Saturday, April 20, 2024

‘ਖੋਲ੍ਹੋ ਵਪਾਰ ਵਾਹਗਿਓ ਪਾਰ’ ਸਰਬੱਤ ਦੇ ਭਲੇ ਲਈ ਸੈਮੀਨਾਰ ਸੰਪਨ

ਜਲਦ ਹੀ ਸੰਘਰਸ਼ ਵਿੱਢਣਗੀਆਂ ਜਥੇਬੰਦੀਆਂ – ਕਾਮਰੇਡ ਇਕੋਲਾਹਾ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ‘ਖੋਲ੍ਹੋ ਵਪਾਰ ਵਾਹਗਿਓ ਪਾਰ’ ਸਰਬੱਤ ਦੇ ਭਲੇ ਲਈ ਸੈਮੀਨਾਰ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।ਜਿਸ ਵਿੱਚ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ, ਮੁੱਖ ਪੰਥਕ ਸ਼ਖਸੀਅਤ ਪਰਮਜੀਤ ਸਿੰਘ ਜਜੇਆਨੀ, ਡਾਕਟਰ ਪਰਮਿੰਦਰ ਸਿੰਘ ਵੜੈਚ, ਕਸ਼ਮੀਰ ਸਿੰਘ ਧੰਗਾਈ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨਾਂ ਏਕਤਾ ਉਗਰਾਹਾਂ, ਲਖਵੀਰ ਸਿੰਘ ਨਿਜ਼ਾਮਪੁਰ ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਜਤਿੰਦਰ ਸਿੰਘ ਛੀਨਾ ਸੂਬਾ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ, ਜਗਸੀਰ ਸਿੰਘ ਢੁੱਡੀਕੇ, ਬਲਦੇਵ ਸਿੰਘ ਅਦਲੀਵਾਲ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਕੁਲਦੀਪ ਸਿੰਘ ਪੱਧਰੀ, ਹਰਜਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਵੰਡ ਲਈ ਅਕਾਲੀ ਤੇ ਕਾਂਗਰਸ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ।ਜਿਸ ਕਾਰਣ 1947 ‘ਚ ਪੰਜਾਬ ਵਿਚੋਂ ਪਾਕਿਸਤਾਨ ਅਤੇ 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋਂ ਵੱਖ ਕੀਤੇ ਗਏ ਜਿਸ ਦਾ ਦੁਖਾਂਤ ਅੱਜ ਤੱਕ ਅਸੀਂ ਭੋਗ ਰਹੇ ਹਾਂ।ਉਹਨਾਂ ਅੱਗੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ।ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆ ਕਰਨ ਅਤੇ ਨੌਜਵਾਨ ਵਿਦੇਸ਼ਾਂ ਵੱਲ ਭੱਜਣ ਲਈ ਮਜ਼ਬੂਰ ਹਨ।ਪੰਜਾਬ ਦੀ ਜਵਾਨੀ ਨੂੰ ਯੋਜਨਾਵਧ ਤਰੀਕੇ ਨਾਲ ਨਸ਼ੇੜੀ ਬਣਾਇਆ ਜਾ ਰਿਹਾ ਹੈ।ਔਰਤਾਂ ਅਤੇ ਬੱਚੇ ਅਸੁਰੱਖਿਅਤ ਹਨ।ਸਨਅਤੀ ਵਿਕਾਸ ਠੱਪ ਪਿਆ ਹੈ ਅਤੇ ਚਾਰੋਂ ਪਾਸੇ ਬੇਰੁਜ਼ਗਾਰੀ ਦਾ ਆਲਮ ਹੈ।ਪਸ਼ੂ ਪਾਲਣ ਦਾ ਕਾਰੋਬਾਰ ਉਜੜ ਰਿਹਾ ਹੈ ਅਤੇ ਧਰਤੀ ਬੰਜ਼ਰ ਹੋਣ ਵੱਲ ਵਧ ਰਹੀ ਹੈ।
ਕਾਂਗਰਸ ਦਾ ਹਿੰਦੂ ਰਾਸ਼ਟਰਵਾਦ ਤੇ ਮੁਸਲਿਮ ਲੀਗ ਦਾ ਮੁਸਲਿਮ ਰਾਸ਼ਟਰਵਾਦ ਇਸ ਅਖੌਤੀ ਧਾਰਮਿਕ ਰਾਸ਼ਟਰਵਾਦੀ ਥਿਊਰੀ ‘ਤੇ ਚੱਲ ਕੇ ਪੰਜਾਬ ਦੀ ਕੀਤੀ ਗਈ 1947 ਦੀ ਵੰਡ ਪੰਜਾਬ ਦੀਆਂ ਬੇੜੀਆਂ ਵਿੱਚ ਵੱਟੇ ਹੀ ਸਾਬਤ ਹੋਈ ਹੈ।ਇਸ ਵੰਡ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਹੁੰਦਾ ਰਿਹਾ ਸਰਹੱਦੀ ਟਕਰਾਅ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਚਲਿਆ ਆ ਰਿਹਾ ਲਗਾਤਰ ਤਣਾਅ ਪੰਜਾਬ ਦੇ ਵਿਕਾਸ ਦਾ ਮੁੱਖ ਰੋੜਾ ਬਣਿਆ ਹੋਇਆ ਹੈ।ਯੂਰਪ ਅਤੇ ਏਸ਼ੀਆ ਵਿਚਕਾਰ ਇਸ ਰਸਤੇ ਤੋਂ ਹੋਣ ਵਾਲੇ ਵਪਾਰ ਅਤੇ ਇਸ ਵਪਾਰ ਦੇ ਕੇਂਦਰ ਵਜੋਂ ਪੰਜਾਬ ਦੇ ਇੱਕ ਖੁਸ਼ਕ ਬੰਦਰਗਾਹ ਬਣ ਕੇ ਵਿਕਸਤ ਹੋ ਜਾਣ ਦੀਆਂ ਸੰਭਾਵਨਾਵਾਂ ਨੂੰ ਫਿਲਹਾਲ ਗ੍ਰਹਿਣ ਲੱਗਾ ਹੋਇਆ ਹੈ।ਭਾਰਤ-ਪਾਕਿ ਸਰਹੱਦ ‘ਤੇ ਬਣੇ ਹੋਏ ਮੌਜ਼ੂਦਾ ਹਾਲਾਤਾਂ ਦਾ ਸਮੁੱਚੇ ਉੱਤਰੀ ਭਾਰਤ ਦੇ ਵਿਕਾਸ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।ਪਾਕਿਸਤਾਨ ਨਾਲ ਲੱਗਦੀ ਸਾਡੀ ਸਰਹੱਦ ਨੂੰ ਕੌਮਾਂਤਰੀ ਵਿਉਪਾਰ ਵਾਸਤੇ ਖੁੱਲ੍ਹਵਾਏ ਜਾਣ ਲਈ ਉਹ ਸਦਾ ਯਤਨਸ਼ੀਲ ਰਹਣਿਗੇ।ਪੰਜਾਬੀ ਬੋਲਦੇ ਜਿਹੜੇ ਇਲਾਕੇ ਜਾਣ ਬੁੱਝ ਕੇ ਪੰਜਾਬ ਤੋਂ ਬਾਹਰ ਰੱਖੇ ਗਏ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਾਂ ਕਿ ਰਿਪੇਰੀਅਨ ਕਾਨੂੰਨ ਮੁਤਾਬਿਕ ਪੰਜਾਬ ਦੇ ਦਰਿਆਵਾਂ ‘ਤੇ ਅਤੇ ਇਨ੍ਹਾਂ ਦਰਿਆਵਾਂ ‘ਤੇ ਉਸਰੇ ਹੈਡਵਰਕਸ ਉਤੇ ਪੰਜਾਬ ਦੀ ਮਾਲਕੀ ਦੇ ਹੱਕ ਹੋਣ।ਪੰਜਾਬ ਦੇ ਦਰਿਆਵਾਂ ਤੋਂ ਪਾਣੀ ਹਾਸਲ ਕਰ ਰਹੇ ਗੁਆਂਢੀ ਰਾਜਾਂ ਕੋਲੋਂ ਪਾਣੀ ਦੀ ਰਾਇਲਟੀ ਪੰਜਾਬ ਦੁਆਰਾ ਵਸੂਲੀ ਜਾਵੇ।ਉਹ ਹਮੇਸ਼ਾਂ ਸਮਾਜਿਕ ਧਕੇਸ਼ਾਹੀਆਂ ਅਤੇ ਵਿਤਕਰਿਆਂ ਦੇ ਖਿਲਾਫ ਹੋਣ ਵਾਲੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਅਦਲੀਵਾਲ ਚੇਅਰਮੈਨ, ਸੰਤੋਖ ਸਿੰਘ ਅਦਲੀਵਾਲ, ਹਰਜਿੰਦਰ ਸਿੰਘ ਕਲਾਲਮਾਜ਼ਰਾ ਪ੍ਰਧਾਨ ਨਿਊ ਥਰੀ ਐਂਡ ਫ਼ੋਰ ਵਹੀਲਰ ਯੂਨੀਅਨ ਖੰਨਾ, ਸੁਰਿੰਦਰ ਬਾਵਾ, ਲਖਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …