Wednesday, April 24, 2024

ਸਮੇਂ ਸਿਰ ਨਾ ਨਿਪਟਾਈਆਂ ਸ਼ਿਕਾਇਤਾਂ ਦੀ ਰਿਪੋਰਟ ਸਿੱਧੀ ਮੁੱਖ ਮੰਤਰੀ ਦਫ਼ਤਰ ਜਾਵੇਗੀ – ਡਿਪਟੀ ਕਮਿਸ਼ਨਰ

ਨਵੇਂ ਵਰ੍ਹੇ ਦੀ ਸ਼ੁਰੂਆਤ ਲੋਕ ਸੇਵਾ ਦੇ ਮਿਸ਼ਨ ਨਾਲ ਕਰਨ ਅਧਿਕਾਰੀ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਸੁਸ਼ਾਸ਼ਨ ਹਫਤੇ ਤਹਿਤ ਜਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਸੇਵਾ ਦੇਣੀ ਸਾਡੀ ਨੌਕਰੀ ਦਾ ਮੁੱਢਲਾ ਫਰਜ਼ ਹੈ ਅਤੇ ਇਹ ਕੋਈ ਇਕ ਹਫ਼ਤੇ ਦਾ ਕੰਮ ਨਹੀਂ ਬਲਕਿ ਸਾਡੇ ਸੇਵਾਕਾਲ ਤੱਕ ਨਿਭਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅੱਜ ਸਾਡੀ ਲੋੜ ਹਰੇਕ ਨਾਗਰਿਕ ਦਾ ਕੰਮ ਸਮੇਂ ਸਿਰ ਕਰਨਾ ਹੈ ਅਤੇ ਇਸ ਲਈ ਸਾਨੂੰ ਆਪਣੇ ਵਿਵਹਾਰ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ।ਦਫ਼ਤਰ ਆਉਣ ਵਾਲੇ ਹਰੇਕ ਲੋੜਵੰਦ ਦੀ ਗੱਲ ਨਿਮਰਤਾ ਨਾਲ ਸੁਣਨੀ ਅਤੇ ਉਸ ਵਲੋਂ ਮੰਗੀ ਗਈ ਸੇਵਾ ਨੂੰ ਸਮੇਂ ਸਿਰ ਪੂਰਾ ਕਰਨਾ ਸਾਰੇ ਸਟਾਫ ਦੀ ਜਿੰਮੇਵਾਰੀ ਹੈ।ਉਨਾਂ ਕਿਹਾ ਕਿ ਆਓ ਸਾਰੇ 2023 ਵਰ੍ਹੇ ਦੀ ਸ਼ੁਰੂਆਤ ਲੋਕ ਸੇਵਾ ਦੇ ਮਿਸ਼ਨ ਨਾਲ ਕਰੀਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਲਗਭੱਗ ਹਰੇਕ ਤਰ੍ਹਾਂ ਦੀ ਸੇਵਾ ਆਨਲਾਈਨ ਹੋ ਚੁੱਕੀ ਹੈ ਅਤੇ ਹਰੇਕ ਸੇਵਾ ਲਈ ਸਮਾਂ ਸੀਮਾ ਨਿਰਧਾਰਤ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਜੋ ਵੀ ਸੇਵਾ ਸਮੇਂ ਸਿਰ ਨਾ ਦਿੱਤੀ ਜਾਵੇ ਉਸਦੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਭੇਜੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਕੋਈ ਨਾਗਰਿਕ ਇਸ ਸੇਵਾ ਦੇ ਸਮੇਂ ਸਿਰ ਨਾ ਮਿਲਣ ਦੀ ਸ਼ਿਕਾਇਤ ਦਰਜ਼ ਕਰਵਾਉਂਦਾ ਹੈ ਤਾਂ ਉਕਤ ਕਰਮਚਾਰੀ/ਅਧਿਕਾਰੀ ਨੂੰ ਜ਼ੁਰਮਾਨਾ ਵੀ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਲਈ ਆਪਣੇ ਸਟਾਫ਼ ਨਾਲ ਬਰਾਬਤ ਤਾਲਮੇਲ ਰੱਖੋ ਅਤੇ ਉਨਾਂ ਦੇ ਕੰਮ ਦੀ ਨਿਰੰਤਰ ਜਾਂਚ ਕਰਦੇ ਰਹੋ। ਉਨਾਂ ਕਿਹਾ ਕਿ ਇਸ ਲਈ ਸਰਕਾਰ ਵਲੋਂ ਬਣਾਏ ਗਏ ਪੀ.ਜੀ.ਐਸ.ਆਰ ਪੋਰਟਲ ਦੀ ਸਿਖਲਾਈ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।
ਕਈ ਦਫ਼ਤਰਾਂ ਵਿੱਚ ਅਜੇ ਤੱਕ ਚੱਲਦੇ ਏਜੰਟ ਸੱਭਿਆਚਾਰ ਨੂੰ ਸਖ਼ਤੀ ਨਾਲ ਲੈਂਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਆਪਣੀ ਲੋੜ ਜਿਸ ਵਿੱਚ ਮੁੱਖ ਤੌਰ ਤੇ ਫਾਰਮ ਭਰਨਾ, ਫੀਸ ਜਮ੍ਹਾਂ ਕਰਵਾਉਣੀ ਆਦਿ ਸ਼ਾਮਲ ਹੈ ਲਈ ਏਜੰਟ ਲੱਭਦੇ ਹਨ, ਜੋ ਕਿ ਉਨਾਂ ਕੋਲੋਂ ਵੱਧ ਪੈਸੇ ਲੈ ਕੇ ਸ਼ੋਸ਼ਨ ਕਰਦੇ ਹਨ।ਉਨਾਂ ਕਿਹਾ ਕਿ ਇਸ ਲਈ ਸੇਵਾ ਕੇਂਦਰਾਂ ’ਤੇ ਫਾਰਮ ਭਰਨ ਲਈ ਵੀ ਕਰਮਚਾਰੀ ਤਾਇਨਾਤ ਕੀਤੇ ਜਾਣ, ਜੋ ਕਿ ਸਰਕਾਰ ਵਲੋਂ ਨਿਰਧਾਰਤ ਫੀਸ ਲੈ ਕੇ ਇਹ ਸੇਵਾ ਦੇਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ.ਡੀ.ਐਮ ਹਰਪ੍ਰੀਤ ਸਿੰਘ, ਸੀ.ਏ ਪੁੱਡਾ ਰਜ਼ਤ ਓਬਰਾਏ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਸ੍ਰੀਮਤੀ ਹਰਨੂਰ ਕੌਰ, ਐਸ.ਡੀ.ਐਮ ਮੰਨਕਵਲ ਸਿੰਘ ਚਾਹਲ, ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …