Friday, March 29, 2024

ਝਾਰਖੰਡ ਕੋਲ ਮਾਈਨ ਸ਼ੁਰੂ ਹੋਣ ਨਾਲ ਸੂਬੇ ਨੂੰ ਹੋਵੇਗਾ 600 ਕਰੋੜ ਦਾ ਸਾਲਾਨਾ ਲਾਭ – ਬਿਜਲੀ ਮੰਤਰੀ

ਮਾਨਾਂਵਾਲਾ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ‘ਚ ਕੀਤੀ ਸ਼ਿਰਕਤ

ਅੰਮ੍ਰਿਤਸਰ 16 ਦਸੰਬਰ (ਸੁਖਬੀਰ ਸਿੰਘ) – ਸੂਬੇ ਵਿੱਚ ਦੋ ਹੀ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾਂ ਮੁਹੱਬਤ ਹਨ ਅਤੇ ਸਾਡੀ ਸਰਕਾਰ ਨੇ ਪਿਛਲੇ 8 ਮਹੀਨਿਆਂ ਦੌਰਾਨ ਸੁਧਾਰ ਦਾ ਵੀਜ਼ਨ ਅਪਣਾ ਕੇ ਇਨਾਂ ਦੋਹਾਂ ਥਰਮਲ ਪਲਾਂਟਾਂ ਤੋਂ 84 ਫੀਸਦੀ ਊਰਜਾ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸ: ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਦੱਸਿਆ ਕਿ ਜੇਕਰ ਤੁਹਾਡੀ ਨੀਅਤ ਅਤੇ ਵਿਜ਼ਨ ਸਾਫ਼ ਹੈ ਤਾਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਅਤੇ ਅਸੀਂ ਉਸੇ ਹੀ ਆਧਾਰ ਤੇ ਉਹੀ ਢਾਂਚੇ ਅੰਦਰ ਬਦਲਾਅ ਕਰਕੇ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਹੈ।
ਬਿਜਲੀ ਮੰਤਰੀ ਨੇ ਦੱਸਿਆ ਕਿ ਝਾਰਖੰਡ ਕੋਲ ਮਾਈਨ ਜੋ ਕਿ 2015 ਤੋਂ ਬੰਦ ਪਈ ਸੀ ਨੂੰ ਮੁੱੜ ਚਾਲੂ ਕਰਵਾਇਆ ਹੈ, ਜਿਸ ਨਾਲ 4000 ਟਨ ਕੋਇਲਾ ਰੋਪੜ ਥਰਮਲ ਪਲਾਂਟ ਵਿੱਖ ਪਹੁੰਚ ਚੁੱਕਾ ਹੈ ਅਤੇ ਹੁਣ ਬਿਜਲੀ ਦੀ ਅਤੇ ਕੋਇਲੇ ਦੀ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਉਨਾਂ ਦੱਸਿਆ ਕਿ ਪਿਛਵਾੜਾ ਕੋਲ ਮਾਈਨ ਤੋਂ ਸੂਬੇ ਨੂੰ ਹਰ ਸਾਲ 70 ਲੱਖ ਟਨ ਕੋਇਲਾ ਮਿਲੇਗਾ ਜਿਸ ਨਾਲ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ ਅਤੇ ਸੂਬੇ ਦਾ 600 ਕਰੋੜ ਰੁਪਏ ਦਾ ਫਾਇਦਾ ਵੀ ਹੋਵੇਗਾ।
ਸ਼ਹੀਦ ਜੈਮਲ ਸਿੰਘ ਬੱਲ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਮਾਨਾਂਵਾਲਾ ਕਲਾਂ ਦੇ ਸਾਲਾਨਾ ਸਮਾਗਮ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਮੈਂ ਖੁਦ ਵੀ ਸਰਕਾਰੀ ਸਕੂਲ ਤੋਂ ਪੜ੍ਹਿਆ ਹਾਂ ਅਤੇ ਅੱਜ ਤੁਹਾਡੇ ਸਾਹਮਣੇ ਖੜ੍ਹਾ ਹਾਂ।ਉਨਾਂ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਵਿੱਚ ਬਹਾਨੇਬਾਜੀ ਨਹੀਂ ਚਲਦੀ ਮਿਹਨਤ ਕਰਨੀ ਪੈਂਦੀ ਹੈ ਅਤੇ ਮਿਹਨਤ ਕਰਨ ਵਾਲਾ ਵਿਦਿਆਰਥੀ ਆਪਣੀ ਜਿੰਦਗੀ ਵਿੱਚ ਸਫ਼ਲ ਹੁੰਦੇ ਹਨ।ਉਨਾਂ ਕਿਹਾ ਕਿ ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ ਅਤੇ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪ੍ਰਤੀ ਸਮਰਪਿਤ ਹੁੰਦੇ ਹਨ ਉਹ ਜ਼ਰੂਰ ਕਾਮਯਾਬ ਹੁੰਦੇ ਹਨ।
ਈ.ਟੀ.ਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਵਲ ਅਧਿਆਪਕ ਹੀ ਬੱਚਿਆਂ ਵਿੱਚ ਅਨੁਸ਼ਾਸ਼ਨ ਪੈਦਾ ਕਰ ਸਕਦਾ ਹੈ ਅਤੇ ਉਨਾਂ ਨੂੰ ਜਿੰਦਗੀ ਦੀ ਸਹੀ ਰਾਹ ਦਿਖਾ ਸਕਦਾ ਹੈ।ਉਨਾਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਦਾ ਗੁਰੂ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਹੀ ਸਿੱਖਿਆ ਦਿਓ, ਕਿਉਂਕਿ ਇਨਾਂ ਬੱਚਿਆਂ ਨੇ ਹੀ ਅੱਗੇ ਜਾ ਕੇ ਦੇਸ਼ ਦੇ ਭਵਿਖ ਨੂੰ ਸੰਵਾਰਨਾ ਹੈ ਕਿਉਂਕਿ ਬੱਚੇ ਅਧਿਆਪਕ ਦੇ ਹੀ ਪਦ ਚਿੰਨਾਂ ਤੇ ਚਲਣ ਦੀ ਕੋਸ਼ਿਸ਼ ਕਰਦੇ ਹਨ।ਬਿਜਲੀ ਮੰਤਰੀ ਨੂੰ ਸਕੂਲ ਦੀ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ, ਪ੍ਰਧਾਨ ਦੀਪਇੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਕੂਲੀ ਬੱਚੇ ਅਤੇ ਉਨਾਂ ਦੇ ਮਾਤਾ ਪਿਤਾ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …