Thursday, March 28, 2024

ਲੋਕ ਸੰਘਰਸ਼ਾਂ ਲਈ ਬਣੇਗਾ ਰਾਹ ਦਿਸੇਰਾ, ਪੰਜਾਬ ‘ਚ ਚੱਲ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ – ਪੰਨੂ, ਪੰਧੇਰ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਅੰਦੋਲਨ ਦੀ ਤਰਜ਼ ‘ਤੇ ਪੰਜਾਬ ਦੇ 10 ਜਿਲ੍ਹਿਆਂ ਵਿੱਚ ਡੀ.ਸੀ ਦਫਤਰਾਂ ਅਤੇ ਟੋਲ ਪਲਾਜ਼ਿਆਂ ਤੇ ਲਗਾਤਾਰ ਜਾਰੀ ਅੰਦੋਲਨ ਅੱਜ 35ਵੇਂ ਦਿਨ ਵਿਚ ਸ਼ਾਮਿਲ ਹੋਇਆ।ਡੀ.ਸੀ ਦਫਤਰ ਅੰਮ੍ਰਿਤਸਰ ਤੋਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਭਰਾਤਰੀ ਜਥੇਬੰਦੀਆਂ ਵਿਚੋਂ ਬੀ.ਕੇ.ਯੂ ਏਕਤਾ ਉਗਰਾਹਾਂ ਇਸ ਚੱਲ ਰਹੇ ਅੰਦੋਲਨ ਦੇ ਸਮੱਰਥਨ ਵਿੱਚ ਉਤਰ ਕੇ ਪੰਜਾਬ ਅਤੇ ਦੇਸ਼ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਸਭ ਜਥੇਬੰਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਕਾਰਪੋਰੇਟ ਖਿਲਾਫ ਇਸ ਲਹਿਰ ਨੂੰ ਹੋਰ ਤਗੜੇ ਕਰਨ ਤਾਂ ਜੋ ਲੋਕ ਹਿੱਤਾਂ ਦੀ ਲੜਾਈ ਹੋਰ ਮਜ਼ਬੂਤੀ ਨਾਲ ਲੜੀ ਜਾ ਸਕੇ।ਉਹਨਾਂ ਕਿਹਾ ਕਿ ਅੰਦੋਲਨ ਲਗਾਤਾਰ ਚੜ੍ਹਦੀ ਕਲਾ ਵਿੱਚ ਜਾਰੀ ਹੈ ਅਤੇ ਠੰਡ ਦੇ ਬਾਵਜ਼ੂਦ ਲੋਕਾਂ ਦਾ ਰੁਝਾਨ ਵਧ ਰਿਹਾ ਹੈ ਅਤੇ ਲੋਕ ਪਿੰਡ ਪੱਧਰ ‘ਤੇ ਲੰਗਰ ਅਤੇ ਬਾਲਣ ਲਈ ਲੱਕੜਾਂ ਆਦਿ ਦਾ ਪ੍ਰਬੰਧ ਕਰ ਰਹੇ ਹਨ।ਉਹ ਦਿਨ ਰਾਤ ਟਰਾਲੀਆਂ ਵਿਚ ਰੈਣ ਬਸੇਰੇ ਬਣਾ ਕੇ ਡਟੇ ਹੋਏ ਹਨ।
ਡੀ.ਸੀ ਦਫਤਰ ਮੋਰਚੇ ‘ਤੇ ਮੌਜ਼ੂਦ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਅਤੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ ਨੇ ਕਿਹਾ ਕਿ ਭਾਰਤ ਮਾਲਾ ਸੜਕ ਪ੍ਰੋਜੈਕਟ ਅਧੀਨ ਐਕੁਆਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਦੇ ਪੈਸੇ ਦੀ ਅਦਾਇਗੀ ਕੀਤੇ ਬਿਨਾ, ਪ੍ਰਸ਼ਾਸ਼ਨ ਵਲੋਂ ਕਬਜ਼ੇ ਲੈਣ ਦੀ ਕੋਸ਼ਿਸ਼ ਦੀ ਨਿਖੇਧੀ ਕਰਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਲਗਾਤਾਰ ਆਪਣੀਆਂ ਕਹੀਆਂ ਗੱਲਾਂ ਦੇ ਖਿਲਾਫ ਜਾ ਰਹੀ ਹੈ।ਪਰ ਜਥੇਬੰਦੀ ਜ਼ਮੀਨ ਮਲਿਕ ਕਿਸਾਨਾਂ ਨਾਲ ਖੜੀ ਹੈ ਅਤੇ ਜਿੰਨੀ ਦੇਰ ਐਕੁਆਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਪੂਰੇ ਰੇਟ ਨਾਲ ਪੈਸੇ ਨਹੀਂ ਮਿਲਦੇ ਉਨੀਂ ਦੇਰ ਜ਼ਮੀਨਾਂ ਐਕੁਆਇਰ ਨਹੀਂ ਹੋਣ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਆਰਥਿਕ ਮੰਦਹਾਲੀ ਕਾਰਨ ਮਜ਼ਦੂਰ ਤੇ ਕਿਸਾਨ ਇੱਕ ਦੂਜੇ ਨਾਲੋਂ ਵਧ ਕੇ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਿਹਾ ਹੈ, ਔਰਤਾਂ ਦੀ ਸੁਰੱਖਿਆ ਦਾ ਬੁਰਾ ਹਾਲ ਹੈ, ਪਾਣੀ ਦੇ ਪੱਧਰ ਲਗਾਤਾਰ ਥੱਲੇ ਜਾ ਰਹੇ ਹਨ ਅਤੇ ਕਾਰਪੋਰੇਟ ਪੈਸੇ ਦੀ ਖਾਤਿਰ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਪ੍ਰਦ੍ਰਸ਼ਿਤ ਕਰ ਰਿਹਾ ਹੈ।ਨੌਜਵਾਨ ਵਰਗ ਬਾਹਰ ਦੇ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਜਾ ਰਿਹਾ ਹੈ।ਉਨਾਂ ਦੱਸਿਆ ਕਿ 15 ਦਸੰਬਰ ਤੋਂ ਸ਼ੁਰੂ ਹੋਏ ਇੱਕ ਮਹੀਨੇ ਦੇ “ਟੋਲ ਮੁਕਤ ਆਵਾਜਾਈ” ਲਈ ਜਿਲ੍ਹੇ ਵਿਚ ਤਿੰਨ ਟੋਲ ਪਲਾਜ਼ਿਆਂ ‘ਤੇ ਮੋਰਚੇ 16ਵੇਂ ਦਿਨ ਜਾਰੀ ਰਹੇ।
ਅੱਜ ਮੋਰਚਿਆਂ ‘ਤੇ ਲਖਵਿੰਦਰ ਸਿੰਘ, ਬਾਜ਼ ਸਿੰਘ, ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ, ਨਿਰਮਲ ਸਿੰਘ ਚੂੰਗ, ਬਲਵਿੰਦਰ ਸਿੰਘ ਸੈਦੁਕੇ, ਸੁਖਦੇਵ ਸਿੰਘ ਧੀਰੇਕੋਟ, ਰਣਜੀਤ ਸਿੰਘ ਚਾਟੀਵਿੰਡ, ਸ਼ੇਰ ਸਿੰਘ ਭੀਲੋਵਾਲ, ਬੀਬੀ ਮੇਹਰੂ ਨਿਸ਼ਾ, ਕੁਲਵਿੰਦਰ ਕੌਰ, ਚਰਨਜੀਤ ਸਿੰਘ ਸਫੀਪੁਰ, ਪ੍ਰਗਟ ਸਿੰਘ ਗੁੰਨੋਵਾਲ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੇ ਹਾਜ਼ਰੀ ਭਰੀ।।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …