Friday, March 29, 2024

ਵਿਸ਼ਵ ਇਤਿਹਾਸ ਦੇ ਮਹਾਨ ਜੇਤੂ ਨਾਲ ਪਾਕਿਸਤਾਨ ਨੇ ਕੀਤਾ ਛਲ

ਰੰਗ-ਰੋਗਣ ਦੇ ਨਾਂਅ ‘ਤੇ ਬਦਲ ਦਿੱਤਾ ਸ. ਨਲਵਾ ਦੀ ਸਮਾਧ ਦਾ ਇਤਿਹਾਸ
ਨਲਵਾ ਦੀਆਂ ਅੰਤਿਮ ਯਾਦਗਾਰਾਂ ‘ਤੇ ਪਾਕਿਸਤਾਨੀ ਸੇਨਾ ਅਤੇ ਪੁਲਿਸ ਦਾ ਕਬਜ਼ਾ ਕਾਇਮ

Hari Singh Nalwa

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ ਬਿਊਰੋ)- ਇਕ ਪਾਸੇ ਆਸਟ੍ਰੇਲੀਆ ਦੀ ਪ੍ਰਸਿਧ ਮੈਗਜ਼ੀਨ ਬਿਲੀਆਨਾਇਰ ਨੇ 14 ਜੁਲਾਈ 1014 ਦੇ ਅੰਕ ਵਿਚ ਵਿਸ਼ਵ ਇਤਿਹਾਸ ਦੇ ਅਜੇ ਤੱਕ ਦੇ ਪ੍ਰਮੁੱਖ 10 ਜੇਤੂਆਂ, ਸ. ਹਰੀ ਸਿੰਘ ਨਲਵਾ, ਚੰਗੇਜ਼ ਖ਼ਾਂ, ਸਿਕੰਦਰ ਮਹਾਨ, ਆਟੀਲਾ ਹੂਣ, ਜੂਲੀਅਸ ਸੀਜ਼ਰ, ਸਾਈਰਸ, ਫਰਾਂਸਿਸਕੋ ਪਿਜ਼ੈਰੋ, ਨੈਪੋਲੀਅਨ ਬੋਨਾਪਾਰਟ, ਹਾਨੀਬਲ ਬਰਕਾ ਅਤੇ ਤੈਮੂਰ ਲੰਗ ਵਿਚੋਂ ਸ. ਨਲਵਾ ਨੂੰ ਪਹਿਲੇ ਸਥਾਨ ‘ਤੇ ਰੱਖ ਕੇ ਉਨ੍ਹਾਂ ਦੇ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਕਟ ਕੀਤਾ ਹੈ, ਉਥੇ ਹੀ ਪਾਕਿਸਤਾਨ ਨੇ ਨਾ ਸਿਰਫ਼ ਅਜੇ ਤੱਕ ਸz. ਨਲਵਾ ਦੀਆਂ ਅੰਤਿਮ ਯਾਦਗਾਰਾਂ ਨੂੰ ਪੁਲਿਸ ਅਤੇ ਸੇਨਾਂ ਤੋਂ ਕਬਜ਼ਾ-ਮੁਕਤ ਹੀ ਕਰਵਾਇਆ ਹੈ, ਸਗੋਂ ਹੁਣ ਰੰਗ-ਰੋਗਣ ਦੇ ਨਾਂਅ ‘ਤੇ ਸ. ਨਲਵਾ ਦੀ ਜਮਰੋਦ ਸਥਿਤ ਸਮਾਧ ਦੇ ਇਤਿਹਾਸ ਨਾਲ ਵੀ ਛੱਲ ਕੀਤੇ ਜਾਣ ਦੀ ਨਿੰਦਣਯੋਗ ਕਾਰਵਾਈ ਕੀਤੀ ਗਈ ਹੈ।ਮੰਗਲਵਾਰ ਦੁਪਿਹਰ ਪੱਤਰਕਾਰਾਂ ਸਾਹਮਣੇ ਉਪਰੋਕਤ ਖ਼ੁਲਾਸਾ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਵਿਸ਼ਵ ਦੇ ਮਹਾਨ ਜਰਨੈਲ ਘੋਸ਼ਿਤ ਕੀਤੇ ਜਾ ਚੁਕੇ ਸ. ਨਲਵਾ ਦੀਆਂ ਅੰਤਿਮ ਯਾਦਗਾਰਾਂ ਵਿਚ ਸ਼ਾਮਲ ਉਨ੍ਹਾਂ ਦੀ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਣਖਵ੍ਹਾ ਦੇ ਜਮਰੋਦ ਕਿਲ੍ਹੇ ਵਿਚ ਸਥਿਤ ਸਮਾਧ ‘ਤੇ ਲੰਬੇ ਸਮੇਂ ਤੋਂ ਪਾਕਿਸਤਾਨੀ ਸੇਨਾ ਦਾ ਕਬਜ਼ਾ ਕਾਇਮ ਹੈ ਅਤੇ ਦੂਸਰੀ ਗੁਜ਼ਰਾਂਵਾਲਾ ਸਥਿਤ ਅੰਤਿਮ ਯਾਦਗਾਰ ਪੁਲਿਸ ਦੇ ਕਬਜ਼ੇ ਵਿਚ ਹੈ।

ਸ਼ੀ. ਕੋਛੜ ਨੇ ਦੱਸਿਆ ਕਿ ਜਮਰੋਦ ਕਿਲ੍ਹੇ ਵਿਚ ਸ. ਨਲਵਾ ਦੇ 30 ਅਪ੍ਰੈਲ 1837 ਨੂੰ ਸ਼ਹੀਦ ਹੋਣ ਦੇ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਾਲਿਤ ਪੁੱਤਰ ਮਹਾਂ ਸਿੰਘ ਮੀਰਪੁਰੀਆ ਦੁਆਰਾ ਕੀਤਾ ਗਿਆ ਸੀ।ਉਨ੍ਹਾਂ ਦੀ ਦੇਹ ਦੀ ਭਸਮ ਕਿਲ੍ਹੇ ਵਿਚ ਹੀ ਇਕ ਅੰਗੀਠਾ ਤਿਆਰ ਕਰਕੇ ਉਸ ਵਿਚ ਪਾ ਦਿੱਤੀ ਗਈ।ਬਾਅਦ ਵਿਚ ਉਸੇ ਅੰਗੀਠੇ ਦੇ ਉੱਪਰ ਸਤੰਬਰ 1902 ਵਿਚ ਪਿਸ਼ਾਵਰ ਦੇ ਠੇਕੇਦਾਰ ਬਾਬੂ ਗੱਜੂ ਮੱਲ ਦੁਆਰਾ ਸz. ਨਲਵਾ ਦੀ ਖੂਸਸੂਰਤ ਸਮਾਧ ਉਸਾਰੀ ਗਈ।ਸ਼੍ਰੀ ਕੋਛੜ ਦੇ ਅਨੁਸਾਰ ਇਸ ਸਮਾਧ ‘ਤੇ ਲੱਗੀ ਪੱਥਰ ਦੀ ਸਿਲ੍ਹ ‘ਤੇ ਸ਼ਾਹਮੁਖੀ, ਗੁਰਮੁਖੀ ਅਤੇ ਅੰਗਰੇਜ਼ੀ ਵਿਚ ਸਮਾਧ ਦੇ ਨਿਰਮਾਣ ਸੰਬੰਧੀ ਸਹੀ ਜਾਣਕਾਰੀ ਕੁਝ ਸਮੇਂ ਪਹਿਲਾਂ ਤੱਕ ਸਹੀ ਢੰਗ ਨਾਲ ਦਰਜ਼ ਸੀ, ਪਰ ਬਾਅਦ ਵਿਚ ਅਚਾਨਕ ਇਥੇ ਕੀਤੀ ਰੰਗ-ਰੰਗਾਈ ਦੇ ਦੌਰਾਨ ਸਮਾਧ ਦੇ ਨਿਰਮਾਣ ਦਾ ਵਰ੍ਹਾ ਸਤੰਬਰ 1902 ਤੋਂ ਬਦਲ ਕੇ ਸਤੰਬਰ 1892 ਕਰ ਦਿੱਤਾ ਗਿਆ।ਜਿਸ ਨਾਲ ਇਸ ਸਮਾਰਕ ਦੇ ਇਤਿਹਾਸ ਦੀ ਸਚਾਈ ‘ਤੇ ਕਦੇ ਵੀ ਪ੍ਰਸ਼ਨ-ਚਿੰਨ੍ਹ ਲੱਗ ਸਕਦਾ ਹੈ।ਉਨ੍ਹਾਂ ਦੱਸਿਆ ਕਿ ਕਿਲ੍ਹਾ ਜਮਰੋਦ ਮੌਜੂਦਾ ਸਮੇਂ ਪਿਸ਼ਾਵਰ ਤੋਂ 18-19 ਕਿਲੋਮੀਟਰ ਦੀ ਦੂਰੀ ‘ਤੇ ਖ਼ੈਬਰ ਪਾਸ ਗੇਟ (ਬਾਬ-ਏ-ਖ਼ੈਬਰ) ਦੇ ਬਿਲਕੁਲ ਨਾਲ ਮੌਜੂਦ ਹੈ।

ਸ਼੍ਰੀ ਕੋਛੜ ਦੇ ਅਨੁਸਾਰ ਸz. ਨਲਵਾ ਦੇ ਸਸਕਾਰ ਦੇ ਕੁਝ ਦਿਨ ਬਾਅਦ ਉਨ੍ਹਾਂ ਦੇ ਵੱਡੇ ਸਪੁੱਤਰ ਸ. ਜਵਾਹਰ ਸਿੰਘ ਨਲਵਾ ਨੇ ਜਮਰੋਦ ਤੋਂ ਆਪਣੇ ਪਿਤਾ ਦੀ ਦੇਹ ਦੀ ਭਸਮ ਗੁਜ਼ਰਾਂਵਾਲਾ ਲਿਆ ਕੇ ਉਨ੍ਹਾਂ ਦੀ ਸਮਾਧ ਸ. ਨਲਵਾ ਦੇ ਬਾਗ਼ ਵਿਚਲੀ ਬਾਰਾਂਦਰੀ ਦੇ ਸਾਹਮਣੇ ਬਣਵਾ ਦਿੱਤੀ।ਉਹਨਾਂ ਦੱਸਿਆ ਕਿ ਗੁਜ਼ਰਾਂਵਾਲਾ ਦੀ ਜੀ.ਟੀ. ਰੋਡ ‘ਤੇ ਸ਼ੇਰਾਂਵਾਲਾ ਬਾਗ਼ ਤੋਂ ਇਕ-ਢੇਡ ਕਿਲੋਮੀਟਰ ਦੀ ਦੂਰੀ ‘ਤੇ ਮੁੱਖ ਸੜਕ ‘ਤੇ ਸ. ਨਲਵਾ ਦੀ ਸਮਾਧ ਅੱਜ ਵੀ ਚੰਗੀ ਅਤੇ ਤਸਲੀਬਖ਼ਸ਼ ਹਾਲਤ ਵਿਚ ਮੌਜੂਦ ਹੈ, ਪਰੰਤੂ ਪਿਛਲੇ ਕਈ ਵਰ੍ਹਿਆਂ ਤੋਂ ਇਸ ਨੂੰ ਪੁਲਿਸ ਥਾਣਾ ਨਵੀਂ ਸਬਜ਼ੀ ਤੇ ਫ਼ਰੂਟ ਮੰਡੀ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।ਇਹ ਪੁਲਿਸ ਥਾਣਾ ਖ਼ਿਆਲੀ ਸਰਕਲ ਦੇ ਅਧੀਨ ਆਉਂਦਾ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਮਹਿਕਮਾ ਔਕਾਫ਼ ਨੂੰ ਸ. ਨਲਵਾ ਦੀਆਂ ਅੰਤਿਮ ਯਾਦਗਾਰਾਂ ਨੂੰ ਕਬਜ਼ਾ ਮੁਕਤ ਕਰਵਾ ਕੇ ਜਮਰੋਦ ਸਥਿਤ ਸਮਾਧ ‘ਤੇ ਇਤਿਹਾਸ ਵਿਚ ਕੀਤੀ ਗਈ ਫੇਰ-ਬਦਲ ਨੂੰ ਤੁਰੰਤ ਦੁਰਸਤ ਕਰਵਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਦੇਸ਼ ਦੀਆਂ ਪਮੁੱਖ ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਨੂੰ ਵੀ ਪਾਕਿਸਤਾਨ ਨਾਲ ਗਲਬਾਤ ਕਰਨੀ ਚਾਹੀਦੀ ਹੈ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply