Tuesday, April 16, 2024

ਰਾਹੀ ਸਕੀਮ ਤਹਿਤ ਈ-ਆਟੋ ‘ਤੇ ਹੁਣ ਮਿਲੇਗੀ 1.25 ਲੱਖ ਦੀ ਸਬਸਿਡੀ -ਆਰ.ਟੀ.ਏ

ਜ਼ੀਰੋ ਡਾਊਨ ਪੇਮੈਂਟ ਤੇ ਪੁਰਾਣਾ ਡੀਜ਼ਲ ਆਟੋ ਦੇ ਕੇ ਲਿਆ ਜਾ ਸਕੇਗਾ ਨਵਾਂ ਈ-ਆਟੋ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਪੁਰਾਣੇ ਡੀਜਲ ਆਟੋ ਨੂੰ ਈ-ਆਟੋ ਨਾਲ ਬਦਲਣ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ‘ਰਾਹੀ’(ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰੋਜੈਕਟ ਤਹਿਤ ਹੁਣ 75 ਹਜ਼ਾਰ ਰੁਪਏ ਦੀ ਥਾਂ 1.25 ਲੱਖ ਰੁਪਏ ਦੀ ਕੈਸ਼ ਸਬਸਿਡੀ ਮਿਲੇਗੀ। ਦੱਸਣਯੋਗ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਆਟੋ ਰਿਕਸ਼ਾ ਡਰਾਇਵਰਾਂ ਨੂੰ ਪਹਿਲਾਂ 75 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਆਸਾਨ ਰੇਟਾਂ ‘ਤੇ ਕਰਜ਼ਾ ਦਿੱਤਾ ਜਾ ਰਿਹਾ ਸੀ।
ਸ਼ਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਅਰਸ਼ਦੀਪ ਸਿੰਘ ਨੇ ਰੇਲਵੇ ਸਟੇਸ਼ਨ ਵਿਖੇ ਆਟੋ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਟੋ ਰਿਕਸ਼ਾ ਯੂਨੀਅਨਾਂ ਅਤੇ ਡਰਾਇਵਰਾਂ ਨਾਲ ਗੱਲ ਕਰਕੇ ਇਹ ਪਤਾ ਲੱਗਾ ਸੀ ਕਿ ਪਹਿਲਾਂ ਆਟੋ ਰਿਕਸ਼ਾ ਡਰਾਇਵਰਾਂ ਨੂੰ ਈ-ਆਟੋ ਲੈਣ ਲਈ 50 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਕਰਨੀ ਮਾੜੀ ਆਰਥਿਕ ਹਾਲਤ ਕਾਰਣ ਮੁਸ਼ਕਲ ਸੀ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ ਹੁਣ ਸਬਸਿਡੀ ਵਧਾਈ ਗਈ ਹੈ।ਉਹਨਾਂ ਦੱਸਿਆ ਕਿ ਸਰਕਾਰ ਵਲੋਂ ਰਾਹੀ ਸਕੀਮ ਤਹਿਤ ਸਟੇਟ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਨੂੰ ਵੀ ਇੰਪੈਨੇਲਡ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਰਾਹੀ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਡਰਾਈਵਰ ਦਾ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦਾ ਮੈਂਬਰ ਹੋਣਾ ਜਰੂਰੀ ਹੈ।ਈ-ਆਟੋ ਲੈਣ ਲਈ ਚਾਹਵਾਨ ਡਰਾਈਵਰ ਕੋਲ ਅਧਾਰ ਕਾਰਡ ਜਾਂ ਵੋਟਰ ਕਾਰਡ, ਆਟੋ ਦੀ ਆਰ.ਸੀ, ਡਰਾਈਵਿੰਗ ਲਾਇਸੈਂਸ ਅਤੇ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦੀ ਮੈਂਬਰ ਸਲਿੱਪ ਹੋਣੀ ਜਰੂਰੀ ਹੈ।ਇਹਨਾਂ ਦਸਤਾਵੇਜ਼ਾਂ ਨੂੰ ਲੈ ਕੇ ਡਰਾਈਵਰ ਇੰਪੈਨੇਲਡ ਕੰਪਨੀਆਂ ਮਹਿੰਦਰਾ ਤੇ ਪਿਆਜਿਓ ਦੀ ਡੀਲਰਸ਼ਿਪ ‘ਤੇ ਜਾ ਕੇ ਆਪਣੀ ਅਰਜ਼ੀ ਦੇ ਸਕਦਾ ਹੈ।
ਉਹਨਾਂ ਦਸਿਆ ਕਿ ਪ੍ਰੋਜੈਕਟ ਤੋਂ ਸ਼ਹਿਰ ਦਾ ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ ਆਟੋ ਰਿਕਸ਼ਾ ਡਰਾਇਵਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ।ਕਿਉਕਿ ਇਸ ਸਮੇਂ ਡੀਜ਼ਲ ਦੇ ਰੇਟ ਤੇ ਆਟੋ ਨੂੰ ਚਲਾਉਣ ਦੀ ਕੀਮਤ ਪ੍ਰਤੀ ਕਿ.ਮੀ 4 ਤੋਂ 5 ਰੁਪਏ ਹੈ ਅਤੇ ਈ-ਆਟੋ ਵਿੱਚ ਲਗਭਗ 0.68 ਪੈਸੇ ਪ੍ਰਤੀ ਕਿ.ਮੀ ਹੈ।ਅਰਸ਼ਦੀਪ ਸਿੰਘ ਨੇ ਦੱਸਿਆ ਕਿ ਇਲੈਕਟ੍ਰਿਕ ਆਟੋ ਚਲਾਉਣ ਦੇ ਨਾਲ ਗੁਰੂ ਦੀ ਨਗਰੀ ਨੂੰ ਪ੍ਰਦੂਸ਼ਿਤ ਮੁਕਤ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਇਹ ਸਕੀਮ ਕੇਵਲ ਅੰਮ੍ਰਿਤਸਰ ਵਾਸੀਆਂ ਲਈ ਹੀ ਹੈ।ਉਨਾਂ ਨੇ ਆਟੋ ਡਰਾਈਵਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਤੇ ਹਾਜ਼ਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਡੀ.ਐਸ.ਪੀ ਰਾਜੇਸ਼ ਕੱਕੜ, ਇੰਸਪੈਕਟਰ ਅਨੂਪ ਕੁਮਾਰ, ਸਮਾਰਟ ਸਿਟੀ ਤੋਂ ਅਮਨ ਸ਼ਰਮਾ, ਰੇਲਵੇ ਸਟੇਸ਼ਨ ਆਟੋ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਚੌਧਰੀ ਤੋਂ ਇਲਾਵਾ ਵੱਖ-ਵੱਖ ਆਟੋ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …