Thursday, March 28, 2024

ਪਾਕਿਸਤਾਨ ਜਾ ਰਹੇ ਜਥੇ ਸਬੰਧੀ ਮੇਰੇ ਖਿਲਾਫ ਸਰਨੇ ਦਾ ਬਿਆਨ ਕੋਰਾ ਝੂਠ- ਜਥੇ: ਅਵਤਾਰ ਸਿੰਘ

PPN090620

ਅੰਮ੍ਰਿਤਸਰ, 9 ਜੂਨ (ਗੁਰਪ੍ਰੀਤ ਸਿੰਘ)-  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਪਰਮਜੀਤ ਸਿੰਘ ਸਰਨਾ ਦੇ ਉਸ ਬਿਆਨ ਨੂੰ ਖਾਰਜ ਕਰਦਿਆਂ ਝੂਠ ਦਾ ਪੁਲੰਦਾ ਦੱਸਿਆ ਹੈ ਜਿਸ ਵਿੱਚ ਉਸ ਨੇ ਸੰਗਤਾਂ ਨੂੰ ਗੁੰਮਰਾਹ ਕਰਦਿਆਂ ਦੋਸ਼ ਲਗਾਇਆ ਹੈ ਕਿ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੇਲ ਗੱਡੀ ਭੇਜਣ ਤੋਂ ਮਨ੍ਹਾ ਕੀਤਾ ਗਿਆ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਮੇਰੇ ਵੱਲੋਂ ਕੋਈ ਵੀ ਅਜਿਹਾ ਪੱਤਰ ਸਰਕਾਰ ਨੂੰ ਨਹੀਂ ਲਿਖਿਆ ਗਿਆ, ਸਰਨਾ ਇਸ ਸਬੰਧੀ ਕੋਰਾ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਤੇ ਸੂਬਾ ਸਿੰਧ ਆਦਿ ਸਾਰੇ ਹੀ ਇਤਿਹਾਸਕ ਅਸਥਾਨਾਂ ਪੁਰ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ 1 ਜੂਨ ਨੂੰ ਮਨਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਏ ਹਾਂ ਤੇ ਪਾਕਿਸਤਾਨ ਦੀਆਂ ਸੰਗਤਾਂ ਨੇ ਸਾਡੇ ਨਾਲ ਖੜ੍ਹਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕੀਤਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਰਨਾ ਦੱਸੇ ਉਸ ਦਾ ਵਜੂਦ ਕੀ ਹੈ? ਇਹ ਕੇਵਲ ਆਪਣੀ ਹੋਂਦ ਨੂੰ ਜ਼ਿੰਦਾ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਂਦਿਆਂ ਔਕਾਫ ਬੋਰਡ ਨਾਲ ਮਿਲ ਕੇ ਆਪਣੀ ਗੁਆਚੀ ਹੋਈ ਹੋਂਦ ਨੂੰ ਬਚਾਉਂਦਾ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਕੋਈ ਜਥਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਇਸ ਸਬੰਧੀ ਕੋਈ ਸਰਕਾਰ ਨੂੰ ਲਿਖਾ-ਪੜ੍ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਨਾ ਨੂੰ ਅਜਿਹੇ ਝੂਠੇ ਤੇ ਬੇ-ਤੁਕੇ ਬਿਆਨ ਦੇਣ ਤੋਂ ਪਹਿਲਾਂ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਨੇ ਦੀ ਅਜਿਹੀ ਸੌੜੀ ਤੇ ਗੁੰਮਰਾਹਕੁਨ ਸੋਚ ਸਦਕਾ ਹੀ ਦਿੱਲੀ ਦੀਆਂ ਸੰਗਤਾਂ ਨੇ ਇਸ ਨੂੰ ਮੁੱਢੋਂ ਹੀ ਨਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਦਿੱਲੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੇ ਰਿਹਾ ਹੋਵੇ ਉਹ ਜੇਕਰ ਘਟੀਆ ਤੇ ਨੀਵੇਂ ਪੱਧਰ ਦੀ ਰਾਜਨੀਤੀ ਕਰਦਿਆਂ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ ਬੜੀ ਹੀ ਬੇਸ਼ਰਮੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਨਾ ਮੇਰੇ ਉੱਪਰ ਲਗਾਇਆ ਇਹ ਦੋਸ਼ ਕਿ ਮੈਂ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਨੂੰ ਰੇਲ ਗੱਡੀ ਮੁਹੱਈਆ ਕਰਵਾਉਣ ਤੋਂ ਕੇਂਦਰੀ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਰੋਕਿਆ ਹੈ ਸਿੱਧ ਕਰ ਦੇਵੇ ਤਾਂ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵਾਂਗਾ, ਪਰ ਜੇਕਰ ਇਹ ਦੋਸ਼ ਸਿੱਧ ਨਾ ਕਰ ਸਕੇ ਤਾਂ ਸੰਗਤਾਂ ‘ਚ ਖੜ੍ਹਾ ਹੋ ਕੇ ਮੁਆਫੀ ਮੰਗੇ ਤੇ ਅੱਗੇ ਤੋਂ ਚੁੱਪ ਕਰਕੇ ਘਰ ਬੈਠ ਜਾਵੇ। ਉਨ੍ਹਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਨੇ ਵਰਗੇ ਵਿਅਕਤੀ ਦੀ ਘਟੀਆ ਸੋਚ ਤੇ ਗੁੰਮਰਾਹਕੁਨ ਬਿਆਨਬਾਜੀ ਤੋਂ ਸੁਚੇਤ ਰਹਿਣ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply