Thursday, April 18, 2024

ਮੁੱਖ ਮੰਤਰੀ ਨੇ ਆਪਣੇ ਜ਼ੱਦੀ ਪਿੰਡ ਸਤੌਜ ਵਿਖੇ ਪਰਿਵਾਰਕ ਮੈਂਬਰਾਂ ਤੇ ਸਾਕ-ਸਨੇਹੀਆਂ ਨਾਲ ਮਨਾਈ ਲੋਹੜੀ

ਪਿੰਡ ਵਾਸੀਆਂ ਨਾਲ ਤਿਉਹਾਰ ਮਨਾਉਂਦਿਆਂ ਤਾਜ਼ਾ ਕੀਤੀਆਂ ਬਚਪਨ ਦੀਆਂ ਯਾਦਾਂ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਜ਼ੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।
ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਮੁੱਖ ਮੰਤਰੀ ਮਾਨ ਨੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ ਵਾਸੀਆਂ ਨਾਲ ਰਲ-ਮਿਲ ਕੇ ਤਿਉਹਾਰ ਮਨਾਇਆ।ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਜ਼ੱਦੀ ਪਿੰਡ ਆ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਸਾਕ-ਸਨੇਹੀਆਂ ਨਾਲ ਸਾਂਝੀਆਂ ਕਰਨ ਦਾ ਫੈਸਲਾ ਕੀਤਾ।ਭਗਵੰਤ ਮਾਨ ਨੇ ਚੇਤੇ ਕਰਦਿਆਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਸਬੰਧੀ ਪਿੰਡ ਨਾਲ ਉਨ੍ਹਾਂ ਦੀਆਂ ਬਚਪਨ ਤੋਂ ਹੀ ਖੂਬਸੂਰਤ ਯਾਦਾਂ ਜੁੜੀਆਂ ਹੋਈਆਂ ਹਨ।
ਉਨਾਂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸੂਬਾ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਨੇ ਸਤੌਜ ਵਾਸੀਆਂ ਨਾਲ ਭਾਵੁਕ ਹੁੰਦਿਆਂ ਕਿਹਾ ਕਿ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸਨ, ਜਿਸ ਕਾਰਨ ਉਹ ਉਨ੍ਹਾਂ ਨਾਲ ਹਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਪਸੰਦ ਕਰਦੇ ਹਨ।ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਮੌਕਿਆਂ `ਤੇ ਪਿੰਡ ਵਾਸੀਆਂ ਨਾਲ ਜੁੜ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਤਸੱਲੀ ਮਿਲਦੀ ਹੈ, ਜਿਸ ਕਾਰਨ ਉਹ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਸੂਬੇ ਦੇ ਹਰੇਕ ਵਾਸੀ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ।ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਸਾਰਿਆਂ ਲਈ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਹ ਸਮਾਜ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼਼ਬੂਤ ਕਰਦਾ ਹੈ।ਸੂਬੇ ਵਿੱਚ ਅਮਨ-ਸ਼ਾਂਤੀ, ਸਦਭਾਵਨਾ, ਤਰੱਕੀ ਅਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਦਹਿਲੀਜ਼ `ਤੇ ਹੈ, ਜਿਸ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ ਪੁਖਤਾ ਯੋਜਨਾਬੰਦੀ ਕਰ ਲਈ ਹੈ।

 

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …