Thursday, April 18, 2024

ਵਿਦੇਸ਼ੀ ਮਹਿਮਾਨਾਂ ਨੇ ‘ਸਾਡਾ ਪਿੰਡ’ ਵਿੱਚ ਪੰਜਾਬ ਦੇ ਪੇਂਡੂ ਜੀਵਨ ਦੇ ਨੇੜੇ ਤੋਂ ਕੀਤੇ ਦਰਸ਼ਨ

ਵਿਦੇਸ਼ੀ ਮਹਿਮਾਨਾਂ ਨੇ ਚਲਾਇਆ ਚਰਖਾ ਤੇ ਮਾਣੇ ਪੰਜਾਬ ਦੇ ਹੋਰ ਰੰਗ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ ਚੱਲ ਰਹੇ ਜੀ-20 ਸੰਮੇਲਨ ਵਿੱਚ ਹਾਜ਼ਰੀ ਭਰ ਰਹੇ ਵਿਦੇਸ਼ੀ ਮਹਿਮਾਨਾਂ ਨੂੰ ਬੀਤੀ ਸ਼ਾਮ ਡਿਪਟੀ ਕਮਿਸਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਸਦਕਾ ‘ਸਾਡਾ ਪਿੰਡ’ ਵਿਖੇ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।ਵਿਦੇਸ਼ੀ ਮਹਿਮਾਨਾਂ ਦਾ ਸਾਡਾ ਪਿੰਡ ਵਿਖੇ ਰਵਾਇਤੀ ਪੰਜਾਬੀ ਰਸਮੋਂ-ਰਿਵਾਜ਼ਾਂ ਨਾਲ ਸਵਾਗਤ ਕੀਤਾ ਗਿਆ।‘ਸਾਡਾ ਪਿੰਡ’ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਵਿਆਹ ਵਰਗਾ ਮਹੌਲ ਬਣ ਗਿਆ ਅਤੇ ਸਾਰੇ ਮਹਿਮਾਨਾਂ ਨੇ ਪੰਜਾਬ ਦੇ ਪੇਂਡੂ ਰਹਿਣ-ਸਹਿਣ ਨੂੰ ਦੇਖਣ ਵਿੱਚ ਉਤਸੁਕਤਾ ਦਿਖਾਈ।
ਸਭ ਤੋਂ ਪਹਿਲਾਂ ‘ਸਾਡਾ ਪਿੰਡ’ ਵਿੱਚ ਮਹਿਮਾਨਾਂ ਨੇ ਪੰਜਾਬ ਦੇ ਰਿਵਾਇਤੀ ਖਾਣੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਸਵਾਦ ਚੱਖਿਆ।ਇਸ ਤੋਂ ਬਾਅਦ ਉਨ੍ਹਾਂ ਨੇ ਛੰਨੇ ਭਰ-ਭਰ ਚਾਟੀ ਦੀ ਲੱੱਸੀ ਪੀਤੀ।ਇਸ ਉਪਰੰਤ ਵਿਦੇਸ਼ੀ ਮਹਿਮਾਨਾਂ ਨੇ ਪਿੰਡ ਵਿੱਚ ਸਰਪੰਚ ਦਾ ਘਰ, ਨੰਬਰਦਾਰ ਦਾ ਘਰ, ਜੁਲਾਹੇ ਦਾ ਘਰ, ਘੁਮਿਆਰ ਦਾ ਘਰ, ਤਰਖਾਣ ਦਾ ਘਰ, ਲੁਹਾਰ ਦਾ ਘਰ, ਡਾਕਘਰ, ਫੁਲਕਾਰੀ ਘਰ, ਪਰਾਂਦਾ ਘਰ, ਸੰਗੀਤ ਘਰ, ਕਿਸਾਨ ਦੀ ਹਵੇਲੀ ਅਤੇ ਹਕੀਮ ਦਾ ਘਰ ਦੇਖਿਆ।
ਵਿਦੇਸ਼ੀ ਮਹਿਮਾਨਾਂ ਨੇ ਸਾਡਾ ਪਿੰਡ ਦੇ ਘਰ ਵਿੱਚ ਪੰਜਾਬੀ ਵਿਰਸੇ ਦੀ ਅਨਮੋਲ ਨਿਸ਼ਾਨੀ ਚਰਖਾ ਕੱਤ ਕੇ ਪੰਜਾਬ ਦੀਆਂ ਸਵਾਣੀਆਂ ਦੀ ਜੀਵਨ ਜਾਚ ਨੂੰ ਮਹਿਸੂਸ ਕੀਤਾ।ਜਦੋਂ ਵਿਦੇਸ਼ੀ ਮਹਿਮਾਨ ਚਰਖਾ ਕੱਤ ਰਹੇ ਸਨ ਤਾਂ ਮੁਟਿਆਰਾਂ ਵਲੋਂ ਲੋਕ ਗੀਤ ‘ਨੀਂ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ’ ਗੁਣ-ਗੁਣਾਇਆ ਜਾ ਰਿਹਾ ਸੀ।ਮਹਿਮਾਨਾਂ ਵਲੋਂ ਫੁਲਕਾਰੀ ਘਰ ਵਿੱਚ ਪੰਜਾਬੀ ਵਿਰਸੇ ਅਤੇ ਪੇਂਡੂ ਔਰਤਾਂ ਦੀ ਦਸਤਕਾਰੀ ਕਲਾ ਦੀਆਂ ਵੰਨਗੀਆਂ ਫੁਲਕਾਰੀ, ਬਾਗ, ਪਰਾਂਦੇ ਆਦਿ ਦੇਖੇ।ਜੁਲਾਹੇ ਦੇ ਘਰ ਵਿੱਚ ਲੱਗੀ ਖੱਡੀ ਉਪਰ ਬਣ ਰਹੀਆਂ ਦਰੀਆਂ ਅਤੇ ਖੇਸਾਂ ਨੂੰ ਵੀ ਉਨ੍ਹਾਂ ਬੜੇ ਗੌਹ ਨਾਲ ਦੇਖਿਆ ਅਤੇ ਪੰਜਾਬ ਦੀ ਕਲਾ ਤੇ ਹੁਨਰ ਨੂੰ ਸਲਾਮ ਕੀਤਾ।
ਇਸੇ ਦੌਰਾਨ ਸਾਡਾ ਪਿੰਡ ਵਿੱਚ ਵਿਦੇਸ਼ੀ ਮਹਿਮਾਨਾਂ ਨੇ ਭੱਠੀ ਵਾਲੀ ਕੋਲੋਂ ਜਵਾਰ ਦੇ ਦਾਣੇ ਭੁੰਨਾ ਕੇ ਫੁੱਲਿਆਂ ਦਾ ਸਵਾਦ ਚੱਖ ਕੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਮਹਿਸੂਸ ਕੀਤਾ।ਸਾਡਾ ਪਿੰਡ ਦੇ ਵਿਹੜੇ ਵਿੱਚ ਮਦਾਰੀ ਵਲੋਂ ਪੇਸ਼ ਕੀਤੀ ਜਾਦੂ ਦੀ ਕਲਾ ਨੇ ਵਿਦੇਸ਼ੀ ਮਹਿਮਾਨਾਂ ਨੂੰ ਹੈਰਤ ‘ਚ ਪਾ ਦਿੱਤਾ।
ਸਾਡਾ ਪਿੰਡ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਮਦ ਮੌਕੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਣ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ, ਝੂਮਰ, ਪੰਜਾਬੀਆਂ ਦੀ ਬਹਦਾਰੀ ਅਤੇ ਸੂਰਮਗਤੀ ਦਾ ਪ੍ਰਤੀਕ ਜੰਗਜ਼ੂ-ਕਲਾ ਗਤਕੇ ਦੀ ਜੋਸ਼ੀਲੀ ਪੇਸ਼ਕਾਰੀ ਨੇ ਸਮੁੱਚੇ ਪ੍ਰੋਗਰਾਮ ਨੂੰ ਚਰਮਸੀਮਾਂ ‘ਤੇ ਪਹੁੰਚਾ ਦਿੱਤਾ।ਰਬਾਬ ਦੀਆਂ ਤਰਬਾਂ ਨੇ ਮਾਹੌਲ ਨੂੰ ਹੋਰ ਵੀ ਸਾਜ਼ਗਰ ਬਣਾ ਦਿੱਤਾ।
ਫਰਾਂਸ ਤੋਂ ਪਹੁੰਚੇ ਡੈਲੀਗੇਟ ਬੋਰਹੇਨੇ ਚੈਕਰਾਉਨ, ਡਾਇਰੈਕਟਰ ਆਫ ਪਾਲਿਸੀ ਐਂਡ ਲਾਈਫ ਲਾਊਂਗ ਲਰਨਿੰਗਸ ਸਿਸਟਮ ਡਵੀਜ਼ਨ ਐਟ ਯੂਨੈਸਕੋ ਹੈਡ-ਕੁਆਟਰ ਅਤੇ ਓਮਾਨ ਦੀ ਮਨਿਸਟਰੀ ਆਫ ਹਾਇਰ ਐਜੂਕੇਸ਼ਨ, ਰਿਸਚਰਚ ਐਂਡ ਇਨੋਵੇਨਸ਼ ਦੇ ਪ੍ਰਤੀਨਿਧ ਬਦਰ ਅਲੀ-ਅਲ-ਹਿਨਾਈ ਨੇ ਸਾਡਾ ਪਿੰਡ ਵਿੱਚ ਪੰਜਾਬੀ ਵਿਰਸੇ ਨੂੰ ਦੇਖਣ ਅਤੇ ਮਹਿਸੂਸ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਰਹਿਣ-ਸਹਿਣ, ਸਦਾਚਾਰ, ਆਪਸੀ ਪਿਆਰ, ਭਾਈਚਾਰਕ ਸਾਂਝ, ਮਹਿਮਾਨ-ਨਿਵਾਜ਼ੀ ਅਤੇ ਖਾਣਾ ਸੱਚਮੁੱਚ ਹੀ ਬਾਕਮਾਲ ਹੈ ਅਤੇ ਇਸ ਦਾ ਹੋਰ ਕੋਈ ਤੋੜ ਨਹੀਂ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …