Thursday, March 28, 2024

ਸ਼ਹੀਦ ਮਾਤਾ ਗੁਰਦੇਵ ਕੌਰ ਦਾ 6ਵਾਂ ਸ਼ਰਧਾਂਜਲੀ ਸਮਾਗਮ ਸਮਾਪਤ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਛੇਵੀਂ ਬਰਸੀ ਮਨਾਈ ਗਈ।ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।ਸ੍ਰੀ ਗੁਰੂ ਰਵਿਦਾਸ ਧਰਮਸ਼਼ਾਲਾ ਦੇ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਖਾਈ ਨੇ ਦੱਸਿਆ ਕਿ ਜ਼ਮੀਨ ਦੀ ਕਾਣੀ ਵੰਡ ਦੇ ਖਿਲਾਫ਼ ਸ਼ੂਰੂ ਹੋਏ ਘੋਲ ਦੇ ਮੁਢਲੇ ਪੜਾਅ ਪੰਚਾਇਤੀ ਜ਼ਮੀਨ ਦੇ ਤੀਜ਼ੇ ਹਿੱਸੇ ਦੇ ਸੰਘਰਸ਼ ਵਿੱਚ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਕਈ ਸਰਕਾਰਾਂ ਤੇ ਮੁੱਖ ਮੰਤਰੀ ਬਦਲਣ ਨਾਲ ਇਹਨਾਂ ਦੀ ਲੋਕ ਮਾਰੂ ਨੀਤੀ ‘ਚ ਕੋਈ ਫਰਕ ਨਹੀਂ ਪਿਆ।ਅੱਜ ਵੀ ਜਾਤੀ ਵਿਤਕਰਾ ਤੇ ਜ਼ਮੀਨ ਦੀ ਕਾਣੀ ਵੰਡ ਨੂੰ ਬਣਾਈ ਰੱਖਣ ਵਾਲੀ ਨੀਤੀ ਜਿਉਂ ਦੀ ਤਿਓਂ ਹੈ।ਇਨਕਲਾਬ ਦੀਆਂ ਟਾਹਰਾਂ ਮਾਰਨ ਵਾਲੇ ਮੁੱਖ ਮੰਤਰੀ ਕੋਲ ਮਜ਼ਦੂਰਾਂ ਨੂੰ ਮਿਲਣ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਸਮਾਂ ਨਹੀਂ।ਮਜ਼ਦੂਰਾਂ ਤੋਂ ਬਿਨਾਂ ਕਿਸਾਨਾਂ, ਵਿਦਿਆਰਥੀਆਂ ਮੁਲਾਜਮਾਂ ਅਤੇ ਹੋਰ ਤਬਕਿਆਂ ਦੀ ਹਾਲਤ ਦਿਨੋਂ-ਦਿਨ ਨਿਘਰ ਰਹੀ ਹੈ।ਇਸ ਲੋਕ-ਮਾਰੂ ਪ੍ਰਬੰਧ ਦੀਆਂ ਨੀਤੀਆਂ ਅਤੇ ਜ਼ਮੀਨ ਦੀ ਇਸ ਕਾਣੀ-ਵੰਡ ਦੇ ਖਿਲਾਫ ਚੱਲ ਰਹੇ ਸੰਘਰਸ਼ ਨੂੰ ਨੇਪਰੇ ਚਾੜ੍ਹਨਾ ਹੀ ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਹੋਵੇਗੀ।ਚੇਤਨਾ ਪ੍ਰੀਖਿਆ ਵਿੱਚ ਜੇਤੂ ਵਿਦਿਆਰਥੀਆਂ ਨੂੰ ਡੀ.ਟੀ.ਐਫ ਵਲੋਂ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।ਲੋਕ ਹਿੱਤ ਰੰਗ ਮੰਚ ਖੱਟੜਾ ਚੁਹਾਰਮ ਲੁਧਿਆਣਾ ਵਲੋਂ ਨਾਟਕ ਤੇ ਕੋਰੀਓਗ੍ਰਾਫੀਆਂ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਸਿੰਘ ਨਮੋਲ ਤੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਮੇਘ ਰਾਜ ਚੋਟੀਆਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਸਿੰਘ ਤੋਂ ਇਲਾਵਾ ਪਰਮਜੀਤ ਕੌਰ ਲੌਂਗੋਵਾਲ, ਗੁਰਦਾਸ ਜਲੂਰ, ਗੁਰਵਿੰਦਰ ਸਾਦਿਹਾਰੀ, ਮੱਖਣ ਜਲੂੂ, ਆਦਿ ਮੌਜ਼ੂਦ ਸਨ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …