Friday, April 19, 2024

ਕੜਾਕੇ ਦੀ ਠੰਡ ‘ਚ ਡੀ.ਸੀ ਦਫਤਰਾਂ ਤੇ ਟੋਲ ਪਲਾਜ਼ਿਆਂ ‘ਤੇ ਡਟੇ ਕਿਸਾਨ ਮਜ਼ਦੂਰ

ਜੀਰਾ ਮੋਰਚੇ ਤੋਂ ਫੜੇ ਗਏ ਆਗੂ ਛੱਡਣ ਲਈ ਸਰਕਾਰ ਨੂੰ ਦਿੱਤੀ ਚੇਤਾਵਨੀ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਮੋਰਚੇ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਪੰਜਾਬ ਸਰਕਾਰ ਕੋਲੋਂ ਲੋਕ ਹਿੱਤਕਾਰੀ ਮੰਗਾਂ ਮਨਵਾਉਣ ਵਿੱਢਿਆ ਸੰਘਰਸ਼ ਅੱਜ ਕੜਕਦੀ ਸਰਦੀ ਵਿਚ 24ਵੇਂ ਦਿਨ ਵੀ ਜਾਰੀ ਰਿਹਾ।ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਡੀਰੇਲ ਕਰਨ ਦੇ ਪੂਰੇ ਯਤਨ ਕਰ ਰਹੀ ਹੈ।ਜਿਸ ਤਹਿਤ ਸ਼ੁਰੂ ਤੋਂ ਮੋਰਚੇ ਖਿਲਾਫ ਝੂਠਾ ਪ੍ਰਚਾਰ ਅਤੇ ਗੁੰਮਰਾਹਕੁਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਪਰ ਅਸੀਂ ਕਿਸੇ ਵੀ ਤਰੀਕੇ ਨਾਲ ਸਰਕਾਰ ਦੀਆਂ ਚਾਲਾਂ ਵਿਚ ਖੇਡਣ ਵਾਲੇ ਨਹੀਂ।ਅੱਜ ਵੀ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਾਰੀ ਰੱਖੇ ਹਨ ਅਤੇ ਇਹ ਇਸੇ ਤਰਾਂ ਜਾਰੀ ਰਹਿਣਗੇ।ਉਹਨਾ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਪੰਜਾਬੀਆਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਨਸ਼ੇ ਤੇ ਪੂਰਨ ਰੂਪ ਵਿਚ ਕੰਟਰੋਲ ਕਰੇ, ਮਜ਼ਦੂਰ ਨੂੰ 365 ਦਿਨ ਰੁਜ਼ਗਾਰ ਦੇਵੇ, ਮਨਰੇਗਾ ਦੇ ਬਕਾਏ ਜਾਰੀ ਕਰੇ, ਕਿਸਾਨਾਂ ਤੇ ਮਜਦੂਰਾਂ ਦਾ ਕਰਜ਼ਾ ਖਤਮ ਕਰੇ, ਕੇਰਲ ਸਰਕਾਰ ਵਾਂਗ ਫ਼ਸਲਾਂ ਤੇ ਐਮ.ਐਸ.ਪੀ ਦਾ ਗਰੰਟੀ ਕਨੂੰਨ ਬਾਰੇ ਪ੍ਰਬੰਧ ਕਰੇ, ਰੁਜ਼ਗਾਰ ਪੈਦਾ ਕਰੇ, ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਫੈਕਟਰੀਆਂ ‘ਤੇ ਮਿਸਾਲੀ ਕਾਰਵਾਈ ਕਰੇ ਨਾ ਕਿ ਧਰਨਾਕਾਰੀ ਕਿਸਾਨਾਂ ਮਜ਼ਦੂਰਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ, ਬਿਜਲੀ ਵੰਡ ਲਾਈਸੈਂਸ ਨਿਜ਼ਾਮ ਦੇ ਨੋਟੀਫਿਕੇਸ਼ਨ ਵਿਰੁੱਧ ਅਸੈਂਬਲੀ ਵਿੱਚ ਮਤਾ ਪਾਸ ਕੀਤਾ ਜਾਵੇ।ਉਹਨਾ ਕਿਹਾ ਕਿ ਅਦਾਲਤਾਂ ਦੀ ਆੜ ਹੇਠ ਲੈ ਕੇ ਸਰਕਾਰ ਵਿਚ ਬੈਠੇ ਸਿਆਸੀ ਲੀਡਰ ਕਾਰਪੋਰੇਟ ਦੀ ਪੁਸ਼ਤਪਨਾਹੀ ਵਾਲੇ ਫੈਸਲੇ ਧੱਕੇ ਨਾਲ ਲਾਗੂ ਕਰਵਾ ਰਹੇ ਹਨ ਜਿਸ ਦੇ ਖਿਲਾਫ ਪੂਰੇ ਪੰਜਾਬ ਨੂੰ ਉਠ ਕੇ ਸੰਘਰਸ਼ ਕਰਨਾ ਚਾਹੀਦਾ।
ਜਿਲ੍ਹਾ ਪ੍ਰਧਾਨ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਕੰਵਰਦਲੀਪ ਸੈਦੋਲੇਹਲ ਕਿਹਾ ਕਿ ਪਹਿਲਾਂ ਸੁਪਰੀਮ ਕੋਰਟ ਦੀ ਰੂਲਿੰਗ ਦੇ ਬਹਾਨੇ ਜੁਮਲਾ ਮੁਸਤਰਕਾ ਜ਼ਮੀਨਾਂ ਖੋਹਣ ਦੀ ਕੋਸ਼ਿਸ਼, ਫਿਰ ਹਾਈਕੋਰਟ ਦੀ ਆੜ ਹੇਠ ਲਤੀਫਪੁਰ ਪਿੰਡ ਉਜਾੜਨਾ ਅਤੇ ਹੁਣ ਅਦਾਲਤ ਦਾ ਆਸਰਾ ਲੈ ਕੇ ਜੀਰਾ ਸ਼ਰਾਬ ਫੈਕਟਰੀ ਦੇ ਹੱਕ ਵਿਚ ਭੁਗਤ ਕੇ 50 ਪਿੰਡਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਹੋਏ ਪੁਲਸੀਆ ਕਾਰਵਾਈ ਕਰਨਾ ਸਾਫ ਕਰਦਾ ਹੈ ਕਿ ਸਰਕਾਰ ਅਸਿੱਧੇ ਰੂਪ ‘ਚ ਲੋਕ ਹਿੱਤਾਂ ਦੇ ਖਿਲਾਫ ਭੁਗਤ ਰਹੀ ਹੈ।ਉਹਨਾ ਕਿਹਾ ਕਿ ਮਾਨ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾ ਨੂੰ ਸਰਕਾਰ ਵਿਚ ਬਿਠਾਉਣ ਵਾਲੇ ਵੋਟਰ ਹਨ ਜਿੰਨਾਂ ਖਿਲਾਫ ਉਹ ਵਾਰ ਵਾਰ ਭੁਗਤ ਰਹੇ ਹਨ।ਉਹਨਾ ਕਿਹਾ ਕਿ ਲੋਕ ਸਰਕਾਰ ਦੀ ਕਹਿਣੀ ਤੇ ਕਰਨੀ ਵਿਚਲਾ ਫਰਕ ਲੋਕ ਸਮਝ ਚੁੱਕੇ ਹਨ ਅਤੇ ਪੂਰਾ ਪੰਜਾਬ ਅੱਜ ਅੰਦੋਲਨ ਹੈ।ਉਹਨਾ ਕਿਹਾ ਕਿ ਆਮ ਜਨਤਾ ਵੱਲੋਂ ਅੰਦੋਲਨ ਪ੍ਰਤੀ ਵੱਡੇ ਪੱਧਰ ‘ਤੇ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਅਗਰ ਸਰਕਾਰ ਫੜੇ ਗਏ ਅੰਦੋਲਨਕਾਰੀ ਕਿਸਾਨ ਮਜ਼ਦੂਰ ਨਹੀਂ ਛੱਡਦੀ ਤਾਂ ਜਲਦ ਹੀ ਸੂਬਾ ਕਮੇਟੀ ਮੀਟਿੰਗ ਸੱਦ ਕੇ ਵੱਡਾ ਫੈਸਲਾ ਲਵੇਗੀ।ਡੀ.ਸੀ ਦਫਤਰ ਅੰਮ੍ਰਿਤਸਰ ਮੋਰਚਾ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਅਤੇ ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਵਿਚ ਜਾਰੀ ਰਿਹਾ।
ਇਸ ਮੌਕੇ ਅੰਗਰੇਜ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਗੁਰਲਾਲ ਸਿੰਘ, ਕੁਲਵੰਤ ਸਿੰਘ, ਮੁਖਵਿੰਦਰ ਸਿੰਘ, ਪ੍ਰਭਜੋਤ ਸਿੰਘ ਤੇ ਹੋਰ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ।ਵੱਖ-ਵੱਖ ਟੋਲ ਪਲਾਜ਼ਿਆਂ ‘ਤੇ ਗੁਰਭੇਜ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਕੁਲਜੀਤ ਸਿੰਘ ਕਾਲੇ ਘਣੂਪੁਰ, ਕਾਬਲ ਸਿੰਘ ਮਾਹਾਵਾ, ਜੋਗਾ ਸਿੰਘ, ਰੇਸ਼ਮ ਸਿੰਘ, ਪ੍ਰਗਟ ਸਿੰਘ, ਅਮਨਿੰਦਰ ਸਿੰਘ ਮਾਲੋਵਾਲ, ਬਲਦੇਵ ਸਿੰਘ ਭੰਗਵਾਂ, ਬਲਕਾਰ ਸਿੰਘ ਦੇਵੀਦਾਸਪੁਰ, ਹਰਕੀਰਤ ਸਿੰਘ ਜੰਡਿਆਲਾ, ਦਲਜੀਤ ਸਿੰਘ, ਜਗਜੀਤ ਸਿੰਘ ਗੁਨੋਵਾਲ ਤੇ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਰਹੇ।

 

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …