Thursday, March 28, 2024

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ‘ਤੇ ਭਾਰੀ ਰੋਣਕਾਂ

ਜਥੇਦਾਰ ਨੰਦਗੜ੍ਹ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼

PPN0501201512

ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੰਘ ਸਾਹਿਬ ਦੀ ਰਿਹਾਇਸ਼ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿਚ ਸਿੱਖ ਪੰਥ ਦੀਆਂ ਅਹਿਮ ਜਥੇਬੰਦੀਆਂ ਦੇ ਮੁੱਖੀ ਸਿੰਘਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। ਸਭ ਤੋ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਂਪੰਰਤ ਦੀਵਾਨ ਖੁੱਲ੍ਹੇ ਪੰਡਾਲ ਵਿੱਚ ਸਜਾਏ ਗਏ।ਪੰਥ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਭਾਈ ਬਖਤੌਰ ਵਾਲੇ ਅਤੇ ਬਾਬਾ ਅਵਤਾਰ ਸਿੰਘ ਮਸੂਤਆਣਾ ਸਾਹਿਬ ਵਲੋਂ ਸੰਗਤਾਂ ਨੂੰ ਗੁਰੂ ਜੱਸ ਕੀਰਤਨ ਸਰਵਣ ਕਰਵਾਇਆ ਗਿਆ।ਉਪਰੰਤ ਸਿੱਖ ਕੌਮ ਦੇ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਨਾਨਕਸ਼ਾਹੀ ਕੈਲੰਡਰ ਬਾਰੇ ਸਿੱਖਾਂ ਦੇ ਭਰਮ ਭੁਲੇਖੇ ਦੂਰ ਕੀਤੇ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਤੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਨਾਨਕਸ਼ਾਹੀ ਕੈਲੰਡਰ ਮੁੱਦੇ ਤੇ ਜਥੇਦਾਰ ਨੰਦਗੜ੍ਹ ਨਾਲ ਖੜ੍ਹ ਗਈ ਹੈ। ਤੇ ਅਸੀ ਮੰਗ ਕਰਦੇ ਹਾਂ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਪੰਥਕ ਇੱਕਠ” ਸਰਬੱਤ ਖਾਲਸਾ” ਦੇ ਰੂਪ ਵਿੱਚ ਸੱਦਿਆ ਜਾਵੇ।
ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਨੇ ਆਪਣੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਖੌਤੀ ਸੰਤ ਯੂਨੀਅਨ ਸੰਤ ਸਮਾਜ ਨੇ ਅੱਜ ਪੂਰਨਮਾਸ਼ੀ ਹੋਣ ਕਾਰਨ ਹੀ ਨਾਨਕਸਰ ਕਲੇਰਾਂ ਵਿਖੇ ਇੱਕਠ ਸੱਦਿਆਂ ਹੈ, ਕਿਉਕਿ ਸੰਤ ਸਮਾਜ ਪ੍ਰਮੁੱਖ ਹਰਨਾਮ ਸਿੰਘ ਧੁੰਮਾਂ ਨੂੰ ਪਤਾ ਸੀ ਕਿ ਹੋਰ ਜਗ੍ਹਾ ਤੇ ਮੈਂ ਜਿਆਦਾ ਇੱਕਠ ਨਹੀ ਕਰ ਸਕਦਾ।ਬਲੀਏਵਾਲ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਇੱਕਠ ਨੂੰ ਬਾਬੇ ਕਾ ਅਤੇ ਨਾਨਕਸਰ ਕਲੇਰਾਂ ਸੰਤ ਸਮਾਜ ਦੇ ਇੱਕਠ ਨੂੰ ਬਾਬਰ ਕਾ ”ਸਰਕਾਰੀ” ਇੱਕਠ ਕਹਿ ਕੇ ਵੀ ਸੰਬੋਧਨ ਕੀਤਾ।ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨ ਦੇ ਭਾਈ ਬਲਦੇਵ ਸਿੰਘ ਸਿਰਸਾ, ਗੁਰਿੰਦਰਪਾਲ ਸਿੰਘ ਧਨੋਲਾ, ਭਾਈ ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਤਿਕਾਰ ਸਭਾ ਹਰਿਆਣਾ ਆਦਿ ਨੇ ਵੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੰਦਗੜ੍ਹ ਨੂੰ ਪੰਥ ਦੀ ਅਗਵਾਈ ਕਰਨ ਲਈ ਵੀ ਕਿਹਾ ਅੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਅਸਤੀਫ਼ ਦੇਣ ਸੰਬੰਧੀ ਵਿਚਾਰ ਕੀਤੀ ਸੀ, ਪਰ ਸਿੱਖ ਕੌਮ ਦੇ ਕਈ ਅਹਿਮ ਮੁੰਦੇ ਸਾਹਮਣੇ ਆਏ, ਜਿਸ ਕਾਰਨ ਉਨਾਂ ਨੂੰ ਇਹ ਵਿਚਾਰ ਤਿਆਗਣਾ ਪਿਆ।ਸਿੰਘ ਸਾਹਿਬ ਨੇ ਅੱਜ ਫਿਰ ਆਰ ਐਸ ਐਸ ਨੂੰ ਖੂਬ ਰਗੜੇ ਲਗਾਉਦਿਆਂ ਕਿਹਾ ਕਿ ਆਰ. ਐਸ. ਐਸ ਨਹੀ ਚਾਹੁੰਦੀ ਕਿ ਸਿੱਖ ਇਕ ਵੱਖਰੀ ਕੌਮ ਬਣੇ ਤੇ ਇਨ੍ਹਾਂ ਦਾ ਆਪਣਾ ਵੱਖਰਾ ਹੀ ਕੈਲੰਡਰ ਹੋਵੇ।ਉਨ੍ਹਾ ਕਿਹਾ ਕਿ ਆਰ ਐਸ ਐਸ ਨੇ ਪਹਿਲਾ ਬੁੱਧ ਧਰਮ, ਜੈਨ ਧਰਮ ਅਤੇ ਈਸਾਈ ਧਰਮ ਨੂੰ ਭਾਰਤ ਵਿਚੋਂ ਖਤਮ ਕੀਤਾ ਅਤੇ ਹੁਣ ਇਹ ਸਿੱਖ ਕੌਮ ਨੂੰ ਹੜੱਪਣ ਲਈ ਮੂੁੰਹ ਅੱਡੀ ਖੜੀ ਹੈ।
ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਨਾਨਕਸ਼ਾਹੀ ਕੈਲੰਡਰ, ਧਾਰਾ 25ਬੀ ਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਲਾਮਬੰਦ ਹੋਵੇ ।ਉਨ੍ਹਾਂ ਇੱਕਠੀਆਂ ਹੋਈਆਂ ਜਥੇਬੰਦੀਆਂ ਨੂੰ ਪੰਥਕ ਏਕਤਾ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਤਾਂ ਹੁਣ 24 ਘੰਟੇ ਹਾਜ਼ਰ ਹਨ। ਜਥੇਦਾਰ ਨੇ ਪਹੁੰਚੀਆਂ ਸਿੱਖ ਸੰਗਤਾਂ ਨੂੰ 7 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵਿਸ਼ਾਲ ਮਾਰਚ ਲਈ ਵੱਧ ਤੋਂ ਵੱਧ ਪਹੁੰਚ ਕੇ ਭਾਗ ਲਵੋਂ ਤਾਂ ਕਿ ਬਠਿੰਡੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਪਿਆ ਜਾਵੇ।ਇਸ ਮੌਕੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਜੀਤ ਸਿੰਘ ਗੰਗਾ, ਸੰਤ ਅਨੂਪ ਸਿੰਘ ਫੂਲੋਖਾਰੀ, ਸੰਤ ਛੋਟਾ ਸਿੰਘ ਬੁੰਗਾ ਮਸਤੂਆਣਾ, ਗੁਰਇੰਦਰ ਸਿੰਘ ਰਿੰਪੀ ਮਾਨ, ਮਹਿੰਦਰ ਸਿੰਘ ਖਾਲਸਾ, ਹਰਫੂਲ ਸਿੰਘ, ਕ੍ਰਿਪਾਲ ਸਿੰਘ ਬਠਿੰਡਾ, ਬਲਜਿੰਦਰ ਸਿੰਘ ਸਰਦੂਲਗੜ੍ਹ, ਸੁਖਦੇਵ ਸਿੰਘ ਕਿਤੰਗਰਾ ਆਦਿ ਭਾਰੀ ਗਿਣਤੀ ਵਿੱਚ ਸਿੰਘ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply