Friday, April 19, 2024

ਦੂਜੇ ਲਾ ਮਿਸਾਲ ਰੋਡ ਸ਼ੋਅ ਰਾਹੀਂ ਜੇਤਲੀ ਦੀ ਵੱਡੀ ਜਿੱਤ ਦਾ ਮਜੀਠਾ ਵਾਸੀਆਂ ਕੀਤਾ ਐਲਾਨ

ਕੈਪਟਨ ਨੂੰ ਵੱਡਾ ਝਟਕਾ, ਮਜੀਠਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਅਕਾਲੀ ਦਲ ਵਿੱਚ ਸ਼ਾਮਿਲ

PPN230416

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕਸਬਾ ਮਜੀਠਾ ਵਿਖੇ ਕਰਵਾਏ ਗਏ ਦੂਜੇ ਲਾ ਮਿਸਾਲ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਦੀ ਜੋਸ਼ ਭਰਪੂਰ ਸ਼ਮੂਲੀਅਤ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਵੱਡੀ ਲੀਡ ਨਾਲ ਜਿੱਤ ਨੂੰ ਯਕੀਨੀ ਕਰ ਦਿੱਤਾ। ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਕੇਸ਼ ਕੁਮਾਰ ਲਵਲੀ ਅਤੇ ਓ ਬੀ ਸੀ ਵਿੰਗ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਨੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਕਸਬਾ ਮਜੀਠਾ ਦੇ ਬਾਜ਼ਾਰਾਂ ਵਿੱਚ ੩ ਘੰਟੇ ਚੱਲੇ ਰੋਡ ਸ਼ੋਅ ਦੌਰਾਨ ਵਰਕਰਾਂ ਦਾ ਉਤਸ਼ਾਹ ਦੇਖਣਯੋਗ ਸੀ , ਲੋਕਾਂ ਨੇ ਵੀ ਘਰਾਂ ਅਤੇ ਦੁਕਾਨਾਂ ਵਿੱਚੋਂ ਨਿਕਲ ਕੇ ਸ:ਮਜੀਠੀਆ ਅਤੇ ਸ੍ਰੀ ਜੇਤਲੀ ‘ਤੇ ਜ਼ਬਰਦਸਤ ਫੁੱਲਾਂ ਦੀ ਕੀਤੀ ਗਈ ਵਰਖਾ ਨੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਰਾਜਸੀ ਮਾਹਿਰਾਂ ਨੇ ਚਵਿੰਡਾ ਦੇਵੀ ਤੋਂ ਬਾਅਦ ਮਜੀਠਾ ਵਿਖੇ ਕੀਤੇ ਗਏ ਰੋਡ ਸ਼ੋਆਂ ਨੂੰ ਜੇਤਲੀ ਦੀ ਵੱਡੀ ਜਿੱਤ ਦਾ ਮਜੀਠੀਆ ਵੱਲੋਂ ਕੀਤਾ ਗਿਆ ਐਲਾਨ ਕਰਾਰ ਦਿੱਤਾ। ਮਜੀਠਾ ਦੇ ਆਸਪਾਸ ਦੇ ਪਿੰਡਾਂ ਦੇ ਹਜ਼ਾਰਾਂ ਲੋਕ ਆਪ ਮੁਹਾਰੇ ਰੋਡ ਸ਼ੋਅ ਦਾ ਹਿੱਸਾ ਬਣਨ ਲਈ ਉਮੜੇ। ਅੱਜ ਦਾ ਰੋਡ ਸ਼ੋਅ ਗਿਣਤੀ ਅਤੇ ਜੋਸ਼ ਪੱਖੋਂ ਜਿੱਥੇ ਲਾ ਮਿਸਾਲ ਸੀ ਉੱਥੇ ਇਸਦੀ ਕਾਮਯਾਬੀ ਕਾਰਨ ਵਿਰੋਧੀ ਖੇਮੇ ਦੀ ਰਹਿੰਦੀ ਖੁੰਹਦੀ ਉਮੀਦ ਵੀ ਜਾਂਦੀ ਰਹੀ। ਇਸ ਮੌਕੇ ਲੋਕਾਂ ਨੇ ਅਕਾਲੀ-ਭਾਜਪਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਕੇ ਅਸਮਾਨ ਗੁੰਜਾ ਛੱਡਿਆ। ਇਸ ਮੌਕੇ ਲੋਕਾਂ ਦੇ ਮੂੰਹੋਂ ਇਹ ਗੱਲ ਕਿ ਜਿਹੜਾ ਮਹਾਰਾਣੀ ਨੂੰ ਨਹੀਂ ਲੱਭਦਾ ਉਹ ਮਹਾਰਾਜਾ ਕੈਪਟਨ ਸਾਨੂੰ ਕਿੱਥੇ ਲੱਭ ਜਾਊ ਅਤੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣ ਜਾਣੀ ਹੈ ਫਿਰ ਕੈਪਟਨ ਤੋਂ ਕਿਸੇ ਨੇ ਕੀ ਲੈਣਾ ਆਦਿ ਫਿਕਰੇ ਸੁਣੇ ਗਏ। ਇਸੇ ਦੌਰਾਨ ਕੈਪਟਨ ਦਾ ਮਜੀਠੇ ਤੋਂ ਸੰਭਾਵੀ ਹਾਰ ਨੂੰ ਦੇਖਦਿਆਂ ਰਾਤਾਂ ਨੂੰ ਬੜਬੜਾਉਣਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ।  ਅੱਜ ਪੂਰਾ ਮਜੀਠਾ ਕਸਬਾ ਹੀ ਅਕਾਲੀ-ਭਾਜਪਾ ਦੇ ਰੰਗ ਵਿੱਚ ਰੰਗਿਆ ਗਿਆ। ਨਾਟਕ ਕਲਾਕਾਰਾਂ ਵੱਲੋਂ ਕੈਪਟਨ ਅਤੇ ਉਸ ਦੀ ਮਹਿਲਾ ਦੋਸਤ ਸੰਬੰਧੀ ਨਾਟਕਾਂ ਦੀ ਵਿਅੰਗਮਈ ਪੇਸ਼ਕਸ਼ ਤੋਂ ਲੋਕਾਂ ਨੇ ਲੁਤਫ਼ ਲਿਆ। ਇਸ ਮੌਕੇ ਰੋਡ ਸ਼ੋਅ ਤੋਂ ਪਹਿਲਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ੧੯੮੪ ਸਿੱਖ ਵਿਰੋਧੀ ਦੰਗਿਆਂ ਪ੍ਰਤੀ ਜਗਦੀਸ਼ ਟਾਈਟਲਰ ਦੇ ਹੱਕ ਵਿੱਚ ਲਏ ਗਏ ਸਟੈਂਡ ਨਾਲ ਉਸ ਦਾ ਦੋਗਲਾ ਚਰਿੱਤਰ ਵੀ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਲਈ ਆਪਣੇ ਸਿੱਖ ਭਾਈਚਾਰੇ ਦੇ ਕੌਮੀ ਦਰਦ ਦੀ ਥਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਦੀ ਜੀ ਹਜ਼ੂਰੀ ਕਰਨੀ ਅਤੇ ਦੋਸ਼ੀ ਕਾਂਗਰਸੀ ਨੂੰ ਬਚਾਉਣਾ ਅਹਿਮ ਹੋਗਿਆ ਹੇ।  ਉਨ੍ਹਾਂ ਅੱਜ ਦੇ ਇਤਿਹਾਸਕ ਰੋਡ ਸ਼ੋਅ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕੀਤਾ।ਜੇਤਲੀ ਨੇ ਕਿਹਾ ਕਿ ਵੱਡੀ ਹਾਰ ਦੇਖ ਕੇ ਕੈਪਟਨ ਬੌਖਲਾਹਟ ਵਿੱਚ ਹੈ।ਇਸ ਮੌਕੇ ਜੋਸ਼ੀਲੇ ਅਤੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਕੈਪਟਨ ਅਮਰਿੰਦਰ ਸਿੰਘ ‘ਤੇ ਚੋਟ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਵਾਸੀਆਂ ਨੇ ਕੈਪਟਨ ਦੇ ਪਸੀਨੇ ਛੁੱਡਾ ਦਿੱਤੇ ਹਨ ਅਤੇ ਮਜੀਠਾ ਵਾਸੀਆਂ ਤੋਂ ਹੀ ਉਸ ਨੂੰ ਸਭ ਤੋਂ ਵੱਡੀ ਸ਼ਿਕਸਤ ਮਿਲ ਰਹੀ ਹੈ। ਉਹਨਾਂ ਕਿਹਾ ਲੋਕ ਵਿਕਾਸ ਚਾਹੁੰਦੇ ਹਨ ਨਾ ਕਿ ਫੋਕੀਆਂ ਗੱਲਾਂ।ਉਨ੍ਹਾਂ ਪੰਜਾਬ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਸ੍ਰੀ ਅਰੁਣ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਅਪੀਲ ਕੀਤੀ। ਇਸ ਮੌਕੇ ਸ: ਰਾਜਮੋਹਿੰਦਰ ਸਿੰਘ ਮਜੀਠਾ, ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਕਮੇਟੀ, ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਸਲਵੰਤ ਸੇਠ, ਯੋਧਾ ਸਿੰਘ ਸਮਰਾ, ਤਲਬੀਰ ਸਿੰਘ ਗਿੱਲ, ਹਰਭਜਨ ਸਪਾਰੀਵਿੰਡ, ਅਵਤਾਰ ਸਿੰਘ ਗਿੱਲ, ਬੱਬੀ ਭੰਗਵਾਂ, ਹਰਿੰਦਰ ਸਿੰਘ ਪੱਪੂ ਕੋਟਲਾ, ਸੁਰਿੰਦਰ ਕੁਮਾਰ ਗੋਕਲ, ਬਲਬੀਰ ਸਿੰਘ ਚੰਦੀ, ਸਰਬਜੀਤ ਸਿੰਘ ਸਪਾਰੀਵਿੰਡ, ਬਾਬਾ ਗੁਰਦੀਪ ਸਿੰਘ, ਹਰਵਿੰਦਰ ਸਿੰਘ ਭੁੱਲਰ, ਲਾਟੀ ਸ਼ਾਹ, ਲਾਟੀ ਨੰਬਰਦਾਰ, ਭਾਮੇਸ਼ਾਹ, ਘੁੱਦਾ ਮਸੀਹ, ਚਰਨਜੀਤ ਗੋਲਾ, ਪ੍ਰਭਦਿਆਲ , ਗਗਨਦੀਪ ਸਿੰਘ ਭਕਨਾ, ਰਾਕੇਸ਼ ਪਰਾਸ਼ਰ, ਸੁਖਵਿੰਦਰ ਗੋਲਡੀ, ਪ੍ਰਭਦਿਆਲ ਪ੍ਰਧਾਨ, ਨਾਨਕ ਸਿੰਘ ਮਜੀਠਾ, ਪਿ: ਨਿਰਮਲ ਸਿੰਘ ਭੰਗੂ, ਹਰਪਾਲ ਜੁਨੇਜਾ, ਸੰਤ ਪ੍ਰਕਾਸ਼ ਸਿੰਘ, ਯੂਨਸ ਮਸੀਹ, ਅਵਤਾਰ ਸਿੰਘ ਜਲਾਲਪੁਰਾ, ਸੁਖਦੀਪ ਸਿੰਘ ਸਿੱਧ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply