Thursday, April 25, 2024

ਮੁੱਖ ਮੰਤਰੀ ਨੇ ਆਮ ਆਦਮੀਂ ਪਾਰਟੀ ਦੀ ਤੁਲਨਾਂ ਢਹਿੰਦੇ ਹੋਏ ਘਰ ਨਾਲ ਕੀਤੀ

ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ

PPN010611
ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਤੁਲਨਾਂ ਢਹਿੰਦੇ  ਹੋਏ ਘਰ ਨਾਲ ਕਰਦਿਆਂ  ਕਿਹਾ ਕਿ ਨਰੋਈ ਰਾਜਨੀਤਕ ਸੋਚ ਤੋਂ ਵਿਰਵੀਂ  ਅਤੇ ਸਿਆਸੀ ਵਿਚਾਰਧਾਰਾ ਤੋਂ ਸੱਖਣੀ ਅਜਿਹੀ ਪਾਰਟੀ ਨੇ ਯਕੀਨਨ ਤੌਰ ‘ਤੋ ਢਹਿ ਢੇਰੀ ਹੋਣਾ ਹੀ ਸੀ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਯੋਗੇਂਦਰ ਯਾਦਵ ਸਮੇਤ ਹੋਰਨਾਂ ਮੋਹਰੀ ਆਗੂਆਂ ਵੱਲੋਂ ਦਿੱਤੇ ਅਸਤੀਫੇ ਬਾਅਦ ਇਸ ਪਾਰਟੀ ਦੇ ਭਵਿੱਖ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਾਰਤ ਦੇ ਸਿਆਸੀ ਦ੍ਰਿਸ਼ ਵਿੱਚ ਹੋਂਦ ਪਾਣੀ ਦੇ ਉਬਾਲ ਵਰਗੀ ਹੈ ਅਤੇ ਕਿਸੇ ਨਰੋਈ ਰਾਜਨੀਤਕ ਸੋਚ ਤੋਂ ਊਣੀ ਅਜਿਹੀ ਪਾਰਟੀ ਦੀ ਹੋਂਦ ਕਦੇ ਵੀ ਚਿਰਸਥਾਈ ਨਹੀਂ ਹੁੰਦੀ।  ਉਨ੍ਹਾਂ ਕਿਹਾ ਕਿ ਆਮ ਆਦਮੀਂ ਪਾਰਟੀ ਦੇ ਆਗੂਆਂ ਨੋ ਹੌਲੇ ਨਾਅਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕਾਂ ਨੇ ਉਨਾਂ ਨੂੰ ਦਿੱਲੀ ਵਿੱਚ ਰਾਜ ਕਰਨ ਦਾ ਮੌਕਾ ਦਿੱਤਾ ਤਾਂ ਉਹ ਆਪਣੇ ਫਰਜ਼ ਨਿਭਾਉਣ ਤੋਂ ਦੌੜ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਧੜਾ-ਧੜ ਅਸਤੀਫਿਆਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦਾ ਆਧਾਰ  ਦਿਨੋਂ ਦਿਨ ਘੱਟ ਰਿਹਾ ਹੈ।
ਡੀਜ਼ਲ ਦੇ ਭਾਅ ਵਿੱਚ ਕਟੌਤੀ ਦੀ ਪੁਰਜ਼ੋਰ ਵਕਾਲਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਨਾਲ ਮਹਿੰਗਾਈ ‘ਤੇ ਕਾਬੂ ਪਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਡੀਜ਼ਲ ਦਾ ਖੇਤੀਬਾੜ੍ਹੀ ਤੇ ਟ੍ਰਾਂਸਪੋਰਟ ਖੇਤਰ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਇਸ ਦੇ ਭਾਅ ਘਟਣ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਉਨ੍ਹਾ ਕਿਹਾ ਕਿ ਹਾਲੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਆਪਣਾ ਕੰਮਕਾਜ਼ ਪੂਰੀ ਤਰ੍ਹਾਂ ਨਾਲ ਸੰਭਾਲਣਾ ਹੈ ਅਤੇ ਇਸ ਉਪਰੰਤ ਉਹ ਛੇਤੀ ਹੀ ਕੇਂਦਰ ਸਰਕਾਰ ਪਾਸੋਂ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਪੁਰਜ਼ੋਰ ਅਪੀਲ ਕਰਨਗੇ।
ਇਸ ਤੋ ਪਹਿਲਾਂ ਪਿੰਡ ਜੀਵਨ ਸਿੰਘ ਵਾਲਾ, ਨਸੀਬਪੁਰਾ, ਕੋਟ ਬਖਤੂ, ਬੰਗੀ ਰੁਲਦੂ ਅਤੇ ਹੋਰ ਪਿੰਡਾਂ ਵਿੱਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਲੋਕਾਂ ਦੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖਤ ਅਲੋਚਨਾਂ ਕਰਦੇ ਹੋਏ ਕਿਹਾ ਕਿ ਦੇਸ਼ ਵਾਸੀਆਂ ਨੇ ਕਾਂਗਰਸ ਨੂੰ ਉਸਦੇ ਪਾਪਾਂ ਦੀ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਨੂੰ ਗੁੰਮਰਾਹ  ਕੀਤਾ ਹੈ ਪਰ ਉਸਦੇ ਰਾਜ ਦੌਰਾਨ ਬੇਰੁਜ਼ਗਾਰੀ, ਅਨਪੜ੍ਹਤਾ , ਗਰੀਬੀ ਜਿਹੀਆਂ ਅਲਾਮਤਾਂ ਨੇ ਦੇਸ਼ ਦਾ ਬੁਰਾਹਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਾਸ਼ਨ ਦੌਰਾਨ ਦਿੱਲੀ ਦੇ ਦਫਤਰਾਂ ਵਿੱਚ ਬੈਠ ਕੇ ਬਣਾਈਆਂ ਗਈਆਂ ਨੀਤੀਆਂ ਕਾਰਨ ਦੇਸ਼ ਵਾਸੀਆਂ ਦਾ ਜੀਊਣਾ ਮੁਸ਼ਕਿਲ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਹਮੇਸ਼ਾ ਰਾਜਿਆਂ ਮਹਾਰਾਜਿਆਂ ਵਾਂਗ ਵਿਚਰਦੇ ਰਹੇ ਹਨ ਜਿਸ ਕਾਰਨ ਲੋਕਾਂ ਦਾ ਉਨ੍ਹਾਂ ਤੋਂ ਮੋਹ ਭੰਗ ਹੋ  ਗਿਆ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਸ੍ਰੀਮਤੀ ਸੋਨੀਆਂ ਗਾਂਧੀ ਤੇ ਨਾਂ ਹੀ ਰਾਹੁਲ ਗਾਂਧੀ ਨੂੰ ਪੇਂਡੂ ਜੀਵਨ ਬਾਰੇ ਕੋਈ ਗਿਆਨ ਹੈ ਅਤੇ ਇਸ ਲਈ ਉਨ੍ਹਾਂ ਤੋਂ ਪੇਂਡੂ  ਲੋਕਾਂ ਦੇ ਜੀਵਨ ਵਿੱਚ ਸੁਧਾਰ ਦੀ  ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਾਲਾਂ ਕਿ ਕਾਂਗਰਸ ਦੇ ਲੰਬੇ ਸਾਸ਼ਨ ਦੌਰਾਨ ਦੇਸ਼ ਬਹਤ ਸਾਰੇ ਖੇਤਰਾਂ ਵਿਚ ਪੱਛੜ ਗਿਆ ਹੈ ਪਰ ਹੁਣ ਸ੍ਰੀ ਨਰਿੰਦਰ  ਮੋਦੀ  ਦੀ  ਅਗਵਾਈ ਵਾਲੀ ਕੇਂਦਰ ਸਰਕਾਰ ਦੇ ਗਠਨ ਨਾਲ ਦੇਸ਼ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ।
ਲੋਕਾਂ ਵੱਲੋਂ ਬੀਬੀ ਹਰਸਿਮਰਤ  ਕੌਰ  ਬਾਦਲ ਨੂੰ ਦੂਜੀ ਵਾਰ ਲੋਕ ਸਭਾ ਮੈਂਬਰ ਚੁਣੇ ਜਾਣ ‘ਤੇ ਧੰਨਵਾਦ  ਦਾ ਪ੍ਰਗਟਾਵਾ ਕਰਦਿਆਂ  ਮੁੱਖ ਮੰਤਰੀ ਨੇ ਕਿਹਾ ਕਿ ਬੀਬੀ ਬਾਦਲ ਦੀ ਕਾਬਲੀਅਤ ਤੋਂ ਪ੍ਰਭਾਵਿਤ  ਹੋ ਕੇ ਪ੍ਰਧਾਨ  ਮੰਤਰੀ ਸ੍ਰੀ ਨਰਿੰਦਰ ਮੋਦੀ  ਨੇ ਉਨਾਂ ਨੂੰ ਆਪਣੀ ਕੈਬਨਿਟ ਲਈ ਚੁਣਿਆ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply