Friday, April 19, 2024

ਮੈਂਬਰ ਰਾਜ ਸਭਾ ਸੰਤ ਸੀਚੇਵਾਲ ਅਤੇ ਵਿਧਾਇਕਾ ਭਰਾਜ ਵਲੋਂ ਥਾਪਰ ਮਾਡਲ ਆਧਾਰਿਤ ਛੱਪੜਾਂ ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਵਿਧਾਇਕਾ ਸੰਗਰੂਰ ਨਰਿੰਦਰ ਕੌਰ ਭਰਾਜ ਦੇ ਨਾਲ ਪਿੰਡ ਭੱਟੀਵਾਲ ਕਲਾਂ ਅਤੇ ਬਾਸੀਅਰਖ ਦਾ ਦੌਰਾ ਕਰਦਿਆਂ
ਗੰਦਗੀ ਦਾ ਸਰੋਤ ਬਣ ਰਹੇ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਵਿਕਸਤ ਕਰਨ ਲਈ ਹੋਏ ਉਪਰਾਲਿਆਂ ਦਾ ਜਾਇਜ਼ਾ ਲਿਆ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਪਿੰਡਾਂ ’ਚ ਛੱਪੜਾਂ ਦੇ ਪਾਣੀ ਨੂੰ ਸੀਚੇਵਾਲ ਸਕੀਮ ਜਾਂ ਥਾਪਰ ਮਾਡਲ ਦੇ ਆਧਾਰ ‘ਤੇ ਸਾਫ਼ ਪਾਣੀ ਵਿੱਚ ਤਬਦੀਲ ਕਰਕੇ ਸਿੰਚਾਈ ਯੋਗ ਬਣਾਇਆ ਜਾਂਦਾ ਹੈ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਬਹੁ ਗਿਣਤੀ ਪਿੰਡਾਂ ਵਿੱਚ ਇਸ ਮਾਡਲ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਦਿਸ਼ਾ ਵਿੱਚ ਕਦਮ ਪੁੱਟੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਥਾਪਿਤ ਸਫ਼ਲ ਸੀਚੇਵਾਲ ਮਾਡਲ ਦਾ ਜਾਇਜ਼ਾ ਲਿਆ ਗਿਆ ਸੀ, ਪਰ ਭਵਾਨੀਗੜ੍ਹ ਦੇ ਇਨ੍ਹਾਂ ਪਿੰਡਾਂ ਵਿੱਚ ਇਸ ਮਾਡਲ ਨੂੰ ਸਫਲਤਾ ਨਾਲ ਲਾਗੂ ਕਰਨ ਵਿੱਚ ਪੇਸ਼ ਆ ਰਹੀਆਂ ਦਿੱਕਤਾਂ ਦਾ ਜਾਇਜ਼ਾ ਲੈਣ ਲਈ ਹੀ ਅੱਜ ਸੰਤ ਸੀਚੇਵਾਲ ਨੂੰ ਉਹ ਇਥੇ ਲੈ ਕੇ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕਣ ਲਈ ਅਤੇ ਝੋਨੇ ਦੇ ਬਦਲ ਵਜੋਂ ਹੋਰਨਾਂ ਫਸਲਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਨਾਗਰਿਕ ਦੇ ਪੱਧਰ ‘ਤੇ ਜਾਗਰੂਕਤਾ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੀਣ ਲਈ ਸਾਫ਼ ਪਾਣੀ, ਸਾਫ਼ ਸੁਥਰਾ ਭੋਜਨ ਅਤੇ ਸਵੱਛ ਵਾਤਾਵਰਨ ਹਰੇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਜਿਸ ਵਿਚ ਸਭ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ।
ਇਸ ਮੌਕੇ ਐਸ.ਡੀ.ਐਮ ਅਮਿਤ ਗੁਪਤਾ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਪ੍ਰਿੰਸ ਭੱਟੀਵਾਲ, ਪੁਸ਼ਵਿੰਦਰ ਭੱਟੀਵਾਲ, ਗਗਨ ਭੱਟੀਵਾਲ, ਦਰਸ਼ਨ ਬਾਸੀਅਰਖ, ਰਮਨ ਬਾਸੀਅਰਖ, ਸਨਦੀਪ ਬਾਸੀਅਰਖ ਵੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …