Thursday, March 28, 2024

ਸ਼ਹਿਰੀਕਰਨ ਨੀਤੀ ਅਤੇ ਮਿਆਰੀ ਜੀਵਨ ਲਈ ਯੋਜਨਾਕਾਰਾਂ ਨੂੰ ਸਰਗਰਮ ਰਹਿਣ ਦੀ ਲੋੜ – ਸਥਾਨਕ ਸਰਕਾਰਾਂ ਮੰਤਰੀ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ਼ਹਿਰੀ ਨੀਤੀ ਘਾੜਿਆਂ ਨੂੰ ਸਮਾਜ ਦੇ ਭਲੇ ਅਤੇ ਉਨਤੀ ਲਈ ਪੰਜਾਬ ਰਾਜ ਦੇ ਸ਼ਹਿਰੀ ਅਤੇ ਖੇਤਰੀ ਵਿਕਾਸ ਵਿੱਚ ਹੋਰ ਯੋਗਦਾਨ ਪਾਉਣ ਲਈ ਜ਼ੋਰ ਦਿੱਤਾ।ਉਹ ਇਥੇ ਇਸ ਗੋਲਡਨ ਜੁਬਲੀ ਸਮਾੋਰਹ ਦੀ ਪ੍ਰਧਾਨਗੀ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਜਨਾਕਾਰਾਂ ਨੂੰ ਸ਼ਹਿਰੀਕਰਨ ਨੀਤੀ ਤਿਆਰ ਕਰਨ ਅਤੇ ਸ਼ਹਿਰਾਂ ਵਿੱਚ ਮਿਆਰੀ ਜੀਵਨ ਲਈ ਯੋਜਨਾ ਬਣਾਉਣ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ।ਡਾ. ਨਿੱਜ਼ਰ ਨੇ ਯੋਜਨਾਕਾਰੀ ਸਬੰਧੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਅਤੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ `ਤੇ ਸ਼ਹਿਰੀ ਸਮੱਸਿਆਵਾਂ ਅਤੇ ਯੋਗ ਹੱਲ ਲੱਭਣ ਦੀ ਜਰੂਰਤ ਲਈ ਆਪਣੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ।ਯੂਨੀਵਰਸਿਟੀ ਵਿਚ ਵੱਖ-ਵੱਖ ਥਾਵਾਂ `ਤੇ ਸਮਾਗਮਾਂ ਦੀ ਲੜੀ ਦਾ ਆਯੋਜਨ ਵੀ ਕੀਤਾ ਗਿਆ।
ਗੋਲਡਨ ਜੁਬਲੀ ਜਸ਼ਨਾਂ ਦੀ ਸ਼ੂਰੂਆਤ `ਯੋਜਨਾ ਸਿੱਖਿਆ` `ਤੇ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨਾਲ ਹੋਈ ਜਿਸ ਦੀ ਪ੍ਰਧਾਨਗੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕੀਤੀ।ਇੰਡੀਅਨ ਇੰਸਟੀਚਿਊਟ ਆਫ਼ ਪਲਾਨਰਜ਼ ਦੇ ਸਾਬਕਾ ਪ੍ਰਧਾਨ ਡਾ. ਮੇਸ਼ਰਾਮ ਵਿਸ਼ੇਸ਼ ਮਹਿਮਾਨ ਅਤੇ ਪੰਕਜ ਬਾਵਾ ਚੀਫ਼ ਟਾਊਨ ਪਲਾਨਰ ਅਤੇ ਪੰਜਾਬ ਤੇ ਦੇਸ਼ ਦੇ ਪਹਿਲੇ ਚੀਫ਼ ਟਾਊਨ ਪਲਾਨਰ ਵੀ ਡਾਇਸ `ਤੇ ਮੌਜ਼ੂਦ ਪਤਵੰਤਿਆਂ ਵਿਚੋਂ ਇੱਕ ਸਨ।
ਵਿਭਾਗ ਦੇ ਮੁੱਖੀ ਡਾ. ਕੁਲਦੀਪ ਸਿੰਘ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਪੰਕਜ ਬਾਵਾ, ਡਾ. ਮੇਸ਼ਰਾਮ, ਡਾ. ਪ੍ਰਦੀਪ ਕਪੂਰ ਅਤੇ ਡਾ. ਜੀਤ ਕੁਮਾਰ ਗੁਪਤਾ ਨੇ ਹਾਜ਼ਰ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੀ ਭੂਮਿਕਾ ਦੇ ਨਾਲ-ਨਾਲ ਖੇਤਰੀ ਅਤੇ ਰਾਸ਼ਟਰੀ ਵਿਕਾਸ ਵਿੱਚ ਇਸ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ।
ਡਾ. ਡੀ.ਐਸ ਮੇਸ਼ਰਾਮ ਨੇ ਸਕੂਲ ਦੇ ਸੰਸਥਾਪਕ ਅਧਿਆਪਕ ਵਜੋਂ ਆਪਣੇ ਸਫ਼ਰ ਅਤੇ ਵਿਭਾਗ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਸਕੂਲ ਨੂੰ ਸਿਖਿਆ ਨੀਤੀ 2020 ਦੇ ਅਨੁਸਾਰ ਵੱਖ-ਵੱਖ ਪ੍ਰੋਗਰਾਮਾਂ ਲਈ ਆਪਣੇ ਕੋਰਸ ਪਾਠਕ੍ਰਮ ਦੀ ਮੁੜ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਭਾਰਤ ਵਿੱਚ ਸ਼ਹਿਰੀ ਯੋਜਨਾਬੰਦੀ ਸਮਰੱਥਾ ਵਿੱਚ ਸੁਧਾਰਾਂ ਬਾਰੇ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।ਪੰਕਜ ਬਾਵਾ ਨੇ ਭਵਿੱਖ ਦੀ ਯੋਜਨਾਬੰਦੀ ਦੀਆਂ ਲੋੜਾਂ ਅਨੁਸਾਰ ਕੋਰਸ ਦੇ ਪਾਠਕ੍ਰਮ ਨੂੰ ਸੁਧਾਰਨ ਲਈ ਢੁੱਕਵੇਂ ਸੁਝਾਆਂ ਬਾਰੇ ਦੱਸਿਆ।
ਤਕਨੀਕੀ ਅਕਾਦਮਿਕ ਸੈਸ਼ਨ ਵਿੱਚ ਮੁੱਖ ਬੁਲਾਰਿਆਂ ਤੋਂ ਇਲਾਵਾ ਹਾਜ਼ਰ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ।ਡਾ. ਹਰਜਿੰਦਰ ਸਿੰਘ, ਪ੍ਰਦੀਪ ਕਪੂਰ ਅਤੇ ਪ੍ਰੋ. ਸਰੂਪ ਸਿੰਘ ਨੇ ਸਿੱਖਿਆ ਦੀ ਯੋਜਨਾਬੰਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਦੀਆਂ ਲੋੜਾਂ ਨੂੰ ਨਵੀਨਤਾਕਾਰੀ ਢੰਗ ਤਰੀਕਿਆਂ ਤੋਂ ਸਮਝਣ ਦੀ ਲੋੜ `ਤੇ ਜ਼ੋਰ ਦਿੱਤਾ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …