕਿਹਾ ਕਿ ਸਿਆਲ ਦੀਆਂ ਠੰਡੀਆਂ ਰਾਤਾਂ ਅਤੇ ਦਿਨ ਸੜਕਾਂ ‘ਤੇ ਗੁਜ਼ਾਰਨੇ ਕਿਸਾਨਾਂ ਦਾ ਸ਼ੌਕ ਨਹੀਂ ਮਜ਼ਬੂਰੀ ਹੈ।ਉਨਾਂ ਨੇ ਕਿਹਾ ਕਿ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਵਿੱਚ ਲੱਖਾਂ ਏਕੜ ਕਿਸਾਨਾਂ ਦਾ ਨਰਮਾ ਤਬਾਹ ਹੋ ਗਿਆ, ਲਿੱਪੀ ਸਕਿਨ ਬਿਮਾਰੀ ਨਾਲ ਕਿਸਾਨਾਂ ਮਜ਼ਦੂਰਾਂ ਦੇ ਮਹਿੰਗੇ ਦੁਧਾਰੂ ਪਸ਼ੂ ਮਰ ਗਏ, ਚੀਨੀ ਵਾਇਰਸ ਨਾਲ ਹਜ਼ਾਰਾਂ ਕਿਸਾਨਾਂ ਦਾ ਝੋਨਾ ਖਰਾਬ ਹੋ ਗਿਆ, ਭਾਰਤ ਮਾਲਾ ਪ੍ਰਜੈਕਟ ਰਾਹੀਂ ਬਣ ਰਹੇ ਹਾਈਵੇ ਵਿੱਚ ਅਫਸਰਾਂ ਵਲੋਂ ਕਿਸਾਨਾਂ ਨਾਲ ਧਾਂਧਲੀ ਕੀਤੀ ਜਾ ਰਹੀ ਹੈ, ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਸੈਂਕੜੇ ਪਰਿਵਾਰਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ।ਜਿਨ੍ਹਾਂ ਚਿਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਇਹ ਸਾਰੀਆਂ ਮੰਗਾਂ ਪੁਰੀਆ ਨਹੀਂ ਕਰਦੀ ਉਨ੍ਹਾਂ ਚਿਰ ਕਿਸਾਨ ਅਣਮਿਥੇ ਸਮੇਂ ਲਈ ਸੜਕਾਂ ‘ਤੇ ਬੈਠੇ ਹਰ ਕੁਰਬਾਨੀ ਦੇਣ ਲਈ ਤਿਆਰ ਹਨ।ਚੱਠਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੁਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠ ਗਏ ਹਨ।ਜੇਕਰ ਸਾਡੇ ਸੂਬਾ ਪ੍ਰਧਾਨ ਡੱਲੇਵਾਲ ਨੂੰ ਕੁੱਝ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੀਟਿੰਗਾਂ ਵਿੱਚ ਕਿਸਾਨਾਂ ਦੀ ਮੰਨੀਆਂ ਮੰਗਾਂ ਲਾਗੂ ਕਰ ਦੇਵੇ ਤਾਂ ਕਿਸਾਨ ਤੁਰੰਤ ਸੜਕਾਂ ਤੋਂ ਉਠ ਜਾਣਗੇ ਤੇ ਜਿੰਨਾ ਚਿਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਉਨ੍ਹਾਂ ਸਮਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਕਿਸਾਨ ਆਗੂ ਚੱਠਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੂੰ ਸਲਾਹਾਂ ਦੇਣ ਵਾਲਾ ਰੁਲਦੂ ਸਿੰਘ ਮਾਨਸਾ ਕਿਸਾਨ ਨਹੀਂ ਭੱਠਾ ਮਾਲਕ ਹੈ।

Check Also

ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੱਜ ਲੋਕ …