Friday, April 19, 2024

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਿਲਾ ਭਰ ‘ਚ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ

PPN010606
ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹੀਦਾਂ  ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ  ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 408ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ । ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਸ਼ਹਿਰ ਦੇ ਸ਼ਹੀਦ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀਆਂ ਦੀ ਇਸਤਰੀ ਸਤਿਸੰਗ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਹਿਲਾਂ 41 ਵੇਂ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਸੰਗਤੀ ਰੂਪ ਵਿਚ ਕੀਤੇ ਸਨ ਉਨਾਂ ਦੇ ਭੋਗ ਪਾਉਣ ਉਪਰੰਤ ਧਰਮ ਪ੍ਰਚਾਰਕ ਮੈਂਬਰਾਂ ਵਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨੀ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਉਣ ਉਪਰੰਤ ਮੈਨ ਰੋਡ ‘ਤੇ ਸਮੂਹ ਇਲਾਕਾ ਨਿਵਾਸੀਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ।   ਇਸ ਮੌਕੇ ਭਾਈ ਬਿਕਰਮ ਸਿੰਘ ਧਿੰਗੜ, ਆਤਮਾ ਸਿੰਘ ਚਹਿਲ,ਗੁਰਅਵਤਾਰ ਸਿੰਘ ਗੋਗੀ,ਨਾਇਬ ਸਿੰਘ,ਜਗਤਾਰ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ ਗਿੱਲ, ਫਤਿਹ ਸਿੰਘ, ਬਲਰਾਜ ਸਿੰਘ, ਸੁਰਜੀਤ ਸਿੰਘ ਬਰਨਾਲਾ, ਲਖਵੀਰ ਸਿੰਘ ਲੱਖਾ ਆਦਿ ਨੇ ਲੰਗਰ ਅਤੇ ਛਬੀਲ ਵਿਚ ਹੱਥੀਂ ਸੇਵਾ ਕੀਤੀ। ਬਰਨਾਲਾ ਬਾਈਪਾਸ ਤੇ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ  ਕਥਾ ਵਾਚਕ ਭਾਈ ਗੁਰਇੰਦਰਪਾਲ ਸਿੰਘ ਵੱਲੋਂ ਮੁੱਖ ਵਾਕ ਦੀ ਵਿਆਖਿਆ ਸਰਵਣ ਕਰਵਾਈ ਗਈ।
ਸਥਾਨਕ ਇਨਾਂ ਗੁਰੂ ਘਰਾਂ ਤੋਂ ਇਲਾਵਾ ਸ਼ਹਿਰ ਦੇ ਗੁਰੂ ਘਰ ਵਿਚ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਬੀਬੀਆਂ ਦੀ ਧਾਰਮਿਕ ਸੁਸਾਇਟੀ ਵਲੋਂ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸ਼ੁਕਰਾਣਾ ਅਰਦਾਸ ਕਰਦਿਆਂ ਬੀਬੀਆਂ ਦਾ ਸਨਮਾਨ ਅਤੇ ਕੀਰਤਨ ਕਰਨ ਉਪਰੰਤ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਕਿਲਾ ਮੁਬਾਰਕ, ਗੁ: ਹਾਜੀ ਰਤਨ, ਗੁ: ਸੰਗਤ ਸਿਵਲ ਸਟੇਸ਼ਨ, ਗੁ: ਜੀਵਨ ਪ੍ਰਕਾਸ਼ ਮਾਡਲ ਟਾਊਨ ਆਦਿ  ਵਿੱਚ ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਜੱਥਿਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀਆਂ ਦੇ ਸ਼ਬਦ ਕੀਰਤਨ ਕੀਤੇ ਗਏ। ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲ ਲਾ ਕੇ ਸੰਗਤਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ।  ਸ਼ਹਿਰ ਵਿਚ ਹੋਰ  ਗੁਰੂ ਘਰਾਂ ਅਤੇ ਬਾਜ਼ਾਰਾਂ ਵਿੱਚ ਸਭਾ ਸੁਸਾਇਟੀਆਂ ਅਤੇ ਸ਼ਰਧਾਲੂਆਂ ਵੱਲੋ ਛਬੀਲਾਂ ਲਗਾਈਆਂ ਗਈਆਂ ਤੇ ਛੋਟੇ ਛੋਟੇ ਬੱਚਿਆਂ ਨੇ ਸੇਵਾ ਕਰਨ ਵਿੱਚ ਵੱਧ ਚੜ ਕੇ ਹਿੱਸਾ ਲਿਆ। ਥਾਂ-ਥਾਂ ‘ਤੇ ਸੰਗਤਾਂ ਨੇ ਠੰਡੇ ਪਾਣੀ ਦੀਆਂ ਛਬੀਲਾਂ ਵਿਚ ਪਾਊਚ ਟਾਇਪ ਪਾਣੀ ਵੰਡਿਆ ਗਿਆ। ਐਨ.ਐਫ.ਐਲ. ਕਲੋਨੀ ਦੇ ਮੁਖ ਗੇਟ ‘ਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੀ ਛਬੀਲ ਲਗਾਈ ਗਈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀਆਂ ਵਲੋਂ 40 ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੀਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਪਾ ਕੇ ਸ਼ਹੀਦੀ ਦਿਹਾੜਾ ਮਨਾਇਆ ਗਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply