Thursday, March 28, 2024

ਕੈਂਸਰ ਪੀੜਤਾਂ ਨੂੰ ਅਖੌਤੀ ਮੱਦਦ ਦੇ ਨਾਮ ‘ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੀ ਐਮ.ਪੀ. ਬਾਦਲ – ਮਨਪ੍ਰੀਤ ਬਾਦਲ

PPN180405

ਬਠਿੰਡਾ, 18  ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-  ਪੀ.ਪੀ.ਪੀ., ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਦਿਆਂ ਸਵਾਲ ਪੁੱਛਿਆ ਹੈ ਕਿ ਜੋ ਉਨਾਂ ਦੀ ਸਰਕਾਰ ਲੋਕ ਭਲਾਈ ਦੇ ਦਾਅਵੇ ਕਰਦੀ ਹੈ ਨੇ ਪੰਜਾਬ ਕੈਂਸਰ ਪੀੜਤਾਂ ਲਈ ਆਪਣੇ ਦੋ ਲਗਾਤਾਰ ਰਾਜਕਾਲ ਦੌਰਾਨ ਕੀ ਕੀਤਾ ਹੈ। ਆਪਣੇ ਚੋਣ ਰੈਲੀਆਂ ਦੌਰਾਨ ਕਿਹਾ ਕਿ ਇਹ ਦੁਖਦਾਈ ਹੈ ਕਿ ਬਾਦਲ ਸਰਕਾਰ ਕੈਂਸਰ ਪੀੜਤਾਂ ਨੂੰ ਵਾਰੀ-ਵਾਰੀ ਐਲਾਨਣ ਦੇ ਬਾਵਜੂਦ ਵੀ ਉਨਾਂ ਦੀ ਹੱਕੀ ਬਣਦੀ ਸਰਕਾਰੀ ਮਦਦ ਜਾਰੀ ਨਹੀਂ ਕਰ ਸਕੀ। ਕੈਂਸਰ ਨੇ ਮਾਲਵਾ ਪੱਟੀ ਨੂੰ ਘੁਣ ਵਾਂਗ ਖਾ ਲਿਆ ਹੈ ਅਤੇ ਖੁਦ ਮੁਖ ਮੰਤਰੀ ਇਸੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ। ਉਨਾਂ ਨੇ ਅੱਗੇ ਕਿਹਾ ਕਿ ਇੱਥੋਂ ਦੀ ਐਮ.ਪੀ. ਬਾਦਲ ਜੋ ਡਿਪਟੀ ਉਪ ਮੁੱਖ ਮੰਤਰੀ ਦੀ ਘਰਵਾਲੀ ਹੈ ਅਤੇ ਮੁੱਖ ਮੰਤਰੀ ਦੀ ਨੂੰਹ ਹੈ ਦੂਸਰੀ ਵਾਰ ਵੋਟਰਾਂ ਤੋਂ ਕੈਂਸਰ ਪੀੜਤਾਂ ਲਈ ਰਾਹਤ ਵੰਡਣ ਦੇ ਨਾਂ ਤੇ ਵੋਟਾਂ ਮੰਗ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਐਮ.ਪੀ. ਦੇ ਲੱਖ ਐਲਾਨਾਂ ਦੇ ਬਾਵਜੂਦ ਵੀ ਇੰਨਾ ਸਮਾਂ ਲੰਘਣ ਤੇ ਵੀ ਬਠਿੰਡੇ ਵਿੱਚ ਕੈਂਸਰ ਪੀੜਤਾਂ ਲਈ ਕੋਈ ਵੀ ਸਰਕਾਰੀ ਹਸਪਤਾਲ ਨਹੀਂ ਉਸਾਰਿਆ ਜਾ ਸਕਿਆ।ਜਿਸ ਵਿੱਚ ਵਾਜਬ ਅਤੇ ਸੱਸਤੇ ਭਾਅ ‘ਤੇ ਲੋੜਵੰਦਾਂ ਦਾ ਇਲਾਜ ਹੋ ਸਕਿਆ ਹੋਵੇ। ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਅੱਜ ਵੀ ਬਠਿੰਡਾ ਦੇ ਕੈਂਸਰ ਪੀੜਤਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਮਹਿੰਗੇ ਭਾਅ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ, ਜੋ ਮਹਿੰਗਾ ਇਲਾਜ ਨਹੀਂ ਸਹਿਣ ਕਰ ਪਾਉਂਦੇ ਉਹ ‘ਕੈਂਸਰ ਟ੍ਰੇਨ’ ਵਿੱਚ ਰੁਲਦੇ ਹੋਏ ਬੀਕਾਨੇਰ ਜਾਂਦੇ ਨੇ।ਇਸ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਦੀਆਂ ਸਿਹਤ ਸਹੂਲਤਾਂ ਤੋਂ ਮੁੱਖ ਮੋੜ ਲਿਆ ਹੈ।ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ ਨਰਿੰਦਰ ਮੋਦੀ ਦੀ ਕੇਂਦਰ ਵਿੱਚ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਫੰਡਾਂ ਦੀ ਕਮੀ ਨਹੀਂ ਆਵੇਗੀ ਅਤੇ ਇੱਥੇ ਸਿਹਤ ਸੇਵਾਵਾਂ ਦਾ ਸੁਧਾਰ ਹੋਵੇਗਾ। ਪ੍ਰਕਾਸ਼ ਸਿੰਘ ਬਾਦਲ ਦੇ ਅਜਿਹੇ ਗੁੰਮਰਾਹਕੁਨ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਮੌਜ਼ੂਦਾ ਸਰਕਾਰ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਨਾ ਚਾਹੁੰਦੀ ਹੈ ਜਦੋਂ ਕਿ ਅਸਲੀਅਤ ਵਿੱਚ ਕਿਸੇ ਵੀ ਸੂਬੇ ਵਿੱਚ ਅਜਿਹੀਆਂ ਸੁੱਖ ਸਹੂਲਤਾਂ ਅਤੇ ਸਿਹਤ ਸੇਵਾਵਾਂ ਲਈ ਕੇਂਦਰ ਸਰਕਾਰ ਦਾ ਕੋਈ ਵੀ ਸਿਧਾਂਤ ਨਹੀਂ ਹੁੰਦਾ ਅਤੇ ਸੂਬੇ ਦੇ ਲੋਕਾਂ ਨੂੰ ਇਹ ਸਹੂਲਤਾਂ ਦੇਣੀਆਂ ਸੂਬਾ ਸਰਕਾਰ ਦਾ ਹੀ ਕੰਮ ਹੁੰਦਾ ਹੈ। ਉਨਾਂ ਅੱਗੇ ਕਿਹਾ ਕਿ ਅਕਾਲੀ ਦਲ ਕੋਲ ਇਹਨਾਂ ਲੋਕ ਸਭਾ ਚੋਣਾਂ ਵਿੱਚ ਕੋਈ ਵੀ ਆਪਣਾ ਏਜੰਡਾ ਨਹੀਂ ਹੈ ਅਤੇ ਉਹ ਕੇਵਲ ਤੇ ਕੇਵਲ ਮੋਦੀ ਦੇ ਨਾਂ ਤੇ ਇਹ ਚੋਣਾਂ ਹਥਿਆਣਾ ਚਾਹੁੰਦੇ ਨੇ ਪਰ ਮੋਦੀ ਦੀ ਹਵਾ ਵਾਲੀ ਗੱਲ ਪੰਜਾਬ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਉਹਨਾ ਅੱਗੇ ਕਿਹਾ ਕਿ ਮੋਦੀ ਸਰਹੱਦੀ ਸੂਬਿਆਂ ਲਈ ਸਾਰਥਕ ਨਹੀਂ ਹੈ ਕਿਉਂਕਿ ਸਰਹੱਦੀ ਸੂਬਿਆਂ ਦੇ ਲੋਕ ਆਪਣੇ ਪੜੋਸੀਆਂ ਨਾਲ ਸ਼ਾਂਤੀ ਅਤੇ ਮਿੱਤਰਤਾ ਵਾਲਾ ਮਹੌਲ ਚਾਹੁੰਦੇ ਨੇ ਜਦੋਂ ਕਿ ਮੋਦੀ ਦੇ ਬਿਆਨ ਹਮੇਸ਼ਾਂ ਹੀ ਤਲਖੀ ਪੈਦਾ ਕਰਨ ਵਾਲੇ ਹੁੰਦੇ ਨੇ, ਜਿਸ ਨਾਲ ਅੰਤਰਰਾਸ਼ਟਰੀ ਵਪਾਰ ਅਤੇ ਸਨੇਹ ਵਿੱਚ ਕੜਾਵਹਟ ਪੈਦਾ ਹੁੰਦੀ ਹੈ। ਇੱਥੋਂ ਦੇ ਲੋਕ ਬਾਰਡਰ ਦੇ ਆਰ-ਪਾਰ ਦਾ ਵਪਾਰ ਚਾਹੁੰਦੇ ਨੇ ਜਿਸ ਨਾਲ ਉਹਨਾ ਦੇ ਜੀਵਨ ਵਿੱਚ ਖੁਸ਼ਹਾਲੀ ਆਵੇ। ਉਹਨਾ ਅੱਗੇ ਕਿਹਾ ਕਿ ਮੋਦੀ ਵਰਗਾ ਵਿਅਕਤੀ ਦੇਸ਼ ਲਈ ਘਾਤਕ ਸਿੱਧ ਹੋਵੇਗਾ ਕਿਉਂਕਿ ਨਫਰਤ ਦੀ ਰਾਜਨੀਤੀ ਲਈ ਹਿੰਦੂਸਤਾਨ ਵਿੱਚ ਕੋਈ ਜਗਾ ਨਹੀਂ ਹੈ ਅਤੇ ਮੋਦੀ ਵਰਗਾ ਵਿਅਕਤੀ ਜੇਕਰ ਸੱਤਾ ਵਿੱਚ ਆਉਂਦਾ ਹੈ ਤਾਂ ਦੇਸ਼ ਦੇ ਟੋਟੇ ਟੋਟੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply