Thursday, March 28, 2024

ਪੰਜਾਬ ਸਰਕਾਰ ਵਲੋਂ ਦੇਹਲਾ ਸੀਹਾਂ ਦੇ ਸਰਕਾਰੀ ਸਕੂਲ ਦਾ ਨਾਮ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਰੱਖਿਆ- ਵਿਧਾਇਕ ਗੋਇਲ

ਪਿੰਡ ਦੇਹਲਾ ਸੀਹਾਂ ਦੇ ਵਾਸੀਆਂ ਦੀ ਚਿਰਾਂ ਪੁਰਾਣੀ ਮੰਗ ਹੋਈ ਪੂਰੀ

ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਦੇਹਲਾ ਸੀਹਾਂ ਦੇ ਨਿਵਾਸੀਆਂ ਦੀ ਕਰੀਬ ਦੋ ਤਿੰਨ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਂ ’ਤੇ ਰੱਖੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਹ ਪ੍ਰਗਟਾਵਾ ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ ਨੇ ਅਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਸਥਾਨ ਪਿੰਡ ਦੇਹਲਾ ਸੀਹਾਂ ਦੇ ਗੁਰਦੁਆਰਾ ਸਾਹਿਬ ਵਿਖੇ 200ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ ਆਯੋਜਿਤ ਧਾਰਮਿਕ ਸਮਾਗਮ ਮੌਕੇ ਕੀਤਾ।
ਵਿਧਾਇਕ ਗੋਇਲ ਨੇ ਕਿਹਾ ਕਿ ਪਿਛਲੇ ਵਰ੍ਹੇ ਮਾਰਚ ਵਿੱਚ ਜਦੋਂ ਉਹ ਇਸੇ ਪਿੰਡ ’ਚ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ ਤਾਂ ਪਿੰਡ ਵਾਸੀਆਂ ਦੁਆਰਾ ਉਠਾਈ ਗਈ ਇਸ ਮੰਗ ਨੂੰ ਉਨ੍ਹਾਂ ਨੇ ਪੂਰੀ ਪ੍ਰਮੁੱਖਤਾ ਨਾਲ ਸਰਕਾਰ ਕੋਲ ਰੱਖਿਆ।ਜਿਸ ਦੇ ਆਧਾਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਲੋਕਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ ’ਤੇ ਮੋਹਰ ਲਗਾਉਂਦਿਆਂ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦਾ ਨਾਮਕਰਨ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਂ ’ਤੇ ਰੱਖੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਉਨ੍ਹਾਂ ਇਸ ਉਦਮ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਧਾਰਮਿਕ ਸਮਾਗਮ ਦੌਰਾਨ ਵਿਧਾਇਕ ਗੋਇਲ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਲਕਾ ਲਹਿਰਾ ਦੇ ਨਿਵਾਸੀਆਂ ਨੂੰ ਮਾਣ ਹੈ ਕਿ ਅਕਾਲੀ ਫੂਲਾ ਸਿੰਘ ਦਾ ਜਨਮ ਇਸ ਧਰਤੀ ’ਤੇ ਹੋਇਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡ ਵਾਸੀਆਂ ਸਮੇਤ ਸਾਰੇ ਹਲਕਾ ਵਾਸੀਆਂ ਦੀਆਂ ਮੰਗਾਂ ਤੇ ਜ਼ਰੂਰਤਾਂ ਨੂੰ ਤਰਜ਼ੀਹੀ ਆਧਾਰ ’ਤੇ ਪੂਰਾ ਕਰਨ ਲਈ ਉਹ ਲਗਾਤਾਰ ਸਰਗਰਮ ਹਨ।
ਇਸ ਮੌਕੇ ਕਮੇਟੀ ਮੈਂਬਰ ਬੂਟਾ ਸਿੰਘ, ਗੋਰਾ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਜਗਪਾਲ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਕਾਕਾ ਸਿੰਘ, ਕਾਲਾ ਸਿੰਘ, ਨਿਰਭੈ ਸਿੰਘ ਵੀ ਹਾਜ਼ਰ ਸਨ।

 

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …