Friday, March 29, 2024

ਦਿੱਲੀ ਫਤਹਿ ਨਾਲ ਸਬੰਧਤ ਕੁਝ ਇਤਿਹਾਸਕ ਤੱਥ

 ਦਿੱਲੀ ਫਤਹਿ ਨਾਲ ਸਬੰਧਤ ਕੁਝ ਇਤਿਹਾਸਕ ਤੱਥ

-ਜਸਵੰਤ ਸਿੰਘ ‘ਅਜੀਤ’
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੀ ਇਸ ਗਲੋਂ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ੨੩੧ ਵਰ੍ਹੇ ਪਹਿਲਾਂ ਸਿੱਖ ਫੌਜਾਂ ਵਲੋਂ ਆਪਣੇ ਜਰਨੈਲਾਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਕੀਤੀ ਗਈ ‘ਦਿੱਲੀ ਫਤਹਿ’ ਦੀ ਯਾਦ ਵਿੱਚ ਦੋ-ਦਿਨਾਂ ਸਮਾਗਮਾਂ ਦਾ ਆਯੋਜਨ ਕਰ ਇਤਿਹਾਸ ਦੇ ਉਸ ਕਾਂਡ ਨੂੰ ਪੁਨਰਜੀਵਤ ਕਰ ਦਿੱਤਾ, ਜੋ ਵਰ੍ਹਿਆਂ ਤੋਂ ਕੇਵਲ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ, ਬੀਤੇ ਸਮੇਂ ਦੀ ਸਾਧਾਰਣ-ਜਿਹੀ ਘਟਨਾ ਬਣ ਦਮ ਤੋੜਦਾ ਚਲਿਆ ਜਾ ਰਿਹਾ ਸੀ, ਇਸਦੇ ਨਾਲ ਹੀ ਉਨ੍ਹਾਂ ਉਸ ਧਾਰਣਾ ਨੂੰ ਵੀ ਨਵਾਂ ਮੋੜ ਦੇ ਦਿੱਤਾ, ਜਿਸ ਅਨੁਸਾਰ ਇਹੀ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ ਕਿ ਅਜ਼ਾਦੀ ਤੋਂ ਪਹਿਲਾਂ ਦਿੱਲੀ ਪੁਰ ਮੁਗਲਾਂ ‘ਤੇ ਉਨ੍ਹਾਂ ਤੋਂ ਬਾਅਦ ਅੰਗ੍ਰੇਜ਼ਾਂ ਨੇ ਹੀ ਰਾਜ ਕੀਤਾ ਹੈ। ਇਸ ਗਲ ਨੂੰ ਗੈਰ-ਸਿੱਖ ਤਾਂ ਕੀ ਆਮ ਸਿੱਖ ਵੀ ਘਟ ਹੀ ਜਾਣਦੇ ਸਨ ਕਿ ਸਿੱਖਾਂ ਨੇ ਵੀ ਕਦੀ ਦਿੱਲੀ ਫਤਹਿ ਕੀਤੀ ਸੀ।
ਦਿੱਲੀ ਪੁਰ ਸਿੱਖ-ਰਾਜ ਭਾਵੇਂ ਕੁਝ ਹੀ ਸਮੇਂ ਲਈ ਰਿਹਾ, ਫਿਰ ਵੀ ਇਸ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹਤੱਤਾ-ਪੂਰਣ ਮੰਨਿਆ ਜਾਂਦਾ ਹੈ। ਇਸਦਾ ਕਾਰਣ ਇਹ ਹੈ ਕਿ ਦਿੱਲੀ ਫਤਹਿ ਕਰਨ ਵਾਲੇ ਸਿੱਖ ਜਰਨੈਲਾਂ ਨੇ ਆਪਣੀ ਫਤਹਿ ਦੇ ਇਸ ‘ਥੋੜ-ਚਿਰੇ ਸਮੇਂ’ ਨੂੰ ਸਦੀਵੀ ਇਤਿਹਾਸਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਇਹ ਮੰਨ, ਕਿ ਰਾਜ-ਸੱਤਾ ਸਦਾ ਰਹਿਣ ਵਾਲੀ ਨਹੀਂ, ਉਨ੍ਹਾਂ ਇਸ ਰਾਜ-ਸੱਤਾ ਨੂੰ, ਦਿੱਲੀ ਵਿੱਚ ਗੁਰੂ ਸਾਹਿਬਾਨ ਦੀ ਆਮਦ, ਉਨ੍ਹਾਂ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਹੋਈ ਸ਼ਹਾਦਤ ਦੀਆਂ ਯਾਦਗਾਰਾਂ ਕਾਇਮ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਦੀ ਕੀਮਤ ‘ਤੇ, ਤਿਆਗ ਦਿੱਤਾ। ਉਨ੍ਹਾਂ ਦੇ ਇਸੇ ਤਿਆਗ ਦੇ ਫਲਸਰੂਪ ਹੀ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਦਿੱਲੀ ਫੇਰੀ ਦੀ ਯਾਦਗਾਰ, ਗੁਰਦੁਆਰਾ ਨਾਨਕ ਪਿਆਓ ਤੇ ਗੁਰਦੁਆਰਾ ਮਜਨੂੰ ਟਿੱਲਾ (ਜਿਥੇ ਗੁਰੂ ਹਰਿਗੋਬਿੰਦ ਸਾਹਿਬ ਵੀ ਠਹਿਰੇ ਸਨ), ਗੁਰੂ ਹਰਿਕ੍ਰਿਸ਼ਨ ਸਾਹਿਬ ਵਲੋਂ ਦਿੱਲੀ ਵਾਸੀਆਂ ਦੀ ਕੀਤੀ ਗਈ ਅਦੁਤੀ ਸੇਵਾ ਦੀ ਯਾਦਗਾਰ, ਗੁਰਦੁਆਰਾ ਬੰਗਲਾ ਸਾਹਿਬ ਅਤੇ ਉਨ੍ਹਾਂ ਦੇ ਜੋਤੀ-ਜੋਤਿ ਸਮਾਣ ਦੇ ਅਸਥਾਨ, ਗੁਰਦੁਆਰਾ ਬਾਲਾ ਸਾਹਿਬ (ਜਿੱਥੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਵੀ ਹਨ), ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਅਤੇ ਜਿਥੇ ਉਨ੍ਹਾਂ ਦੇ ਧੜ ਦਾ ਅੰਤਿਮ ਸਸਕਾਰ ਹੋਇਆ, ਗੁਰਦੁਆਰਾ ਰਕਾਬਗੰਜ, ਗੁਰੂ ਗੋਬਿੰਦ ਸਿੰਘ ਜੀ ਦੀ ਦਿੱਲੀ ਆਮਦ ਦੀ ਯਾਦਗਾਰ ਗਰਦੁਆਰਾ ਮੋਤੀਬਾਗ ਅਤੇ ਉਨ੍ਹਾਂ ਦੀ ਬਾਦਸ਼ਾਹ ਬਹਾਦਰਸ਼ਾਹ ਨਾਲ ਹੋਈ ਮੁਲਾਕਾਤ ਦੇ ਅਸਥਾਨ ਪੁਰ ਗੁਰਦੁਆਰਾ ਦਮਦਮਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਯਾਦਗਾਰ ਦੇ ਰੂਪ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸੁਸ਼ੋਭਤ ਵਿਖਾਈ ਦੇ ਰਹੇ ਹਨ।
ਜੇ ਉਸ ਸਮੇਂ, ਜਦੋਂ ਸਿੱਖ ਜਰਨੈਲਾਂ ਦਿੱਲੀ ਫਤਹਿ ਕੀਤੀ ਸੀ, ਦੇਸ਼ ਵਿੱਚ ਫੈਲੇ ਅਰਾਜਕਤਾ ਦੇ ਵਾਤਾਰਣ ਦੇ ਇਤਿਹਾਸ ਨੂੰ ਘੋਖੀਏ, ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਜੇ ਸਿੱਖ ਜਰਨੈਲ ਰਾਜਸੱਤਾ, ਜਿਸਦੇ ਕੁਝ ਹੀ ਸਮੇਂ ਤਕ ਬਣੇ ਰਹਿਨ ਦੀ ਸੰਭਾਵਨਾ ਸੀ, ਦੀ ਲਾਲਸਾ ਦਾ ਤਿਆਗ ਨਾ ਕਰਦੇ ਤਾਂ, ਭਾਵੇਂ ਉਨ੍ਹਾਂ ਦਾ ਰਾਜ ਦੀ ਹੋਂਦ ਇਤਿਹਾਸ ਵਿੱਚ ਇੱਕ ਕਾਂਡ ਦੇ ਰੂਪ ਵਿੱਚ ਸ਼ਾਮਲ ਹੋ ਜਾਂਦੀ, ਪ੍ਰੰਤੂ ਅੱਜ ਜੋ ਇਤਿਹਾਸਿਕ ਗੁਰਦੁਆਰੇ ਗੁਰੂ ਸਾਹਿਬਾਨ ਦੀ ਯਾਦਗਾਰ ਵਜੋਂ ਸਥਾਪਤ ਉਨ੍ਹਾਂ ਦੇ ਆਦਰਸ਼ਾਂ ਦਾ ਸੰਦੇਸ਼ ਪ੍ਰਚਾਰਤ ਅਤੇ ਪ੍ਰਸਾਰਤ ਕਰਨ ਦੇ ਸ੍ਰੋਤ ਦੇ ਰੂਪ ਵਿੱਚ ਸੁਸ਼ੋਭਤ ਵਿਖਾਈ ਦੇ ਰਹੇ ਹਨ, ਉਹ ਸ਼ਾਇਦ ਹੀ ਵਿਖਾਈ ਦਿੰਦੇ।
ਗੱਲ ਸਮਾਗਮਾਂ ਦੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਤ ‘ਫਤਹਿ ਮਾਰਚ’ ਸਫਲ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ, ਪ੍ਰੰਤੂ ਸੁਨਿਯੋਜਿਤ ਨਾ ਹੋ ਬੇਕਾਬੂ ਭੀੜ ਦਾ ਪ੍ਰਦਰਸ਼ਨ ਬਣ, ਇਹ ਮਾਰਚ ਉਹ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਸਕਿਆ, ਜਿਸਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ। ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰਦੁਆਰਾ ਕਮੇਟੀ ਵਲੋਂ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਨੀਲੀ ਤੇ ਕੇਸਰੀ ਪਗੜੀਆਂ ਸਜਾ ਅਤੇ ਬੀਬੀਆਂ ਕੇਸਰੀ ਦੁਪੱਟੇ ਲੈ, ਫਤਹਿ ਮਾਰਚ ਵਿੱਚ ਸ਼ਾਮਲ ਹੋਣ, ਪ੍ਰੰਤੂ ਬਾਦਲ ਅਕਾਲੀ ਦਲ ਦੇ ਇਸਤ੍ਰੀ ਵਿੰਗ ਦੀ ਪ੍ਰਧਾਨ ਬਖਸ਼ੀ ਮਨਦੀਪ ਕੌਰ ਦੀ ਅਗਵਾਈ ਵਿੱਚ ਇਸ ਵਿੰਗ ਦੀਆਂ ਬੀਬੀਆਂ ਤੋਂ ਸਿਵਾ ਹੋਰ ਦਲ ਦਾ ਕੋਈ ਵੀ ਹੋਰ ਵਿੰਗ ਕੇਸਰੀ ਦੁਪੱਟੇ ਲੈ ਜਾਂ ਨੀਲੀ-ਕੇਸਰੀ ਪਗੜੀਆਂ ਬੰਨ੍ਹ ਦਿੱਲੀ ਫਤਹਿ ਮਾਰਚ ਵਿੱਚ ਸ਼ਾਮਲ ਨਹੀਂ ਹੋਇਆ। ਇਹੀ ਬੀਬੀਆਂ ਕੇਸਰੀ ਦੁਪੱਟੇ ਲਈ ਫਤਹਿ ਮਾਰਚ ਦੀ ਸ਼ੋਭਾ ਵਧਾਦੀਆਂ ਵਿਖਾਈ ਦੇ ਰਹੀਆਂ ਸਨ।
ਜਿਥੋਂ ਤਕ ਲਾਲ ਕਿਲ੍ਹਾ ਮੈਦਾਨ ਵਿੱਚ ਹੋਏ ਸਮਾਗਮ ਦੀ ਗਲ ਹੈ, ਉਸ ਵਿੱਚ ਹਰਸ਼ਦੀਪ ਕੌਰ ਵਲੋਂ ਸੂਫੀਆਨਾ ਰੰਗ ਵਿੱਚ ਪੇਸ਼ ਗੁਰਸ਼ਬਦ ਅਤੇ ਦੇਸ਼ ਭਗਤੀ ਦੇ ਗੀਤ ਸ੍ਰੋਤਿਆਂ ਪੁਰ ਆਪਣਾ ਪ੍ਰਭਾਵ ਛੱਡਣ ਵਿੱਚ ਸਫਲ ਰਹੇ, ਬੀਰ ਖਾਲਸਾ ਗਰੁਪ ਵਲੋਂ ਪੇਸ਼ ਬੀਰ-ਰਸ ਅਧਾਰਤ ਪ੍ਰਦਰਸ਼ਨ ਵੀ ਦਿਲ ਦੀਆਂ ਗਹਿਰਾਈਆਂ ਤਕ ਨੂੰ ਛਹੁ ਜਾਣ ਵਾਲਾ ਸੀ, ਪ੍ਰੰਤੂ ਇਸ ਪ੍ਰਦਰਸ਼ਨ ਵਿੱਚ ਜੋ ਖਤਰਨਾਕ ‘ਜੌਹਰ’ ਵਿਖਾਏ ਗਏ ਉਹ ਡਰ ਪੈਦਾ ਕਰ ਥਰ-ਥੱਰਾ ਦੇਣ ਵਾਲੇ ਸਨ, ਜਿਨ੍ਹਾਂ ਦੇ ਜਨਤਕ ਪ੍ਰਦਰਸ਼ਨ ਤੋਂ ਬਚਿਆ ਜਾਣਾ ਚਾਹੀਦਾ ਸੀ, ਕਿਉਂਕਿ ਅਜਿਹੇ ਪ੍ਰਦਰਸ਼ਨ ਵਿੱਚ ਜ਼ਰਾ ਜਿੰਨੀ ਵੀ ਚੁੱਕ ਖਤਰਨਾਕ ਹੋ ਸਕਦੀ ਸੀ। ਇਹੀ ਕਾਰਣ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਦਾ ਸਾਹ ਸੁਕਿਆ ਹੋਇਆ ਸੀ। ਅਜਿਹੇ ਪ੍ਰਦਰਸ਼ਨ ਨੂੰ ਕੋਈ ਬਹਾਦਰੀ ਭਰਿਆ ਕਾਰਨਾਮਾਂ ਨਹੀਂ ਮੰਨਿਆ ਜਾ ਸਕਦਾ। ਲੋੜੋਂ ਵੱਧ ਅਤੇ ਖਤਰਨਾਕ ਵਿਸ਼ਵਾਸ ਨਾਲ ਭਰਪੂਰ ਇੱਕ ਅਜਿਹਾ ਆਤਮ-ਵਿਸ਼ਵਾਸ ਜ਼ਰੂਰ ਕਿਹਾ ਜਾ ਸਕਦਾ ਹੈ, ਜਿਸ ਦੀ ਕਿਸੇ ਵੀ ਸਮੈਂ ਭਾਰੀ ਕੀਮਤ ਚੁਕਾਣੀ ਪੈ ਸਕਦੀ ਹੈ। ਇਸਤੋਂ ਇਲਾਵਾ ਪੰਜਾਬੀ ਰੰਗਮੰਚ ਪਟਿਆਲਾ ਵਲੋਂ ਪੇਸ਼ ‘ਲਾਈਟ ਐਂਡ ਸਾਉਂਡ’ ਪ੍ਰੋਗਰਾਮ ਇਤਿਹਾਸ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਤੋਂ ਲਾਲ ਕਿਲ੍ਹੇ ਪੁਰ ਖਾਲਸਈ ਨਿਸ਼ਾਨ ਲਹਿਰਾਏ ਜਾਣ ਤਕ ਦੀਆਂ ਘਟਨਾਵਾਂ ਨੂੰ ਪੁਨਰਜੀਵਿਤ ਕਰਨ ਵਿੱਚ ਸਫਲ ਰਿਹਾ।

Mobile : +91 95 82 71 98 90 / +91 98 68 91 77 31                 E-mail : jaswantsinghajit@gmail.com

 

Check Also

ਬੁਜ਼ਦਿਲ

ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ …

Leave a Reply