Thursday, March 28, 2024

ਭਾਜਪਾ ਦੇ ਸਮੂਹ ਅਹੁੱਦੇਦਾਰ ਤੇ ਵਰਕਰ ਸਥਾਨਕ ਤੇ ਲੋਕ ਸਭਾ ਚੋਣਾਂ ਲਈ ਮੈਦਾਨ `ਚ ਜੁੱਟ ਜਾਣ – ਵਿਜੇ ਰੁਪਾਨੀ

ਗੁਰੂ ਨਗਰੀ ‘ਚ ਚੱਲ ਰਹੀ ਭਾਜਪਾ ਦੀ ਦੋ ਰੋਜ਼ਾ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੰਪਨ

ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ) – ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਕਰਵਾਈ ਗਈ ਭਾਜਪਾ ਪੰਜਾਬ ਦੀ ਦੋ ਰੋਜ਼ਾ ਸੂਬਾ ਕਾਰਜ਼ਕਾਰਨੀ ਅੱਜ ਸੰਪਨ ਹੋ ਗਈ।ਸਮਾਗਮ ਦਾ ਉਦਘਾਟਨ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੁਪਾਨੀ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਅਤੇ ਸੰਗਠਨ ਦੇ ਜਨਰਲ ਸਕੱਤਰ ਸ੍ਰੀਮੰਥਰੀ ਸ੍ਰੀਨਿਵਾਸੁਲੂ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਮੰਚ `ਤੇ ਸੁਨੀਲ ਜਾਖੜ, ਮਨੋਰੰਜਨ ਕਾਲੀਆ, ਤੀਕਸ਼ਨ ਸੂਦ, ਕੇਵਲ ਸਿੰਘ ਢਿੱਲੋਂ, ਬ੍ਰਿਜ਼ ਲਾਲ ਰਿਣਵਾ, ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।ਮੰਚ ਦੀ ਕਾਰਵਾਈ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਚਲਾਈ।ਪੰਜਾਬ ਦੀਆਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਮੀਟਿੰਗ ਦੀ ਸ਼ੁਰੂਆਤ ‘ਚ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਏ ਹੋਏ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ‘ਜੀ ਆਇਆਂ’ ਕਿਹਾ।ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਕਾਰਜ਼ਕਾਲ ਨੂੰ 2024 ਤੱਕ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਵਿਸ਼ਵ ਦੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੇ ਦਹਾਕਿਆਂ ਤੱਕ ਇੰਤਜ਼ਾਰ ਕੀਤਾ ਅਤੇ ਇਹ ਇੱਛਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਕੀਤੀ।
ਅਸ਼ਵਨੀ ਸ਼ਰਮਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਸੋਸ਼ਣ ਕਰਨ ਅਤੇ ਲੋਕਤੰਤਰ ਨੂੰ ਕੁਚਲਣ ਦਾ ਕੰਮ ਕਰ ਰਹੀ ਹੈ।ਭਗਵੰਤ ਮਾਨ ਸਰਕਾਰ ਨੇ ਅੱਜ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਭਗਵੰਤ ਮਾਨ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ, ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਧਰਨਾ ਪ੍ਰਦਰਸ਼ਨ ਕਾਰੀ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਮੀਟਿੰਗ ਦੇ ਤੀਸਰੇ ਸੈਸ਼ਨ ਵਿੱਚ ਪੁੱਜਣ ‘ਤੇ ਭਾਜਪਾ ਅਹੁਦੇਦਾਰਾਂ ਵਲੋਂ ਸਵਾਗਤ ਕੀਤਾ ਗਿਆ।ਤਰੁਣ ਚੁੱਘ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਬਾਰੇ ਅਹੁੱਦੇਦਾਰਾਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ।
ਡਾ. ਨਰਿੰਦਰ ਰੈਨਾ ਨੇ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਵਾਸੀਆਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਇਸ ਨਾਲ ਜਿਥੇ ਭਾਰਤ ਦੀ ਅਰਥ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਉਥੇ ਭਾਰਤ ਵਿੱਚ ਰੁਜਗਾਰ ਦੇ ਮੌਕੇ ਵਧਣਗੇ।ਕਾਰਜ਼ਕਾਰਨੀ ਦੇ ਅੰਤ ‘ਚ ਵਿਜੇ ਰੁਪਾਨੀ ਨੇ ਆਪਣੇ ਸੰਬੋਧਨ ‘ਚ ਸਾਰੇ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਸਥਾਨਕ ਅਤੇ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ‘ਚ ਕੁੱਦ ਜਾਣ ਲਈ ਆਖਿਆ।
ਇਸ ਮੌਕੇ ਅਮਨਜੋਤ ਕੌਰ ਰਾਮੂਵਾਲੀਆ, ਰਾਣਾ ਗੁਰਮੀਤ ਸਿੰਘ ਸੋਢੀ, ਰਾਜੇਸ਼ ਬਾਗਾ, ਬਿਕਰਮਜੀਤ ਸਿੰਘ ਚੀਮਾ, ਮੋਨਾ ਜੈਸਵਾਲ, ਗੁਰਪ੍ਰੀਤ ਸਿੰਘ ਕਾਂਗੜ ਆਦਿ ਵੀ ਹਾਜ਼ਰ ਸਨ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …