Thursday, April 25, 2024

ਪੰਜਾਬ-ਰਾਜਸਥਾਨ-ਹਰਿਆਣਾ ਸਰਹੱਦ ਤੇ 28 ਤੋਂ 30 ਅਪ੍ਰੈਲ ਤੱਕ ਵਿਸ਼ੇਸ਼ ਚੋਕਸੀ – ਵੀ.ਕੇ. ਸ਼ਰਮਾ

ਰਾਜਸਥਾਨ-ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ

PPN260405

ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ) – 30 ਅਪ੍ਰੈਲ ਨੂੰ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਣ, ਗੈਰ ਸਮਾਜੀ ਅਨਸਰਾਂ ਤੇ ਨਕੇਲ ਕੱਸਣ, ਨਸ਼ਿਆਂ ਦੀ ਤਸਕਰੀ ਰੋਕਣ ਆਦਿ ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ/ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਸਰਮਾ ਵੱਲੋਂ ਫਾਜਿਲਕਾ ਅਤੇ ਮੁਕਤਸਰ ਜਿਲ੍ਹਿਆਂ ਦੀ ਰਾਜਸਥਾਨ ਅਤੇ ਹਰਿਆਣਾ ਨਾਲ ਲਗਦੀ ਅੰਤਰਰਾਜੀ ਸਰਹੱਦ ਤੇ ਵਿਸ਼ੇਸ਼ ਚੌਕਸੀ ਰੱਖਣ ਆਦਿ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਅਤੇ ਹਨੁਮਾਨਗੜ੍ਹ ਜਿਲ੍ਹਿਆਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ਼੍ਰੀ ਕੇ.ਸੀ. ਚੌਹਾਨ ਜਨਰਲ ਅਬਜਰਵਰ, ਸ਼੍ਰੀ ਵਨੀਸ਼ ਚੌਧਰੀ ਖਰਚਾ ਨਿਗਰਾਨ ਅਬਜਰਵਰ, ਬਠਿੰਡਾ ਜੋਨ ਦੇ ਆਈ.ਜੀ. ਸ਼੍ਰੀ ਪੀ.ਐਸ.ਉਮਰਾਨੰਗਲ, ਡਾ.ਐਸ.ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫਾਜਿਲਕਾ, ਸ.ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ, ਮੈਡਮ ਨਿਲੰਬਰੀ ਵਿਜੈ ਜਗਦਲੇ ਐਸ.ਐਸ.ਪੀ. ਫਾਜਿਲਕਾ ਸਮੇਤ ਸਿਵਲ ਤੇ ਪੁਲਿਸ ਅਧਿਕਾਰੀ ਹਾਜਰ ਸਨ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਫਿਰੋਜ਼ਪੁਰ/ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਸ਼ਰਮਾ ਰਾਜਸਥਾਨ ਅਤੇ ਪੰਜਾਬ ਨਾਲ ਸਬੰਧਿਤ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ 30 ਅਪ੍ਰੈਲ ਨੂੰ ਹੋ ਰਹਿਆਂ ਲੋਕ ਸਭਾ ਚੋਣਾ ਨਿਰਪੱਖ ਅਤੇ ਭੈ ਮੁਕਤ ਕਰਾਉਣ ਲਈ ਸਾਂਝੇ ਯਤਨ ਕਰਨ । ਉਨ੍ਹਾਂ ਕਿਹਾ ਕਿ 28 ਅਪ੍ਰੈਲ ਸ਼ਾਮ ਨੂੰ ਹੀ ਫਾਜਿਲਕਾ ਜ਼ਿਲ੍ਹੇ ਦੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਅਤੇ ਹਨੂਮਾਨ ਗੜ੍ਹ ਜਿਲ੍ਹਿਆਂ ਨਾਲ ਪੈਂਦੀ ਅੰਤਰਰਾਜੀ ਸਰਹੱਦ ਨੂੰ ਸੀਲ ਕੀਤਾ ਜਾਵੇ ਅਤੇ ਉਥੋਂ ਆਉਣ ਜਾਣ ਵਾਲੇ ਹਰ ਵਾਹਨ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਦੋਵਾਂ ਰਾਜਾਂ ਦੇ ਸਿਵਲ ਤੇ ਪੁਲਿਸ ਅਧਿਕਾਰੀ ਸਮਾਜ ਵਿਰੋਧੀ ਅਨਸਰਾਂ ਸਬੰਧੀ ਹਰ ਸੂਚਨਾ ਸਾਂਝੀ ਕਰਨ ਅਤੇ ਲੋੜ ਪੈਣ ਤੇ ਕਾਰਵਾਈ ਕਰਨ । ਕਮਿਸ਼ਨਰ ਸ਼੍ਰੀ ਵੀ.ਕੇ. ਸਰਮਾ ਨੇ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਦੇ ਰਾਜਸਥਾਨ ਨਾਲ ਲਗਦੀ ਸਰਹੱਦ ਤੇ ਅਜਿਹਿਆਂ 24 ਥਾਂਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿੱਥੋਂ ਪੰਜਾਬ ਤੇ ਰਾਜਸਥਾਨ ਵਿਚ ਦਾਖਲਾ ਹੁੰਦਾ ਹੈ । ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਰਾਜਸਥਾਨ ਪੁਲਿਸ ਨਾਲ ਤਾਲਮੇਲ ਕਰਕੇ ਇਨ੍ਹਾਂ ਥਾਵਾਂ ਤੇ ਵਿਸ਼ੇਸ਼ ਨਾਕੇ ਲਗਾਉਣ ਅਤੇ ਹਰੇਕ ਨਾਕੇ ਤੇ ਵੀਡੀਉਗ੍ਰਾਫੀ ਵੀ ਕੀਤੀ ਜਾਵੇ । ਉੁਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਰਿਆਣਾ ਨਾਲ ਲਗਦੇ ਕੰਦੂਖੇੜਾ ਵਿਖੇ ਵੀ ਵਿਸ਼ੇਸ਼ ਨਾਕਾ ਲਗਾਇਆ ਜਾਵੇ ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਬਠਿੰਡਾ ਜੋਨ ਦੇ ਆਈ.ਜੀ. ਸ਼੍ਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਪੁਲਿਸ ਵੱਲੋਂ ਪੰਜਾਬ ਨਾਲ ਲਗਦੇ ਰਾਜਸਥਾਨ ਅਤੇ ਹਰਿਆਣਾ ਦੀ ਅੰਤਰਰਾਜੀ ਸਰਹੱਦ ਤੇ ਵਿਸ਼ੇਸ਼ ਚੌਕਸੀ ਵਧਾਈ ਗਈ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਅਤੇ ਨਸ਼ਿਆਂ ਨੂੰ ਰਾਜ ਵਿਚ ਦਾਖ਼ਲੇ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਫਾਜਿਲਕਾ ਦੇ ਡਿਪਟੀ ਕਮਿਸ਼ਨਰ ਡਾ. ਐਸ.ਕਰੁਣਾ ਰਾਜੁ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ, ਅਬੋਹਰ ਅਤੇ ਬੱਲੁਆਣਾ ਦੇ ਕਰੀਬ 21 ਪਿੰਡ ਰਾਜਸਥਾਨ ਦੀ ਸਰਹੱਦ ਨਾਲ ਲਗਦੇ ਹਨ ਜਿਨ੍ਹਾਂ ਤੇ 28 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਸ਼ਾਮ ਤੱਕ ਵਿਸ਼ੇਸ਼ ਸੁਰੱਖਿਆ ਵਧਾਈ ਜਾਵੇਗੀ । ਮੈਡਮ ਨਿਲੰਬਰੀ ਵਿਜੈ ਜਗਦਲੇ ਐਸ.ਐਸ.ਪੀ. ਫਾਜਿਲਕਾ ਨੇ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਦੇ ਅੰਦਰ ਅਤੇ ਰਾਜਸਥਾਨ ਸਰਹੱਦ ਨਾਲ ਲਗਦੇ ਇਲਾਕਿਆਂ ਵਿਚ ਵਿਸ਼ੇਸ਼ ਚੌਕਸੀ ਵਧਾਈ ਗਈ ਹੈ ਅਤੇ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥ, ਸ਼ਰਾਬ, ਲਾਹਨ, ਭੁੱਕੀ, ਪੋਸਤ ਆਦਿ ਬਰਾਮਦ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ । ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਬੀਕਾਨੇਰ ਡਵੀਜ਼ਨ ਸ਼੍ਰੀ ਨੱਥੂ ਰਾਮ, ਸ਼੍ਰੀ ਪੀ.ਯੂ.ਕਿਸ਼ਨ ਡਿਪਟੀ ਕਮਿਸ਼ਨਰ ਹਨੂੰਮਾਨਗੜ, ਸ਼੍ਰੀ ਅਮਿਤ ਕੁਮਾਰ ਏ.ਡੀ.ਸੀ. ਫਾਜਿਲਕਾ, ਸ਼੍ਰੀ ਮਨੋਜ ਕੁਮਾਰ ਐਸ.ਐਸ.ਪੀ. ਸ਼੍ਰੀ ਗੰਗਾਨਗਰ ਸਮੇਤ ਵੱਡੀ ਗਿਣਤੀ ਵਿਚ ਸਿਵਲ ਤੇ ਪੁਲਿਸ ਅਧਿਕਾਰੀ ਹਾਜਰ ਸਨ ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply