Thursday, March 28, 2024

ਵਾਹਨਾਂ ‘ਤੇ ਹੁਣ ਨਹੀਂ ਲੱਗਣਗੇ ਟੈਂਪਰੇਰੀ ਨੰਬਰ – ਡੀ. ਟੀ. ਓ

ਹਰ ਨਵੇਂ ਵਾਹਨ ਨੂੰ ਮੌਕੇ ‘ਤੇ ਹੀ ਮਿਲ ਜਾਵੇਗਾ ਪੱਕਾ ਨੰਬਰ

ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਲਾ ਟਰਾਂਸਪੋਰਟ ਦਫਤਰਾਂ ਵਿਚ ਹੁੰਦੀ ਖੱਜ਼ਲ ਖੁਆਰੀ ਅਤੇ ਏਜੰਟਾਂ ਵੱਲੋਂ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਮੌਕੇ ਕੀਤੀ ਜਾਂਦੀ ਲੁੱਟ ਨੂੰ ਬੰਦ ਕਰਨ ਦੇ ਮੱਦੇਨਜ਼ਰ ਨਵੇਂ ਵਾਹਨਾਂ ਦੀ ਖਰੀਦ ਮੌਕੇ ਹੀ ਪੱਕਾ ਨੰਬਰ ਅਲਾਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਹੁਣ ਨਵੇਂ ਵਾਹਨਾਂ ਨੂੰ ਟੈਂਪਰੇਰੀ ਨੰਬਰ ਨਹੀਂ ਲੱਗ ਸਕੇਗਾ। ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰੀਮਤੀ ਲਵਜੀਤ ਕੌਰ ਕਲਸੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਜਨਵਰੀ ਤੋਂ ਇਹ ਪ੍ਰਾਜੈਕਟ ਅਮਲੀ ਰੂਪ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਹਰ ਨਵੇਂ ਵਾਹਨ ਦੀ ਖਰੀਦ ਮੌਕੇ ਹੀ ਪ੍ਰੋਵਿਨਜਨਲ ਨੰਬਰ ਮਿਲ ਜਾਵੇਗਾ, ਜੋ ਕਿ ਪੱਕਾ ਨੰਬਰ ਹੋਵੇਗਾ ਅਤੇ ਉਸ ਦੇ ਇਕ ਮਹੀਨੇ ਅੰਦਰ ਹੀ ਗਾਹਕ ਨੂੰ ਰਜਿਸਟਰੇਸ਼ਨ ਕਾਪੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਵਾਹਨ ਦੀ ਖਰੀਦ ਦੇ ਦੋ ਦਿਨਾਂ ਅੰਦਰ ਹੀ ਸਬੰਧਤ ਏਜੰਸੀ ਤੋਂ ਵਾਹਨ ‘ਤੇ ਸਕਿਉਰਟੀ ਪਲੇਟ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਹਨ ਦੇ ਚੋਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ, ਕਿਉਂਕਿ ਉਕਤ ਪਲੇਟ ਵਾਹਨ ਤੋਂ ਉਖਾੜਨੀ ਤੇ ਬਦਲਣੀ ਅਸਾਨ ਨਹੀਂ ਹੈ।

ਉਨਾਂ ਦੱਸਿਆ ਕਿ ਹੁਣ ਵਾਹਨ ਦੀ ਰਜਿਸਟਰੇਸ਼ਨ ਫੀਸ ਵਾਹਨ ਦੀ ਖਰੀਦ ਮੌਕੇ ਹੀ ਏਜੰਸੀ ਵਿਚ ਅਦਾ ਕਰਵਾ ਲਈ ਜਾਂਦੀ ਹੈ ਅਤੇ ਉਸੇ ਵੇਲੇ ਹੀ ਨੰਬਰ ਅਲਾਟ ਕਰ ਦਿੱਤਾ ਜਾਂਦਾ ਹੈ। ਜੇਕਰ ਕਿਸੇ ਗਾਹਨ ਨੇ ਆਪਣੀ ਪਸੰਦ ਦਾ ਨੰਬਰ ਲੈਣਾ ਹੈ ਤਾਂ ਉਹ ਵੀ ਮੌਕੇ ‘ਤੇ ਹੀ 5 ਹਜ਼ਾਰ ਰੁਪਏ ਵਾਧੂ ਫੀਸ ਦੇ ਕੇ ਆਪਣੀ ਪਸੰਦ ਦਾ ਨੰਬਰ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਾਹਨ ਮਾਲਕ ਨੇ ਫੈਂਸੀ ਨੰਬਰ ਲੈਣਾ ਹੈ, ਤਾਂ ਉਹ ਉਸਨੂੰ ਵਾਹਨ ਖਰੀਦਣ ਤੋਂ ਪਹਿਲਾਂ ਖਰੀਦ ਕੇ ਰੱਖਣਾ ਪਵੇਗਾ ਅਤੇ ਉਸ ਨੰਬਰ ਦੇ ਦਸਤਾਵੇਜ਼ ਵਿਖਾ ਕੇ ਹੀ ਉਹ ਏਜੰਸੀ ਵਿਚੋਂ ਗੱਡੀ ਖਰੀਦ ਸਕੇਗਾ।
ਮੈਡਮ ਕਲਸੀ ਨੇ ਕਿਹਾ ਕਿ ਅਜੇ ਵੀ ਕਈ ਏਜੰਸੀਆਂ ਵਾਲੇ ਵਾਹਨ ਚਾਲਕਾਂ ਨੂੰ ਟਰੇਡ ਸਰਟੀਫਿਕੇਟ (ਟੀ. ਸੀ) ਨੰਬਰ ‘ਤੇ ਵਾਹਨ ਵੇਚ ਰਹੇ ਹਨ, ਜੋ ਕਿ ਗੈਰ ਕਾਨੂੰਨੀ ਹੈ ਅਤੇ ਅਜਿਹੀ ਹਾਲਤ ਵਿਚ ਮਿਲੀ ਗੱਡੀ ਜ਼ਬਤ ਕਰ ਲਈ ਜਾਵੇਗੀ। ਉਨਾਂ ਵਾਹਨ ਲੈਣ ਦੇ ਚਾਹਵਾਨ ਵਿਅਕਤੀਆਂ ਨੂੰ ਸੁਚੇਤ ਕਰਦੇ ਕਿਹਾ ਕਿ ਉਹ ਆਪਣੀ ਗੱਡੀ ਦੀ ਖਰੀਦ ਮੌਕੇ ਕੇਵਲ ਤੇ ਕੇਵਲ ਪ੍ਰੋਵਿਨਜਲ ਆਰ. ਸੀ. ਲੈਣ, ਨਾ ਕਿ ਟੈਂਪਰੇਰੀ ਨੰਬਰ ਜਾਂ ਟੀ. ਸੀ ਦੇ ਅਧਾਰ ‘ਤੇ ਗੱਡੀ ਦੀ ਖਰੀਦ ਕਰਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply