Thursday, April 25, 2024

ਰਾਣੀਆਂ ਪਿੰਡ ‘ਚ ਬੀਜ਼ ਫਾਰਮ ਦੇ ਨਾਮ ‘ਤੇ ਬਾਦਲ ਸਰਕਾਰ ਵੇਲੇ ਖਰੀਦੀ ਜ਼ਮੀਨ ਦੀ ਹੋਵੇਗੀ ਜਾਂਚ – ਧਾਲੀਵਾਲ

32 ਕਰੋੜ ਰੁਪਏ ਨਾਲ ਕੰਡਿਆਲੀ ਤਾਰ ਤੋਂ ਪਾਰ ਖਰੀਦੀ 700 ਏਕੜ ਜਮੀਨ ਧਾਲੀਵਾਲ ਨੇ ਲੱਭੀ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦ ‘ਤੇ ਸਥਿਤ ਰਾਣੀਆਂ ਪਿੰਡ ਵਿੱਚ ਖੇਤੀਬਾੜੀ ਵਿਭਾਗ ਵਲੋਂ ਖਰੀਦ ਕੀਤੀ ਗਈ 700 ਏਕੜ ਜ਼ਮੀਨ ਦਾ ਦੌਰਾ ਕੀਤਾ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਸੰਨ 2008 ਵਿੱਚ 32 ਕਰੋੜ ਰੁਪਏ ਨਾਲ ਬੀਜ਼ ਫਾਰਮ ਲਈ ਸਰਕਾਰ ਵਲੋਂ ਖਰੀਦੀ ਗਈ ਇਸ ਜਮੀਨ ਦੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਦੋਂ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਅਤੇ ਕਾਹਨ ਸਿੰਘ ਪੰਨੂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ, ਵੇਲੇ ਇਹ ਜ਼ਮੀਨ ਬਹੁਤ ਮਹਿੰਗੇ ਮੁੱਲ ਖਰੀਦੀ ਗਈ।ਇਹ ਜ਼ਮੀਨ ਰਾਵੀ ਦਰਿਆ ਅਤੇ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਵੀ ਪਾਰ ਹੈ ਅਤੇ ਸਰਕਾਰ ਨੇ ਸੰਨ 2008 ਵਿੱਚ ਸਾਢੇ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਇਹ ਜ਼ਮੀਨ ਖਰੀਦੀ।ਬੀ.ਐਸ.ਐਫ ਦੀ ਆਗਿਆ ਤੋਂ ਬਿਨਾ ਤੁਸੀਂ ਜ਼ਮੀਨ ਵਿੱਚ ਦਾਖਲ ਤੱਕ ਨਹੀਂ ਹੋ ਸਕਦੇ ਅਤੇ ਉਸ ਵੇਲੇ ਕਿਸ ’ਸਕੀਮ’ ਤਹਿਤ ਇਹ ਜ਼ਮੀਨ ਖਰੀਦੀ ਗਈ, ਦੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਰਜਿਸਟਰੀ ਕਰਵਾਉਣ ਵਾਲੇ ਕਿਸਾਨ ਅਤੇ ਉਸ ਤੋਂ ਪਹਿਲਾਂ ਦੇ ਮਾਲਕ ਪਰਿਵਾਰਾਂ ਨੂੰ ਲੱਭਿਆ ਜਾਵੇਗਾ, ਤਾਂ ਜੋ ਸਾਰੀ ਸਚਾਈ ਸਾਹਮਣੇ ਆ ਸਕੇ।
ਅੱਜ ਉਕਤ ਜ਼ਮੀਨ ਜਿਸ ਨੂੰ ਕੇਵਲ ਤਿੰਨ ਚਾਰ ਸੀਜ਼ਨ ਹੀ ਵਾਹਿਆ ਜਾ ਸਕਿਆ, ਉਸ ਵਿੱਚ ਪੈਦਾ ਹੋ ਚੁੱਕੇ ਆਦਮ ਕੱਦ ਕਾਨੇ ਅਤੇ ਸਰਕੰਡੇ, ਵੇਖ ਕੇ ਦੁੱਖੀ ਹੋਏ ਧਾਲੀਵਾਲ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਤਿੰਨੇ ਸੌਦਾ ਕਰਨ ਵਾਲੇ ਕਿਸਾਨ ਪਰਿਵਾਰ ਵਿਚੋਂ ਹੋਣ ਤੇ ਅਜਿਹੀ ਜ਼ਮੀਨ ਮਹਿੰਗੇ ਭਾਅ ਖਰੀਦ ਲੈਣ?
ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਪਾਣੀ ਲਈ 30 ਸਬਮਰਸੀਬਲ ਟਿਊਬਵੈਲ, ਬਿਜਲੀ ਅਤੇ ਖੇਤੀ ਸੰਦ ਜਿਸ ਵਿੱਚ ਟਰੈਕਟਰ, ਜਨਰੇਟਰ ਅਤੇ ਹੋਰ ਮਸ਼ੀਨਰੀ ਸ਼ਾਮਿਲ ਹੈ, ਦੀ ਖਰੀਦ ‘ਤੇ ਵੀ 8 ਕਰੋੜ ਰੁਪਏ ਦੇ ਕਰੀਬ ਖਰਚਾ ਹੋਇਆ।ਉਨ੍ਹਾਂ ਕਿਹਾ ਕਿ ਅੱਜ ਉਨਾਂ ਇਸ ਫਾਰਮ ਨੂੰ ਵੇਖਿਆ ਹੈ ਅਤੇ ਮਨ ਦੁੱਖੀ ਹੋਇਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਅੱਜ ਵੀ ਫਾਰਮ ‘ਤੇ ਖਰੀਦੀ ਗਈ ਮਸ਼ੀਨਰੀ ਖਰਾਬ ਹੋ ਰਹੀ ਹੈ ਅਤੇ ਜ਼ਮੀਨ ਬੰਜ਼ਰ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਇਸ ਜ਼ਮੀਨ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੋਟਿਸ ਵਿੱਚ ਲਿਆਉਣ ਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ (ਕਿਉਂਕਿ ਇਸ ਦਾ ਰਸਤਾ ਹੀ ਬੀ.ਐਸ.ਐਫ ਅਧੀਨ ਹੈ) ਇਸ ਦੀ ਢੁੱਕਵੀਂ ਵਰਤੋਂ ਕੀਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜਿਲਾ ਖੇਤੀ ਅਫਸਰ ਡਾ. ਜਤਿੰਦਰ ਸਿੰਘ ਗਿੱਲ, ਐਸ.ਡੀ.ਐਮ ਰਾਜੇਸ਼ ਕੁਮਾਰ ਸ਼ਰਮਾ, ਓ.ਐਸ.ਡੀ ਚਰਨਜੀਤ ਸਿੰਘ ਸਿੱਧੂ, ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਨਾਇਬ ਤਹਿਸੀਲਦਾਰ ਜਗਸੀਰ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਡਿਪਟੀ ਕਮਾਂਡੈਂਟ ਪਰਵਿੰਦਰ ਸਿੰਘ ਬਾਜਵਾ, ਐਸ.ਐਚ.ਓ ਲੋਪੋਕੇ ਹਰਪਾਲ ਸਿੰਘ ਸੋਹੀ, ਖੇਤੀ ਅਫਸਰ ਕੁਲਵੰਤ ਸਿੰਘ ਤੇ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …