Thursday, March 28, 2024

ਕਾਂਗਰਸ ਚੋਣ ਦਫਤਰ ‘ਤੇ ਹਮਲਾ ਨੂੰ ਲੈ ਕੇ ਕਾਂਗਰਸ ਹੋਈ ਹਮਲਾਵਰ

ਹਮਲਾ ਵਿਰੋਧੀਆਂ ਦੀ ਬੁਖਲਾਹਟ ਦੀ ਨਿਸ਼ਾਨੀ – ਔਜਲਾ

PPN160421

ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਉਤਰੀ ‘ਚ ਸਥਿਤ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਦਫਤਰ ‘ਚ ਗੋਲੀਆਂ ਚਲਾਉਣ ਦਾ ਮਾਮਲਾ ਗਰਮਾ ਗਿਆ ਹੈ। ਜਿਸ ਨੂੰ ਲੈ ਕੇ ਜਿਥੇ ਸਾਰੀ ਕਾਂਗਰਸ ਹਲਕਾ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਦੀ ਪਿੱਠ ‘ਤੇ ਆ ਗਈ ਹੈ ਉਥੇ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਹ ਸਾਰੇ ਘਟਨਾਕ੍ਰਮ ਦੀ ਜਾਂਚ ਕਰੇ ਅਤੇ ਇਸ ਇਲਾਕੇ ਵਿਚ ਜਿੰਮੇਵਾਰ ਉਨ੍ਹਾਂ ਅਧਿਕਾਰੀਆਂ ਦੀ ਪਛਾਣ ਵੀ ਕਰੇ ਜੋ ਇਸ ਘਟਨਾ ਨੂੰ ਰੋਕਣ ‘ਚ ਨਾਕਾਮਯਾਬ ਹੋਏ ਹਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਕਾਨੂੰਨ ਦੇ ਦਾਇਰੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਕਾਂਗਰਸ ਵੱਲੋਂ ਕੀਤੇ ਜਾ ਰਿਹਾ ਚੋਣ ਪ੍ਰਚਾਰ ਅਕਾਲੀ ਅਤੇ ਭਾਜਪਾ ਆਗੂਆਂ ਨੂੰ ਹਜ਼ਮ ਨਹੀਂ ਹੋ ਰਿਹਾ ਉਹ ਦਹਿਸ਼ਤ ਦਾ ਮਾਹੋਲ ਬਣਾ ਕੇ ਲੋਕਾਂ ਨੂੰ ਵੋਟਾਂ ਦੇ ਲਈ ਆਪਣੇ ਹੱਕ ਵਿਚ ਭੁਗਤਾਉਣਾ ਚਾਹੁੰਦੇ ਹਨ। ਜਿਸ ‘ਚ ਉਹ ਕਾਮਾਯਾਬ ਨਹੀਂ ਹੋ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀਆਂ ਦੇ ਬੁਲੰਦ ਹੌਂਸਲਿਆਂ ਤੋਂ ਡਰੀ ਭਾਜਪਾ ਅਤੇ ਅਕਾਲੀ ਦਲ ਜੋ ਮਰਜੀ ਹੱਥ ਕੰਡੇ ਅਪਨਾ ਲਵੇ। ਉਸ ਦਾ 30 ਅਪ੍ਰੈਲ ਨੂੰ ਪੈਣ ਜਾ ਰਹੀਆਂ ਵੋਟਾਂ ‘ਤੇ ਕੋਈ ਵੀ ਅਸਰ ਨਹੀਂ ਪਵੇਗਾ। ਲੋਕ ਕਿਸੇ ਵੀ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਅਤੇ ਉਹ ਆਪਣੀ ਜ਼ਮੀਰ ਨੂੰ ਜਿਉਂਦਾ ਰੱਖਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਸਾਸ਼ਨ ਨੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਤਾਂ ਪੁਲਸ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਅੰਮ੍ਰਿਤਸਰ ਪੁੱਜੇ ਆਰ.ਐਸ.ਐਸ ਵਰਕਰਾਂ ਨੇ ਵੀ ਕੋਈ ਖ਼ਰਾਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਉਨ੍ਹਾਂ ਦੀ ਭਾਸ਼ਾ ‘ਚ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਅਤੇ ਚੋਣ ਅਧਿਕਾਰੀਆਂ ਨੂੰ ਆਰ.ਐਸ.ਐਸ. ਦੀਆਂ ਕੁਟਲ ਨੀਤੀਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਭਾਜਪਾ ਅਤੇ ਅਕਾਲੀ ਸਮਰਥਕਾਂ ਦੇ ਲਾਇਸੰਸ ਹਥਿਆਰ ਜਮ੍ਹਾਂ ਨਹੀਂ ਹੋ ਰਹੇ ਇਸ ਦੇ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੱਖੀ ਚਲ ਰਹੀ ਹਵਾ ਨੂੰ ਰੋਕਣ ਦੇ ਲਈ ਡੂੰਘੀਆਂ ਸਾਜਿਸ਼ਾਂ ਤਹਿਤ ਦਹਿਸ਼ਤ ਵਾਲੇ ਹਾਲਾਤ ਬਣਾਉਣ ਦੀ ਜੋ ਸਾਜਿਸ਼ ਰਚੀ ਜਾ ਰਹੀ ਹੈ, ਜੇ ਕੋਈ ਅਣਸੁਖਾਵੀ ਘਟਨਾ ਵਾਪਰੀ ਤਾਂ ਉਸ ਦੇ ਲਈ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ। ਔਜਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਅੰਿਮ੍ਰਤਸਰ ਤੋਂ ਕਾਂਗਰਸ ਦੇ ਉਮੀਦਵਾਰ ਪਹਿਲਾਂ ਹੀ ਇਸ ਹਲਕੇ ਨੂੰ ਇਸੇ ਕਰਕੇ ਅਤਿ ਸੰਵੇਦਨਸ਼ੀਲ ਹਲਕਾ ਐਲਾਨਣ ਦੀ ਮੰਗ ਕਰ ਚੁੱਕੇ ਹਨ ਕਿਉਂਕਿ ਵਿਰੋਧੀ ਧਿਰ ਹੁਣ ਬੁਖਲਾਹ ਚੁੱਕੀ ਹੈ ਅਤੇ ਇਸ ਬੁਖਲਾਹਟ ਦੇ ਵਿਚ ਕੋਈ ਵੀ ਕਦਮ ਚੁੱਕ ਸਕਦੀ ਹੈ। ਇਸ ਦੀ ਤਾਜ਼ਾ ਮਿਸ਼ਾਲ ਕਾਂਗਰਸ ਚੋਣ ਦਫਤਰ ‘ਤੇ ਕੀਤਾ ਗਿਆ ਹਮਲਾ ਹੈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply