Thursday, April 18, 2024

ਈ.ਟੀ.ਓ ਨੇ 35 ਲੱਖ ਨਾਲ ਬਨਣ ਵਾਲੇ ਨੱਥੂਆਣਾ ਵਿਰਾਸਤੀ ਦਰਵਾਜ਼ੇ ਦਾ ਕੀਤਾ ਉਦਘਾਟਨ

ਅੰਮਿਤਸਰ 21 ਮਾਰਚ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਨੂੰ ਇਕ ਸੁੰਦਰ ਸ਼ਹਿਰ ਬਣਾਇਆ ਜਾਵੇਗਾ ਅਤੇ ਇਸ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜੰਡਿਆਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ।
ਇਹ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਨੇ ਅੱਜ ਜੰਡਿਆਲਾ ਗੁਰੂ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨੱਥੂਆਣਾ ਵਿਰਾਸਤੀ ਦਰਵਾਜੇ ਦਾ ਉਦਘਾਟਨ ਕਰਨ ਸਮੇਂ ਕੀਤਾ। ਸ: ਈ.ਟੀ.ਓ ਨੇ ਦੱਸਿਆ ਕਿ ਜੰਡਿਆਲਾ ਗੁਰੂ ਇਕ ਇਤਿਹਾਸਿਕ ਕਸਬਾ ਹੈ, ਜਿਥੇ ਸੱਤ ਵਿਰਾਸਤੀ ਦਰਵਾਜ਼ੇ ਬਣੇ ਹੋਏ ਹਨ।ਪ੍ਰੰਤੂ ਕੁਝ ਵਿਰਾਸਤੀ ਦਰਵਾਜਿਆਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਕੁੱਝ ਸਮੇਂ ਨਾਲ ਲੁਪਤ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਮੁੜ ਇਨਾਂ ਵਿਰਾਸਤੀ ਦਰਵਾਜ਼ਿਆਂ ਨੂੰ ਉਸਾਰਿਆ ਜਾਵੇਗਾ ਅਤੇ ਜੰਡਿਆਲਾ ਸ਼ਹਿਰ ਨੂੰ ਇਕ ਨਵੀਂ ਰੂਪ ਰੇਖਾ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਵਿਰਾਸਤੀ ਦਰਵਾਜੇ ਤੋਂ ਇਲਾਵਾ 100 ਮੀਟਰ ਦੇ ਖੇਤਰ ਵਿੱਚ ਸੁੰਦਰੀਕਰਨ ਦਾ ਕੰਮ ਵੀ ਕੀਤਾ ਜਾਵੇਗਾ ਅਤੇ ਇਹ ਸਾਰਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਿੱਛਲੀਆਂ ਸਰਕਾਰਾਂ ਨੇ ਜੰਡਿਆਲਾ ਗੁਰੂ ਵਰਗੇ ਵਿਰਾਸਤੀ ਸ਼ਹਿਰ ਨੂੰ ਅਣਡਿੱਠਾ ਹੀ ਕੀਤਾ ਹੋਇਆ ਸੀ ਅਤੇ ਇਸਦੇ ਸੱਤਾਂ ਵਿਰਾਸਤੀ ਦਰਵਾਜਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਰਾਸਤੀ ਦਿੱਖ ਦੇ ਦਿੱਤੀ ਗਈ ਹੈ।ਉਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਲੱਗਣ ਵਾਲਾ ਪੈਸਾ ਆਮ ਲੋਕਾਂ ਦਾ ਪੈਸਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਮਿੱਥੇ ਸਮੇਂ ਦੌਰਾਨ ਮੁਕੰਮਲ ਕੀਤੇ ਜਾਣ।
ਇਸ ਮੌਕੇ ਕੈਬਨਿਟ ਮੰਤਰੀ ਜੀ ਦੀ ਮਾਤਾ ਸੀਮਤੀ ਸੁਰਿੰਦਰ ਕੌਰ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਸ੍ਰੀਮਤੀ ਸੁਨੈਨਾ ਰੰਧਾਵਾ, ਨਰੇਸ਼ ਪਾਠਕ, ਐਕਸੀਐਨ ਦਿਆਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ‘ੱਚ ਲੋਕ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …