Tuesday, June 6, 2023

ਕਣਕ ਨਾ ਮਿਲਣ ਕਾਰਨ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਵੱਖੋ-ਵੱਖ ਬਲਾਕਾਂ ਦੇ ਪਿੰਡਾਂ `ਚ ਮਿਲਦੇ ਸਸਤੇ ਰਾਸ਼ਨ ਕਾਰਡ ਤੇ ਮਿਲਦੀ ਕਣਕ ਵਿਚ 25% ਤੋਂ ਵਧੇਰੇ ਹੋਈ ਕਟੌਤੀ ਹੋਣ ਕਾਰਨ ਲੋੜਵੰਦਾਂ ਨਾਲ ਹੋ ਰਹੀ ਵਿਤਕਰੇਬਾਜ਼ੀ ਅਤੇ ਡੀਪੂ ਹੋਲਡਰਾਂ ਵਲੋਂ ਚਹੇਤਿਆਂ ਨੂੰ ਕਣਕ ਵੰਡਣ ਖਿਲਾਫ ਜਿਲ੍ਹਾ ਫੂਡ ਸਪਲਾਈ ਕੰਟਰੋਲਰ ਸੰਗਰੂਰ ਨੂੰ ਡੈਪੂਟੇਸ਼ਨ ਮਿਲਿਆ।ਡੀ.ਸੀ ਕੰਪਲੈਕਸ ਸੰਗਰੂਰ ਦੇ ਅੰਦਰ ਹੋਏ ਇਕੱਠ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਧਰਮਪਾਲ ਸਿੰਘ, ਜਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜਿਲ੍ਹਾ ਸਕੱਤਰ ਬਿਮਲ ਕੌਰ ਨੇ ਕਿਹਾ ਕਿ ਇਸ ਵਾਰ ਪਿੰਡਾਂ ਦੇ ਅੰਦਰ ਸਸਤੇ ਰਾਸ਼ਨ ਤਹਿਤ ਮਿਲਦੀ ਕਣਕ 25% ਸਭ ਤੋਂ ਵਧੇਰੇ ਕਟੌਤੀ ਹੋਣ ਕਾਰਨ ਪਿੰਡਾਂ ਅੰਦਰ ਹਾਹਾਕਾਰ ਮੱਚੀ ਹੋਈ ਹੈ।ਡੀਪੂ ਹੋਲਡਰ ਸਥਾਨਕ ਅਫਸਰਸ਼ਾਹੀ ਨਾਲ ਮਿਲ ਕੇ ਆਪਣੇ ਚਹੇਤਿਆਂ ਨੂੰ ਕਣਕ ਵੰਡ ਰਹੇ ਹਨ, ਜਦ ਕਿ ਜੋ ਜਿਹੜੇ ਲੋੜਵੰਦ ਹਨ, ਉਹ ਵੱਡੇ ਪੱਧਰ ‘ਤੇ ਮਿਲਦੀ ਕਣਕ ਤੋਂ ਵਾਂਝੇ ਰਹਿ ਰਹੇ ਹਨ।ਜਿਸ ਕਾਰਨ ਕਈ ਪਿੰਡਾਂ ਅੰਦਰ ਮਾਹੌਲ ਵਿਗੜ ਰਿਹਾ ਹੈ।ਜਿਲ੍ਹਾ ਆਗੂ ਕਰਮਜੀਤ ਕੌਰ, ਅਮਰੀਕ ਸਿੰਘ, ਹਮੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਗੱਦੀ ‘ਤੇ ਬੈਠਣ ਵੇਲੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹੋਰ ਮੰਗਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾਇਆ ਕਰੇਗਾ ਅਤੇ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਸਸਤੇ ਰੇਟ `ਤੇ ਸਬਸਿਡੀਆਂ ਤਹਿਤ ਮਿਲਿਆ ਕਰਨਗੀਆਂ।ਪਰ ਅਫਸੋਸ ਘਰਾਂ ਤੱਕ ਰਾਸ਼ਨ ਪਹੁੰਚਣਾ ਤਾਂ ਦੂਰ ਸਗੋਂ ਉਲਟਾ ਲੋੜਵੰਦਾਂ ਨੂੰ ਰਾਸ਼ਨ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।
ਜਿਲ੍ਹਾ ਫੂਡ ਸਪਲਾਈ ਕੰਟਰੋਲਰ ਤੋਂ ਮੰਗ ਕੀਤੀ ਗਈ ਕਿ ਪਿੰਡਾਂ ਅੰਦਰ ਜਿਹੜੇ ਲੋੜਵੰਦ ਕਣਕ ਲੈਣ ਤੋਂ ਵਾਂਝੇ ਰਹਿ ਗਏ ਹਨ. ਉਨ੍ਹਾਂ ਨੂੰ ਪਹਿਲ ਦੇ ਆਧਾਰ `ਤੇ ਕਣਕ ਦਿੱਤੀ ਜਾਵੇ।ਬੇਇਨਸਾਫੀ ਕਰਨ ਵਾਲੇ ਡੀਪੂ ਹੋਲਡਰਾਂ ਅਤੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਜਿਹੜੇ ਲੋੜਵੰਦਾਂ ਦੇ ਰਾਸ਼ਨ ਕਾਰਡ ਵਿਚੋਂ ਨਾਮ ਕੱਟੇ ਗਏ ਹਨ, ਉਹ ਨਾਮ ਚੜ੍ਹਾਏ ਜਾਣ ਲਈ ਸਬੰਧਤ ਵੈਬਸਾਈਟ ਖੋਹਲੀ ਜਾਵੇ ਅਤੇ ਨਵੇਂ ਰਾਸ਼ਨ ਕਾਰਡ ਬਣਾਏ ਜਾਣ।ਫੂਡ ਸਪਲਾਈ ਕੰਟਰੋਲਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਮੰਗਾਂ ਮੰਨਣ ਦਾ ਭਰੋਸਾ ਦੁਆਇਆ ਅਤੇ ਬਾਕੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਖੁਰਾਕ ਸਪਲਾਈ ਮੰਤਰੀ ਨੂੰ ਮੰਗ ਪੱਤਰ ਦੀ ਕਾਪੀ ਭੇਜਣ ਦਾ ਭਰੋਸਾ ਦੁਆਇਆ।

 

 

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …