Thursday, March 28, 2024

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵੱਲੋਂ ਦਿਲਜੀਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ

PPN0401201510
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਰਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਕੀਤੇ ਅਤੇ ਭਾਈ ਜਗਜੀਤ ਸਿੰਘ ਜੀ ਨੇ ਕਥਾ-ਵਿਚਾਰ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਅਰਦਾਸ ਉਪਰੰਤ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ।

           ਇਸ ਸਮਾਗਮ ਮੌਕੇ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਜੋਗਿੰਦਰ ਸਿੰਘ ਅੜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਸ. ਦਿਲਜੀਤ ਸਿੰਘ ਬੇਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸੂਝਵਾਨ ਸਾਹਿਤਕਾਰ ਹਨ ਜਿਨ੍ਹਾਂ ਨੇ ਹੁਣ ਤੱਕ ਵੱਖ-ਵੱਖ ਕਿਤਾਬਚਿਆਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਨ-ਦਿਹਾੜੇ ਮੌਕੇ ਪ੍ਰਮੁੱਖ ਅਖਬਾਰਾਂ ਵਿਚ ਸ. ਬੇਦੀ ਦੇ ਲੇਖ ਵੀ ਸੰਗਤਾਂ ਨੂੰ ਪੜ੍ਹਨ ਨੂੰ ਮਿਲਦੇ ਹਨ।ਅੱਜ ਉਨ੍ਹਾਂ ਵੱਲੋਂ ਲਿਖਿਆ ਗਿਆ ਕਿਤਾਬਚਾ ‘ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ’ ਵੀ ਆਪ ਸਭ ਨੂੰ ਪੜ੍ਹਣ ਵਾਸਤੇ ਦਿੱਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੰਮੂ ਕਸ਼ਮੀਰ ਵਿਖੇ ਆਈ ਕੁਦਰਤੀ ਆਫਤ ਦੋਰਾਨ ਜੋ ਕੰਮ ਸ਼੍ਰੋਮਣੀ ਕਮੇਟੀ ਨੇ ਕੀਤਾ, ਉਸ ਸੇਵਾ ਵਿਚ ਵੀ ਸ. ਬੇਦੀ ਨੇ ਅਹਿਮ ਯੋਗਦਾਨ ਪਾਇਆ।
ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਮਿਲੇ ਸਨਮਾਨ ਤੇ ਸੰਗਤਾਂ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਸਾਹਿਤ ਵੀ ਦਿੱਤਾ ਜਾਵੇਗਾ ਜਿਸ ਨੂੰ ਨੋਜਵਾਨ ਬੱਚੇ ਅਤੇ ਸੰਗਤਾਂ ਪੜ੍ਹ ਕੇ ਗੁਰੂ ਇਤਿਹਾਸ ਤੋਂ ਜਾਣੂੰ ਹੋਣਗੀਆਂ।ਇਸ ਮੌਕੇ ਸ. ਸਮਿੰਦਰ ਸਿੰਘ, ਸ. ਬਲਜੀਤ ਸਿੰਘ ਜੰਮੂ, ਠੇਕੇਦਾਰ ਸ. ਧਰਮ ਸਿੰਘ, ਸ. ਸੁਭਾਗ ਸਿੰਘ ਬੱਗਾ, ਸ. ਬਰਜਿੰਦਰ ਸਿੰਘ, ਸ. ਗੁਰਭੇਜ ਸਿੰਘ ਜੋਹਲ ਸਮੇਤ ਇਲਾਕੇ ਦੀਆਂ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸੰਗਤਾਂ ਨੂੰ ਸ੍ਰ. ਦਿਲਜੀਤ ਸਿੰਘ ਬੇਦੀ ਦਾ ਲਿਖਿਆ ਕਿਤਾਬਚਾ ਵੀ ਵੰਡਿਆ ਗਿਆ।ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply