Friday, March 29, 2024

7 ਉਲੰਪੀਅਨ ਦੇਣ ਵਾਲੇ ਇਲਾਕੇ ਦੀ ਹਰ ਮੰਗ ਮੰਨਣ ਦਾ ਕੀਤਾ ਐਲਾਨ – ਈ.ਟੀ.ਓ

ਖੇਡਾਂ ਉਦੋ ਨੰਗਲ ਦੀਆਂ ‘ਚ ਇਨਾਮ ਵੰਡਣ ਪੁੱਜੇ ਕੈਬਨਿਟ ਮੰਤਰੀ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿੱਚ ਮੁੜ ਪੇਂਡੂ ਖੇਡਾਂ ਦੀਆਂ ਰੌਣਕਾਂ ਲੱਗਣ ਲੱਗੀਆਂ ਹਨ, ਜੋ ਕਿ ਸ਼ੁਭ ਸੰਕੇਤ ਹੈ।ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਖੇਡ ਸਟੇਡੀਅਮ ਵਿੱਚ ‘ਖੇਡਾਂ ਉਦੋ ਨੰਗਲ ਦੀਆਂ’ ਦੇ ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਖਿਡਾਰੀਆਂ ਦੀ ਸਰਗਰਮ ਸ਼ਮੂਲੀਅਤ ਨੇ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਸਾਡੇ ਹੌਂਸਲੇ ਨੂੰ ਵਧਾਇਆ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਖਿਡਾਰੀ ਮੁੜ ਦੇਸ਼ ਤੇ ਵਿਦੇਸ਼ ਵਿੱਚ ਖੇਡ ਹੀਰਿਆਂ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ।ਉਨ੍ਹਾਂ ਨੇ ਕਿਹਾ ਕਿ ਜੇਕਰ ਛੋਟੀ ਉਮਰ ਤੋਂ ਹੀ ਖੇਡ ਹੀਰਿਆਂ ਨੂੰ ਤਰਾਸ਼ਣ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਹੀ ਇਹ ਹੀਰੇ ਭਵਿੱਖ ਦੇ ਨਾਮਵਰ ਖਿਡਾਰੀ ਬਣਨਗੇ।
ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖੇਡ ਪ੍ਰੇਮੀਆਂ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਰੱਖੀਆਂ ਸਾਰੀਆਂ ਮੰਗਾਂ, ਜਿੰਨਾ ਵਿੱਚ ਸਟੇਡੀਅਮ
‘ਚ ਲਾਈਟਾਂ ਲਗਾਉਣਾ, ਸਟੇਡੀਅਮ ਦੀ ਮੁਰੰਮਤ, ਸਟੇਡੀਅਮ ਨੂੰ ਆਉਂਦਾ ਰਸਤਾ ਪੱਕਾ ਕਰਨਾ, ਸਟੇਡੀਅਮ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਆਦਿ ਨੂੰ ਛੇਤੀ ਪੂਰਾ ਕਰਨ ਦਾ ਐਲਾਨ ਕਰਦੇ ਕਿਹਾ ਕਿ ਦੇਸ਼ ਨੂੰ 7 ਉਲੰਪਿਅਨ ਦੇਣ ਵਾਲੇ ਇਲਾਕੇ ਲਈ ਮੈਂ ਕੁੱਝ ਕਰ ਸਕਾਂ, ਇਸ ਤੋਂ ਵੱਧ ਮੇਰੇ ਲਈ ਕੀ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਤੁਸੀਂ ਬੱਚਿਆਂ ਨੂੰ ਚੰਗਾ ਰਸਤਾ ਦੇ ਰਹੇ ਹੋ ਅਤੇ ਅਸੀਂ ਤੁਹਾਡਾ ਸਾਥ ਦੇ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ।
ਇਸ ਮੌਕੇ ਡਾ. ਗੁਰਵਿੰਦਰ ਸਿੰਘ ਖੱਬੇ ਰਾਜਪੂਤਾਂ, ਇੰਸਪੈਕਟਰ ਗੁਰਮੇਜ ਸਿੰਘ, ਰਾਣਾ ਸ਼ਾਹ ਸਰਪੰਚ, ਜਰਮਨਜੀਤ ਸਿੰਘ, ਬਲਜੀਤ ਸਿੰਘ, ਸੁਨੀਲ ਸ਼ਰਮਾ ਕੈਨੇਡਾ, ਅਜੇ ਗਾਂਧੀ ਅਤੇ ਪਾਰਟੀ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …