Saturday, June 3, 2023

ਧੁਖਦਾ ਸਿਵਾ (ਕਹਾਣੀ)

ਡਿਸਕ ਦੀ ਸਮੱਸਿਆ ਅਤੇ ਬਿਮਾਰ ਹੁੰਦੇ ਹੋਏ ਵੀ ਦਰਸ਼ਨਾ ਇਸ ਵਾਰੀ ਡਾਢੀ ਗਰਮੀ ਹੋਣ ਦੇ ਬਵਜ਼ੂਦ ਵੀ ਝੋਨਾ ਲਾਓੁਣ ਲੱਗ ਪਈ।ਵੈਸੇ ਤਾਂ ਓੁਹ ਪਿੰਡ ਵਿੱਚ ਕਈ ਘਰਾਂ ਦੇ ਸਾਫ-ਸਫਾਈ ਦਾ ਕੰਮ ਵੀ ਕਰਦੀ ਸੀ।ਸੁਣਿਆ ਕਿ ਇਸ ਵਾਰੀ ਝੋਨੇ ਦੀ ਲਵਾਈ ਪਿੱਛਲੇ ਸਾਲ ਨਾਲ਼ੋਂ 800 ਰੁਪਏ ਵੱਧ ਗਈ ਸੀ।ਪਰ ਗਰੀਬ ਮਜ਼ਦੂਰਾਂ ਨੂੰ ਰੇਟ ਵੱਧ-ਘੱਟ ਨਾਲ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ ਹੁੰਦਾ, ਕਿਉਂਕਿ ਘਰ ਦੇ ਹਾਲਾਤ ਬੰਦੇ ਨੂੰ ਅਜਿਹਾ ਸੋਚਣ ਕਿੱਥੇ ਦਿੰਦੇ ਨੇ? ਜਿਸ ਨੂੰ ਅੱਜ ਖਾਧੀ ਤੇ ਕੱਲ੍ਹ ਦਾ ਫਿਕਰ ਹੋਵੇ! ਏਸੇ ਸੋਚ `ਚ ਡੁੱਬੀ ਦਰਸ਼ਨਾ ਨੂੰ ਆਪਣੇ ਬੱਚਿਆਂ ਦੇ ਭਵਿੱਖ ਅਤੇ ਜਰੂਰਤਾਂ ਅੱਗੇ ਆਪਣਾ ਦੁੱਖ ਕੁੱਝ ਵੀ ਨਹੀਂ ਸੀ ਲੱਗਦਾ।
ਦਰਸ਼ਨਾ ਦਾ ਘਰਵਾਲਾ ਮਜ਼ਦੂਰੀ ਕਰਦਾ ਸੀ, ਪਰ ਐਬਾਂ ਅਤੇ ਗਲਤ ਦੋਸਤਾਂ ਦੀ ਸੰਗਤ ਕਾਰਨ ਨਸ਼ੇੜੀ ਹੋ ਗਿਆ ਸੀ।ਉਸ ਨੇ ਘਰ ਦਾ ਖਰਚਾ ਤਾਂ ਕੀ ਚਲਾਓਣਾ ਸੀ, ਸਗੋਂ ਘਰੋਂ ਕਣਕ ਅਤੇ ਪੇਟੀ ਵਿੱਚੋਂ ਕੱਪੜੇ ਤੱਕ ਕੱਢ ਕੇ ਵੇਚ ਦਿੰਦਾ ਸੀ।ਕਈ ਵਾਰੀ ਤਾਂ ਘਰ ਦਾ ਰਾਸ਼ਨ, ਜੋ ਪਤਾ ਨਹੀਂ ਵੇਚਾਰੀ ਕਿਵੇਂ ਖਰੀਦ ਕੇ ਲਿਆਓੁਂਦੀ, ਓੁਹ ਵੀ ਵੇਚ ਦਿੰਦਾ।ਅੱਜ ਦਰਸ਼ਨਾਂ ਤੋ ਗਰਮੀ ਬਰਦਾਸ਼ਤ ਨਹੀਂ ਸੀ ਹੋ ਰਹੀ।ਉਹ ਫਿਕਰਾਂ ਅਤੇ ਸੋਚਾਂ ਵਿੱਚ ਝੋਨਾ ਲਗਾਉਦੀ ਹੋਈ ਚੱਕਰ ਖਾ ਕੇ ਪਾਣੀ ਵਿੱਚ ਹੀ ਡਿੱਗ ਗਈ।ਸ਼ਾਮ ਨੂੰ ਨੇੜੇ ਦੇ ਪਿੰਡ ਕਿਸੇ ਦੀ ਮਿੰਨਤ ਤਰਲਾ ਕਰਕੇ ਡਾਕਟਰ ਤੋਂ ਦਵਾਈ ਲੈਣ ਗਈ।ਬਲੱਡ ਪ੍ਰੈਸ਼ਰ ਬਹੁਤ ਘੱਟ ਸੀ।ਡਾਕਟਰ ਦੇ ਪੁੱਛਣ ‘ਤੇ ਦਰਸ਼ਨਾ ਨੇ ਦੱਸਿਆ ਕਿ ਅੱਜ ਘਰ ਆਟਾ ਨਹੀਂ ਸੀ ਤੇ ਓੁਹ ਘਰੋਂ ਭੁੱਖੀ ਹੀ ਕੰਮ ‘ਤੇ ਚਲੀ ਗਈ ਸੀ।ਇਹ ਸੁਣ ਡਾਕਟਰ ਵੀ ਸੁੰਨ ਹੋ ਗਿਆ।ਉਸ ਨੇ ਆਪਣੀ ਫੀਸ ਅਤੇ ਦਵਾਈ ਦੇ ਪੈਸੇ ਵੀ ਨਹੀਂ ਲਏ।ਡਾਕਟਰ ਸਾਬ੍ਹ ਨੇ ਹਦਾਇਤ ਕੀਤੀ ਕੀ ਕੁੱਝ ਦਿਨ ਅਰਾਮ ਕਰਨਾ ਜ਼ਰੂਰੀ ਹੈ, ਪਰ ਮਜਬੂਰੀਆਂ ਮਾਰੀ ਦਰਸ਼ਨਾ ਸਵੇਰ ਹੁੰਦੇ ਹੀ ਝੋਨਾ ਲਗਾਉਣ ਫਿਰ ਤੁਰ ਪਈ, ਕਿਉਂਕਿ ਕਈ ਵਾਰੀ ਜਿੰਦਗੀ ਵਿੱਚ ਅਜਿਹੇ ਹਲਾਤ ਬਣ ਜਾਦੇ ਨੇ ਜੋ ਇਨਸਾਨ ਨੂੰ ਧੁੱਖਦਾ ਸਿਵਾ ਬਣਾ ਛੱਡਦੇ ਨੇ …….!! 0502202303

ਗੁਰਵਿੰਦਰ ਸਿੰਘ ਅਟਵਾਲ
ਪਿੰਡ ਉਧਾ।
ਮੋ – 9814946318

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …