Thursday, April 18, 2024

ਖਾਲਸਾ ਕਾਲਜ ਵਿਖੇ ਲਿੰਗ ਸਮਾਨਤਾ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਲਿੰਗ ਸਮਾਨਤਾ: ਰੀਇਮੈਜ਼ਨਿੰਗ ਹਰਸਟੋਰੀ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵਲੋਂ ਕਰਵਾਏ ਸੈਮੀਨਾਰ ’ਚ ਡਾ. ਰਮਿੰਦਰ ਕੌਰ, ਪ੍ਰੋਫੈਸਰ ਅਤੇ ਸਾਬਕਾ ਹੈਡ ਸਕੂਲ ਆਫ਼ ਪੰਜਾਬੀ ਸਟੱਡੀਜ਼, ਜੀ.ਐਨ.ਡੀ.ਯੂ ਨੇ ਮੁੱਖ ਮਹਿਮਾਨ ਅਤੇ ਡਾ. ਰਵਿੰਦਰ ਪਾਲ ਬਮਰਾਹ, ਮੈਡੀਕਲ ਅਫ਼ਸਰ ਡੈਂਟਲ, ਅਰਬਨ ਪਬਲਿਕ ਸੈਂਟਰ ਸਕੱਤਰੀ ਬਾਗ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।
ਡਾ. ਮਹਿਲ ਸਿੰਘ ਨੇ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਕਿਹਾ ਕਿ ਵਿਸ਼ਵ ਭਰ ਦੀਆਂ ਔਰਤਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਇਹ ਸਮਾਗਮ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੈ।ਜਿਸ ਵਿੱਚ 80 ਤੋਂ ਵਧੇਰੇ ਪ੍ਰਤੀਯੋਗੀਆਂ ਨੇ ਭਾਗ ਲਿਆ।
ਕਲੱਬ ਦੀ ਨੋਡਲ ਅਫ਼ਸਰ (ਮਹਿਲਾ) ਡਾ. ਸਵਰਾਜ ਕੌਰ ਨੇ ਮਹਿਮਾਨ ਦੀ ਜਾਣ-ਪਛਾਣ ਕਰਵਾਉਦਿਆਂ ਮਹਿਲਾ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਇਹ ਸਮਾਗਮ ਵਿਸ਼ਵ ਦੀਆਂ ਔਰਤਾਂ ਵਲੋਂ ਸਮਾਜਿਕ ਪੱਧਰ ’ਤੇ ਸਫ਼ਲਤਾਵਾਂ, ਬਦਲਾਅ ਲਈ ਹੋਕਾ ਦੇਣ ਅਤੇ ਹਿੰਮਤ ਤੇ ਦ੍ਰਿੜਤਾ ਨਾਲ ਨੇਪਰੇ ਚਾੜ੍ਹੇ ਗਏ ਕੰਮਾਂ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਔਰਤਾਂ ਨੇ ਆਪਣੇ ਦੇਸ਼ਾਂ ਅਤੇ ਸਮਾਜਿਕ ਭਾਈਚਾਰਿਆਂ ਦੇ ਇਤਿਹਾਸ ’ਚ ਅਸਾਧਾਰਨ ਭੂਮਿਕਾ ਨਿਭਾਈ ਹੈ।
ਡਾ. ਰਮਿੰਦਰ ਕੌਰ ਨੇ ਕਿਹਾ ਕਿ ਉਕਤ ਦਿਵਸ ਔਰਤਾਂ ਵਲੋਂ ਹਾਸਲ ਕੀਤੀਆਂ ਕਾਮਯਾਬੀਆਂ ਦੀ ਖੁਸ਼ੀ ਸਾਂਝੀ ਕਰਨ, ਔਰਤਾਂ ਨੂੰ ਬਰਾਬਰੀ ਦਾ ਦਰਜ਼ਾ ਦਿਵਾਉਣ ਲਈ ਸਿੱਖਿਅਤ ਅਤੇ ਜਾਗਰੂਕ ਕਰਨ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਦਿਨਾਂ ’ਚੋਂ ਇਕ ਹੈ।ਉਨ੍ਹਾਂ ਨੇ ਔਰਤਾਂ ਨੂੰ ਅਗਾਂਹ ਵਧਾਉਣ ’ਚ ਸਕਾਰਾਤਮਕ ਤਬਦੀਲੀ, ਲਿੰਗ ਸਮਾਨਤਾ ਲਈ ਲਾਬੀ ਅਤੇ ਔਰਤ ਅਧਾਰਿਤ ਚੈਰਿਟੀ ਲਈ ਫੰਡ ਇਕੱਠਾ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਡਾ. ਬਮਰਾਹ ਨੇ ਵਿਦਿਆਰਥੀਆਂ ਨੂੰ ਸਮਾਜ ਦੀ ਉਨਤੀ ਲਈ ਲਿੰਗ ਸਮਾਨਤਾ ਦੀ ਮਹੱਤਤਾ ਨੂੰ ਆਪਣੇ ਮਨਾਂ ’ਚ ਬਿਠਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਕ ਪ੍ਰਗਤੀਸ਼ੀਲ ਰਾਸ਼ਟਰ ਦੇ ਵਿਕਾਸ ਲਈ ਲਿੰਗ ਸਮਾਨਤਾ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਇਸ ਲਈ ਆਰਥਿਕ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ, ਕਿਉਕਿ ਔਰਤਾਂ ਵਿਸ਼ਵ ਦੀ ਅੱਧੀ ਆਬਾਦੀ ਦਾ ਹਿੱਸਾ ਹਨ।ਉਨ੍ਹਾਂ ਕਿਹਾ ਕਿ ਲਿੰਗ ਸਮਾਨਤਾ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨੂੰ ਰੋਕਦੀ ਹੈ।ਉਹ ਸਮਾਜ ਜੋ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਮਝਦੇ ਹਨ, ਸੁਰੱਖਿਅਤ ਅਤੇ ਸਿਹਤਮੰਦ ਹੁੰਦੇ ਹਨ।
ਕਲੱਬ ਦੇ ਨੋਡਲ ਅਫ਼ਸਰ (ਪੁਰਸ਼) ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਦੀ ਬਰਾਬਰੀ ਦੀ ਪ੍ਰਾਪਤੀ ਲਈ ਲੋੜੀਂਦੇ ਸਫ਼ਰ ਨੂੰ ਸਮਝਣਾ ਪਵੇਗਾ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦੀ ਸਮਝ ਤੋਂ ਜਾਣੂ ਕਰਵਾਉਣ ਅਤੇ ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਹੱਲ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ।
ਇਸ ਮੌਕੇ ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਅਜੈ ਸਹਿਗਲ, ਪ੍ਰੋ: ਮੀਨੂੰ ਚੋਪੜਾ, ਡਾ. ਹੀਰਾ ਸਿੰਘ, ਅਰਮਾਨਪ੍ਰੀਤ ਸਿੰਘ, ਇਸ਼ਿਕਾ, ਗੁਰਜੋਬਨ ਸਿੰਘ, ਰੋਹਿਤਦੀਪ ਕੌਰ, ਗੋਪਿਕਾ ਚੋਪੜਾ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …