Wednesday, April 24, 2024

ਸਰਕਾਰ ਸਿੰਥੈਟਿਕ ਨਸ਼ਾ ਬੰਦ ਕਰਕੇ ਅਫੀਮ ਦੀ ਖੇਤੀ ਸ਼ੁਰੂ ਕਰਵਾਵੇ – ਮਨਜੀਤ ਸਿੰਘ ਰਾਏ

ਸਮਰਾਲਾ, 23 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਨੇ ਜੇਕਰ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਉਹ ਸਿੰਥੈਟਿਕ ਨਸ਼ੇ ‘ਤੇ ਪੂਰਨ ਪਾਬੰਦੀ ਲਗਾ ਕੇ ਦੇਸੀ ਦਵਾਈਆਂ ਵਿੱਚ ਵਰਤੀ ਜਾਣ ਵਾਲੀ ਅਫੀਮ ਜਾਂ ਭੁੱਕੀ ਦੀ ਰਵਾਇਤੀ ਖੇਤੀ ਸ਼ੁਰੂ ਕਰਵਾਵੇ।ਅਫੀਮ ਅਤੇ ਭੂੱਕੀ ਦੇ ਨਸ਼ੇ ਨਾਲ ਸਰੀਰਕ ਨੁਕਸਾਨ ਨਹੀਂ ਹੁੰਦਾ, ਜਦੋਂ ਕਿ ਮੈਡੀਕਲ ਨਸ਼ਿਆਂ ਨਾਲ ਨੌਜਵਾਨ ਨਿਪੰੁਸਕ ਵੀ ਹੋ ਰਹੇ ਹਨ ਅਤੇ ਆਉਂਦੇ ਕੁੱਝ ਸਾਲਾਂ ਅੰਦਰ ਪੰਜਾਬ ਬਿਲਕੁੱਲ ਬਰਬਾਦ ਹੋ ਜਾਵੇਗਾ।ਭਾਰਤੀ ਕਿਸਾਨ ਯੂਨੀਆਨ (ਦੋਆਬਾ) ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਇਹ ਪ੍ਰਗਟਾਵਾ ਪਿੰਡ ਖੀਰਨੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੇ ਗ੍ਰਹਿ ਵਿਖੇ ਦੇ ਪੋਤਰੇ ਦਿਲਰਾਜ ਸਿੰਘ ਸਿੱਧੂ ਦੀ ਲੋਹੜੀ ਦੀ ਖੁਸ਼ੀ ਵਿੱਚ ਰੱਖੇ ਗਏ ਪ੍ਰੋਗਰਾਮ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਇੱਕਜੁਟਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕਜੁਟਤਾ ਕਾਰਨ ਦਿੱਲੀ ਮੋਰਚਾ ਫਤਹਿ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਜੀਰਾ ਫੈਕਟਰੀ ਬੰਦ ਕਰਨ ਲਈ ਝੁੱਕਣਾ ਪਿਆ ਹੈ।ਜੀਰਾ ਫੈਕਟਰੀ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਕੈਂਸਰ ਵਰਗੀ ਨੁਮਰਾਦ ਬਿਮਾਰੀ ਫੈਲਣ ਤੋਂ ਇਲਾਵਾ ਵਾਤਾਵਰਨ, ਹਵਾ ਤੇ ਪਾਣੀ ਦੂਸ਼ਿਤ ਹੋ ਚੁੱਕੇ ਹਨ।ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਘੱਟਗਿਣਤੀ ਸਿੱਖਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ, ਪ੍ਰੰਤੂ ਇਹ ਮਨਸ਼ਾ ਕਦੇ ਵੀ ਪੂਰੀ ਨਹੀਂ ਹੋਵੇਗੀ।ਪਿਛਲੇ 30-35 ਸਾਲਾਂ ਤੋਂ ਪੰਜਾਬ ਦੇ ਸਿੱਖ ਨੌਜਵਾਨ ਜੋ ਜੇਲ੍ਹਾਂ ਅੰਦਰ ਬੰਦ ਹਨ ਅਤੇ ਅਦਾਲਤੀ ਹੁਕਮਾਂ ਅਨੁਸਾਰ ਆਪਣੀਆਂ ਸਜਾਵਾਂ ਪੂਰੀਆਂ ਵੀ ਕਰ ਚੁੱਕੇ ਹਨ, ਜਿਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ, ਇਸ ਸਬੰਧੀ ਜੋ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਗਿਆ ਹੈ, ਉਸ ਵਿੱਚ ਵੀ ਇੱਕ ਦਿਨ ਏਕੇ ਦੀ ਜਿੱਤ ਹੋਵੇਗੀ।ਪਿੱਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ‘ਤੇ ਹੋਏ ਹਮਲੇ ਦੀ ਉਨਾਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਆਪਸੀ ਪਿਆਰ ਤੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਇਕਜੁੱਟ ਹੋ ਕੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਗਾ ਸਿੰਘ, ਮੱਖਣ ਸਿੰਘ, ਮਨਵੀਰ ਸਿੰਘ, ਹਰਭਜਨ ਸਿੰਘ ਬਾਜਵਾ, ਚਰਨ ਸਿੰਘ ਟੋਡਰਪੁਰ, ਬਿੱਕਰ ਸਿੰਘ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ, ਅਮਰੀਕ ਸਿੰਘ ਮੁਸ਼ਕਾਬਾਦ, ਲਖਵੀਰ ਸਿੰਘ ਖੀਰਨੀਆਂ, ਦੀਵਾਨ ਸਿੰਘ ਮਾਨਸਾ, ਨਿਰਮਲ ਸਿੰਘ ਪੰਚ ਮੰਜਾਲੀ ਖੁਰਦ, ਰਣਧੀਰ ਸਿੰਘ ਮੰਜਾਲੀ, ਗੁਰਮੇਲ ਸਿੰਘ ਸਾਬਕਾ ਸਰਪੰਚ ਮੰਜਾਲੀ ਖੁਰਦ, ਭਾਗ ਸਿੰਘ ਅਮਨਕੇ, ਅਰਸ਼ਪ੍ਰੀਤ ਸਿੰਘ ਟੋਡਰਪੁਰ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਗੁਰਪ੍ਰੀਤ ਸਿੰਘ ਰਾਜੇਵਾਲ, ਜੀਤ ਸਿੰਘ ਟੋਡਰਪੁਰ ਆਦਿ ਤੋਂ ਇਲਾਵਾ ਹੋਰ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …