Wednesday, April 24, 2024

ਖ਼ਾਲਸਾ ਕਾਲਜ ਵਿਖੇ ‘ਦੰਦਾਂ ਸਬੰਧੀ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਦੰਦਾਂ ਅਤੇ ਮਸੂੜਿਆਂ ਦੀ ਸਾਂਭ-ਸੰਭਾਲ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ਰੈਡ ਰਿਬਨ ਕਲੱਬ ਵਲੋਂ ਡੈਂਟਲ ਅਵੇਅਰਨੈਸ ਵਿਸ਼ੇ ’ਤੇ ਸੈਮੀਨਾਰ ਅਤੇ ਮੁਫ਼ਤ ਦੰਦਾਂ ਦਾ ਚੈਕਅੱਪ ਕੈਂਪ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ’ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਿਪਟੀ ਡਾਇਰੈਕਟਰ (ਡੈਂਟਲ) ਡਾ. ਜਗਨਜੋਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰ: ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਪੱਖੋਂ ਵੀ ਜਾਗਰੂਕ ਕਰਦਾ ਰਹਿੰਦਾ ਹੈ ਅਤੇ ਇਸੇ ਉਦੇਸ਼ ਅਧੀਨ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।ਡਾ. ਸਾਰਿਕਾ ਚਾਵਲਾ ਮੈਡੀਕਲ ਅਫਸਰ ਡੈਂਟਲ ਸਿਵਲ ਹਸਪਤਾਲ ਅੰਮ੍ਰਿਤਸਰ, ਡਾ. ਰਵਿੰਦਰਪਾਲ ਬਮਰਾ ਅਰਬਨ ਪਬਲਿਕ ਸੈਂਟਰ, ਸਕੱਤਰੀ ਬਾਗ ਅੰਮ੍ਰਿਤਸਰ ਅਤੇ ਡਾ. ਸਾਹਿਲ ਬਤਰਾ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਨੇ ਆਪਣੇ ਖੋਜ਼-ਪੱਤਰ ਪੇਸ਼ ਕੀਤੇ।
ਡਾ. ਜਗਨਜੋਤ ਕੌਰ ਨੇ ਕਿਹਾ ਕਿ ਮਨੁੱਖੀ ਸ਼ਖਸੀਅਤ ਨੂੰ ਨਿਖਾਰਨ ’ਚ ਦੰਦਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਸਾਨੂੰ ਦੰਦਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਦੁਨੀਆਂ ’ਚ 20 ਸਾਲ ਤੋਂ ਉਪਰਲੀ ਉਮਰ ਵਾਲੇ 90% ਵਿਅਕਤੀਆਂ ’ਚ ਕੈਵੇਟੀ ਦੀ ਸਮੱਸਿਆ ਅਤੇ 19% ਲੋਕ ਮਸੂੜਿਆਂ ਦੀ ਸਮੱਸਿਆ ਤੋਂ ਪੀੜ੍ਹਤ ਹਨ।
ਡਾ. ਰਵਿੰਦਰਪਾਲ ਬਮਰਾ ਨੇ ਕਿਹਾ ਕਿ ਦੰਦਾਂ ਅਤੇ ਮਸੂੜਿਆਂ ਨੂੰ ਬੀਮਾਰੀਆਂ ਤੋਂ ਬਚਾਅ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।ਡਾ. ਸਾਰਿਕਾ ਚਾਵਲਾ ਨੇ ਆਪਣੇ ਖੋਜ਼-ਪੱਤਰ ‘ਖਾਣ-ਪੀਣ ਦਾ ਦੰਦਾਂ ‘ਤੇ ਅਸਰ’ ਵਿੱਚ ਕਿਹਾ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਹੀ ਦੰਦ ਖਰਾਬ ਹੁੰਦੇ ਹਨ।ਉਨ੍ਹਾਂ ਕਿਹਾ ਕਿ ਚੌਕਲੇਟ, ਆਈਸ ਕਰੀਮ ਅਤੇ ਜੰਕ ਫੂਡ ਤੋਂ ਪ੍ਰਹੇਜ਼ ਨਾਲ ਹੀ ਅਸੀਂ ਆਪਣੇ ਦੰਦ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ।ਡਾ. ਸਾਹਿਲ ਬੱਤਰਾ ਨੇ ਆਪਣੇ ਖੋਜ਼-ਪੱਤਰ ‘ਤੰਬਾਕੂ ਦੀ ਕੈਂਸਰ ’ਚ ਭੂਮਿਕਾ’ ’ਚ ਕਿਹਾ ਕਿ ਇਸ ਸਮੇਂ ਦੁਨੀਆਂ ਵਿਚ ਤੰਬਾਕੂ ਦੀ ਵਰਤੋਂ ਕਰਨ ਵਾਲੇ 60 ਮਰਦਾਂ ’ਚੋਂ ਇਕ ਮਰਦ ਅਤੇ 140 ਔਰਤਾਂ ’ਚੋਂ ਇਕ ਔਰਤ ਕੈਂਸਰ ਰੋਗ ਤੋਂ ਪੀੜ੍ਹਤ ਹੈ।
ਰੈਡ ਰਿਬਨ ਕਲੱਬ ਦੇ ਨੋਡਲ ਅਫਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਖੁਸ਼ ਰਹਿਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਕਿਉਂਕਿ ਹੱਸਦੇ ਦੰਦਾਂ ਦਾ ਮਨੁੱਖ ਦੀ ਸ਼ਖਸੀਅਤ ’ਚ ਵੱਖਰਾ ਹੀ ਸਥਾਨ ਹੁੰਦਾ ਹੈ।ਫ੍ਰੀ ਡੈਂਟਲ ਚੈਕਅਪ ਕੈਂਪ ’ਚ ਜਿਥੇ ਵਿਦਿਆਰਥੀਆਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ, ਉਥੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਅਤੇ ਡੈਂਟਲ ਕਿੱਟਾਂ ਵੀ ਮੁਹੱਈਆਂ ਕੀਤੀਆਂ ਗਈਆਂ।ਡਾ. ਪਰਮਿੰਦਰ ਸਿੰਘ ਡਿਪਟੀ ਨੋਡਲ ਅਫਸਰ ਵਲੋਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੁਮਨ ਸ਼ਰਮਾ ਡੈਂਟਲ ਹਾਈਜੀਨਿਸਟ ਸਿਵਲ ਸਰਜਨ ਦਫਤਰ, ਡਾ. ਅਮਰਦੀਪ ਸਿੰਘ ਮਾਸ ਮੀਡੀਆ ਅਫਸਰ, ਸਿਵਲ ਸਰਜਨ ਦਫਤਰ ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਜਸਬੀਰ ਸਿੰਘ, ਡਾ. ਹਰਜੀਤ ਕੌਰ, ਡਾ. ਮਿਨੀ ਸਲਵਾਨ ਅਤੇ ਹੋਰ ਅਧਿਆਪਕ, ਵਿਦਿਆਰਥੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …