Friday, March 29, 2024

ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ

Mahatama Gandhi

ਪਾਂਡੂਰੰਗ ਹੇਗੜੇ

30 ਜਨਵਰੀ 1948 ਨੂੰ ਮਹਾਤਮਾ ਗਾਂਧੀ ਜੀ ਜਦੋਂ ਰੋਜ਼ਾਨਾ ਪ੍ਰਾਰਥਨਾ ਸਭਾ ਲਈ ਜਾ ਰਹੇ ਸਨ, ਤਾਂ ਰਾਹ ਵਿੱਚ ਉਹ ਗੋਲ਼ੀਆਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਸਨ। ਭਾਵੇਂ ਉਹ ਸਰੀਰਕ ਤੌਰ `ਤੇ ਸਾਡੇ ਤੋਂ ਸਦਾ ਲਈ ਵਿੱਛੜ ਚੁੱਕੇ ਹਨ ਪਰ ਉਨ੍ਹਾਂ ਦੀਆਂ ਸਿੱਖਿਆਵਾਂ, ਉਨ੍ਹਾਂ ਦੇ ਜੀਵਨ, ਸਿਆਸਤ ਅਤੇ ਦਰਸ਼ਨ ਦੇ ਅਣਗਿਣਤ ਤਜਰਬੇ ਸਮੂਹ ਭਾਰਤੀਆਂ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਤਾਜ਼ਾ ਹਨ।
ਵਿਸ਼ਵ ਦੇ ਹਰੇਕ ਕੋਣੇ ਵਿੱਚ ਉਨ੍ਹਾਂ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ? ਉਨ੍ਹਾਂ ਦੇ ਜੀਵਨ-ਦਰਸ਼ਨ ਦੇ ਉਹ ਕਿਹੜੇ ਪੱਖ ਹਨ, ਜਿਨ੍ਹਾਂ ਵੱਲ ਨੌਜਵਾਨ ਵੀ ਖਿੱਚੇ ਚਲੇ ਆਉਂਦੇ ਹਨ ਅਤੇ ਗਾਂਧੀਵਾਦੀ ਬਣ ਜਾਂਦੇ ਹਨ? ਉਨ੍ਹਾਂ ਦਾ ਜੀਵਨ ਅਜਿਹੇ ਸਾਰੇ ਵਿਅਕਤੀਆਂ ਲਈ ਇੱਕ ਆਦਰਸ਼ ਬਣ ਚੁੱਕਾ ਹੈ, ਜੋ ਖ਼ੁਦ ਜਾਂ ਸਰਕਾਰ ਵਿੱਚ ਰਹਿ ਕੇ ਵਿਭਿੰਨ ਪੱਧਰਾਂ `ਤੇ ਅਹਿੰਸਾ ਦੇ ਸਿਧਾਂਤ ਉੱਤੇ ਚੱਲਣ ਦੇ ਚਾਹਵਾਨ ਹੁੰਦੇ ਹਨ।
ਮਹਾਤਮਾ ਗਾਂਧੀ ਜੀ ਬਾਰੇ ਜਿਹੜੀ ਪਹਿਲੀ ਗੱਲ ਸਭ ਨੂੰ ਯਾਦ ਆਉਂਦੀ ਹੈ, ਉਹ ਹੈ ਇੱਕ ਦੁਬਲਾ-ਪਤਲਾ ਜਿਹਾ ਐਨਕਾਂ ਵਾਲਾ ਵਿਅਕਤੀ, ਜਿਸ ਦੀ ਤੇੜ ਕੇਵਲ ਇੱਕੋ ਕੱਪੜਾ ਹੈ ਅਤੇ ਉਹ ਬਹੁਤ ਆਤਮ-ਵਿਸ਼ਵਾਸ ਨਾਲ ਚਰਖਾ ਕੱਤ ਰਿਹਾ ਹੈ। ਉਨ੍ਹਾਂ ਦਾ ਜੀਵਨ ਸਾਦਾ ਜੀਵਨ ਤੇ ਉੱਚ-ਵਿਚਾਰ ਉੱਤੇ ਆਧਾਰਿਤ ਰਿਹਾ।
ਉਨ੍ਹਾਂ ਦੇ ਜੀਵਨ ਦਾ ਇੱਕ ਅਹਿਮ ਪੱਖ ਇਹ ਹੈ ਕਿ ਉਹ ਜੋ ਵੀ ਸਿੱਖਿਆ ਦਿੰਦੇ ਸਨ, ਉਹ ਉਸ ਉੱਤੇ ਖ਼ੁਦ ਵੀ ਚੱਲਿਆ ਕਰਦੇ ਸਨ।ਇਸੇ ਲਈ ਉਨ੍ਹਾਂ ਕਿਹਾ ਸੀ ਕਿ “ਜੋ ਤਬਦੀਲੀ ਤੁਸੀਂ ਇਸ ਸੰਸਾਰ ਵਿੱਚ ਲਿਆਉਣੀ ਚਾਹੁੰਦੇ ਹੋ, ਉਹ ਪਹਿਲਾਂ ਆਪਣੇ ਅੰਦਰ ਖ਼ੁਦ ਲੈ ਕੇ ਆਓ,“ ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਕੋਈ ਤਬਦੀਲੀ ਲਿਆਉਣ ਦੇ ਸੁਪਨੇ ਦੇਖਦੇ ਰਹਿਣ ਜਾਂ ਉਸ ਬਾਰੇ ਕੇਵਲ ਬੋਲਦੇ ਰਹਿਣ ਨਾਲ ਹੀ ਗੱਲ ਨਹੀਂ ਬਣਨੀ, ਸਗੋਂ ਸਾਨੂੰ ਹਰੇਕ ਵਿਅਕਤੀ ਤੋਂ ਇਸ ਦੀ ਸ਼ੁਰੂਆਤ ਕਰਨੀ ਹੋਵੇਗੀ।
ਉਨ੍ਹਾਂ ਦੀ ਵਿਚਾਰਧਾਰਾ ਦੀਆਂ ਨੀਂਹਾਂ ਵਿੱਚੋਂ ਇੱਕ ਅਹਿੰਸਾ ਸੀ।ਅਹਿੰਸਾ ਦੇ ਸਿਧਾਂਤ ਦੀ ਵਰਤੋਂ ਉਹ ਕੇਵਲ ਆਪਣੀਆਂ ਗੱਲਾਂ ਆਖਣ ਲਈ ਜਾਂ ਜੀਵਨ-ਦਰਸ਼ਨ ਬਾਰੇ ਕੁਝ ਕਹਿਣ ਲਈ ਹੀ ਨਹੀਂ ਕਰਦੇ ਸਨ, ਸਗੋਂ ਉਹ ਅਹਿੰਸਾ ਦੇ ਸਿਧਾਂਤ ਨੂੰ ਆਪਣੇ ਰੋਜ਼ਮੱਰਾ ਦੇ ਜੀਵਨ ਵਿੱਚ ਨਿਜੀ ਅਤੇ ਭਾਈਚਾਰਕ ਪੱਧਰਾਂ `ਤੇ ਵਰਤਦੇ ਸਨ।ਇਹ ਐਵੇਂ ਕੋਈ ਖੋਖਲਾ ਸਿਧਾਂਤ ਨਹੀਂ ਸੀ ਕਿ ਜਿਸ ਉੱਤੇ ਉਨ੍ਹਾਂ ਦੇ ਪੈਰੋਕਾਰ ਚੱਲਦੇ ਸਨ, ਸਗੋਂ ਇਸੇ ਉੱਤੇ ਚੱਲਦਿਆਂ ਹੋਰਨਾਂ ਕੀੜਿਆਂ-ਮਕੌੜਿਆਂ ਅਤੇ ਜਾਨਵਰਾਂ ਤੱਕ ਦੀ ਵੀ ਕਦਰ ਕਰਦੇ ਸਨ।
ਭਾਵੇਂ ਉਨ੍ਹਾਂ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਉਨ੍ਹਾਂ ਨੂੰ ਅਹਿੰਸਾ ਨੂੰ ਇੱਕ ਹਥਿਆਰ ਵਜੋਂ ਵਰਤਣ ਵਾਲੇ ਇੱਕ ਮਹਾਨ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ ਪਰੰਤੂ ਉਹ ਮਹਿਸੂਸ ਕਰਦੇ ਸਨ ਕਿ ਪਰਿਵਾਰ ਅਤੇ ਸਮਾਜ ਵਿੱਚੋਂ ਸ਼ੋਸ਼ਣ ਦਾ ਮੁਕੰਮਲ ਖ਼ਾਤਮਾ ਕਰਨ ਲਈ `ਅਹਿੰਸਾ` ਦਾ ਸਿਧਾਂਤ ਹਰੇਕ ਵਿਅਕਤੀ ਨੂੰ ਜ਼ਰੂਰ ਹੀ ਸਦਾ ਲਈ ਅਪਣਾ ਲੈਣਾ ਚਾਹੀਦਾ ਹੈ।
ਆਧੁਨਿਕ ਰਹਿਨੁਮਾਨਾਵਾਂ ਵਿੱਚੋਂ ਗਾਂਧੀ ਜੀ ਹੀ ਅਜਿਹੇ ਪਹਿਲੇ ਆਧੁਨਿਕ ਆਗੂ ਸਨ, ਜੋ ਸ਼ਾਂਤੀ ਦੇ ਧਾਰਨੀ ਸਨ ਅਤੇ ਉਨ੍ਹਾਂ ਨੇ ਹੀ ਸ਼ਾਂਤੀ ਦੀ ਧਾਰਨਾ ਦਾ ਪ੍ਰਚਾਰ ਸਮੁੱਚੇ ਵਿਸ਼ਵ ਵਿੱਚ ਕੀਤਾ; ਜਿਸ ਦਾ ਮਤਲਬ ਸੀ ਜੰਗ, ਫ਼ੌਜੀ ਲਾਮਬੰਦੀ ਅਤੇ ਹਿੰਸਾ ਦਾ ਅਹਿੰਸਕ ਵਿਰੋਧ। ਇਸ ਨੂੰ `ਸੱਤਿਆਗ੍ਰਹਿ` ਵੀ ਆਖਿਆ ਜਾਂਦਾ ਹੈ, ਇਹ ਵੀ ਬਸਤੀਵਾਦੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਦੇ ਮੁੱਖ ਹਥਿਆਰਾਂ ਵਿੱਚ ਇੱਕ ਸੀ।
ਇਸ ਦੀ ਪ੍ਰਾਪਤੀ ਲਈ ਉਨ੍ਹਾਂ ਨਫ਼ਰਤ ਫੈਲਾਉਣ ਦੀ ਥਾਂ ਮੁਆਫ਼ ਕਰਨ ਦਾ ਅਭਿਆਸ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ “ਖਿਮਾ ਕਰਨਾ ਮਜ਼ਬੂਤ ਵਿਅਕਤੀ ਦੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਕਮਜ਼ੋਰ ਲੋਕ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰ ਸਕਦੇ।“ ਇਸੇ ਲਈ ਉਹ ਆਪਣੇ ਦੁਸ਼ਮਣਾਂ ਨੂੰ ਮਾਣ ਬਖ਼ਸ਼ਦੇ ਸਨ ਅਤੇ ਦੁਸ਼ਮਣਾਂ ਨੂੰ ਵੀ ਸਦਭਾਵਨਾਪੂਰਨ ਢੰਗ ਨਾਲ ਚੱਲਣ ਦੀ ਅਪੀਲ ਕਰਦੇ ਸਨ ਅਤੇ ਇੰਝ ਹੀ ਹੌਲੀ-ਹੌਲੀ ਉਹ ਉਨ੍ਹਾਂ ਦੇ ਮਨ ਵੀ ਜਿੱਤ ਲੈਂਦੇ ਸਨ। ਇਹੋ ਕਾਰਨ ਸੀ ਕਿ ਬਹੁਤ ਸਾਰੇ ਬ੍ਰਿਟਿਸ਼ ਨਾਗਰਿਕ ਵੀ ਗਾਂਧੀ ਜੀ ਦੀ ਹਮਾਇਤ `ਤੇ ਡਟੇ ਰਹੇ ਸਨ; ਭਾਵੇਂ ਉਦੋਂ ਭਾਰਤ ਵਿੱਚ ਬਰਤਾਨਵੀ ਹਕੂਮਤ ਸੀ।
ਜਿਹੜੇ ਵਿਅਕਤੀ ਜਾਣ-ਬੁੱਝ ਕੇ ਉਨ੍ਹਾਂ ਨੂੰ ਘਟਾ ਕੇ ਦੇਖਦੇ ਤੇ ਪੇਸ਼ ਕਰਦੇ ਸਨ ਜਾਂ ਜਿਹੜੇ ਉਨ੍ਹਾਂ ਦੇ ਵਿਚਾਰਾਂ ਤੇ ਕਾਰਜਾਂ ਦੀ ਆਲੋਚਨਾ ਵੀ ਕਰਦੇ ਸਨ, ਉਨ੍ਹਾਂ ਲਈ ਵੀ ਉਨ੍ਹਾਂ ਦੇ ਮਨ ਵਿੱਚ ਕਦੇ ਕੋਈ ਨਫ਼ਰਤ ਨਹੀਂ ਰਹੀ। ਉਨ੍ਹਾਂ ਲਈ ਬਦਲਾ ਲੈਣਾ ਜ਼ਹਿਰ ਫੈਲਾਉਣ ਵਾਂਗ ਸੀ, ਉਨ੍ਹਦਾ ਮੰਨਣਾ ਸੀ ਕਿ ਜੇ `ਅੱਖ ਦੇ ਬਦਲੇ ਅੱਖ` ਦੇ ਸਿਧਾਂਤ ਉੱਤੇ ਚੱਲਿਆ ਜਾਵੇ ਤਦ ਤਾਂ ਸਮੁੱਚਾ ਵਿਸ਼ਵ ਅੰਨ੍ਹਾ ਹੀ ਹੋ ਜਾਵੇਗਾ।
ਉਨ੍ਹਾਂ ਨੇ ਆਪਣੇ ਸਾਰੇ ਜੀਵਨ ਦੌਰਾਨ ਸੱਚ ਅਤੇ ਅਹਿੰਸਾ ਨਾਲ ਤਜਰਬੇ ਕੀਤੇ ਅਤੇ ਇਨ੍ਹਾਂ ਤਜਰਬਿਆਂ, ਸਥਿਤੀਆਂ ਅਤੇ ਲੋਕਾਂ ਤੋਂ ਉਹ ਲਗਾਤਾਰ ਸਿੱਖਦੇ ਰਹੇ।ਉਨ੍ਹਾਂ ਦਾ ਕਥਨ ਹੈ “ਇੰਝ ਜੀਓ ਜਿਵੇਂ ਕੱਲ੍ਹ ਤੁਸੀਂ ਮਰ ਜਾਣਾ ਹੈ ਅਤੇ ਇੰਝ ਸਿੱਖੋ ਜਿਵੇਂ ਤੁਸੀਂ ਸਦਾ ਜਿਊਂਦੇ ਰਹਿਣਾ ਹੈ।“ ਉਨ੍ਹਾਂ ਸਦਾ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ, ਆਪਣੀਆਂ ਨੀਤੀਆਂ ਵਿੱਚ ਸੁਧਾਰ ਲਿਆਂਦੇ ਅਤੇ ਆਪਣੇ ਵਿਚਾਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ।
ਇਹ ਵੀ ਬਹੁਤ ਹੀ ਅਦਭੁੱਤ ਅਤੇ ਵਰਣਨਯੋਗ ਪ੍ਰਾਪਤੀ ਹੈ ਕਿ ਉਨ੍ਹਾਂ ਨੇ 55,000 ਪੰਨੇ ਲਿਖੇ ਸਨ, ਜੋ ਭਾਰਤ ਸਰਕਾਰ ਵੱਲੋਂ `ਸੰਕਲਿਤ ਕਿਰਤਾਂ ` (ਕਲੈਕਟਡ ਵਰਕਸ) ਦੀਆਂ 100 ਜਿਲਦਾਂ ਵਿੱਚ ਪ੍ਰਕਾਸ਼ਿਤ  ਕੀਤੇ ਗਏ ਹਨ।ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਨੇ ਇਹ ਸਾਰੇ ਪੰਨੇ ਆਪਣੇ ਹੱਥਾਂ ਨਾਲ ਲਿਖੇ ਸਨ, ਕਿਉਂਕਿ ਉਦੋਂ ਅੱਜ ਵਾਂਗ ਕੰਪਿਊਟਰ ਨਹੀਂ ਹੁੰਦੇ ਸਨ।
ਗਾਂਧੀ ਜੀ ਨੂੰ ਯਾਦ ਕਰਦਿਆਂ ਮੌਜੂਦਾ ਸਰਕਾਰ ਉਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਦੇ ਰਹੀ ਹੈ। `ਸਵੱਛ ਭਾਰਤ ਅਭਿਆਨ` ਦੇ ਬੈਨਰ ਹੇਠ ਦੇਸ਼ ਵਿੱਚ ਜਿਹੜੀ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਵੀ ਉਨ੍ਹਾਂ ਦੇ ਹੀ ਵਿਚਾਰ ਤੋਂ ਪ੍ਰੇਰਿਤ ਹੈ।ਇਸ ਮੁਹਿੰਮ ਨਾਲ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਈ ਹੈ ਅਤੇ ਲੋਕਾਂ ਨੇ ਆਪਣੇ-ਆਪ ਨੂੰ ਇਸ ਮੁਤਾਬਕ ਢਾਲ ਕੇ ਆਪਣੀਆਂ ਜੁੱਗਾਂ ਪੁਰਾਣੀਆਂ ਆਦਤਾਂ ਵਿੱਚ ਤਬਦੀਲੀ ਲਿਆਂਦੀ ਹੈ ਅਤੇ ਆਪਣੇ ਰੋਜ਼ਮੱਰਾ ਦੇ ਜੀਵਨ ਵਿੱਚ ਸਫ਼ਾਈ ਦੀ ਧਾਰਨਾ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਇੱਕ ਹੋਰ ਖੇਤਰ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਿੱਜੀ ਦਿਲਚਸਪੀ ਲੈ ਰਹੇ ਹਨ ਉਹ ਇਹ ਕਿ ਨੌਜਵਾਨ ਪੀੜ੍ਹੀ ਵਿੱਚ ਜੁੱਗਾਂ ਪੁਰਾਣੇ ਕੱਪੜਿਆਂ ਦਾ ਰੁਝਾਨ ਪੁਨਰ-ਸੁਰਜੀਤ ਕੀਤਾ ਜਾਵੇ; ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਖਾਦੀ ਨੂੰ ਖ਼ਰੀਦ ਤੇ ਲਗਾਤਾਰ ਉਸ ਨੂੰ ਪਹਿਨ ਕੇ ਉਸ ਨੂੰ ਆਪਣਾ ਸਮਰਥਨ ਦੇਣ।
ਗਾਂਧੀ ਜੀ ਸਦਾ ਸਾਦਾ ਜੀਵਨ ਬਿਤਾਉਣ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਉਨ੍ਹਾਂ ਦਾ ਇਹ ਜੀਵਨ-ਦਰਸ਼ਨ ਵਾਤਾਵਰਨਕ ਤਬਦੀਲੀ ਅਤੇ ਸੰਸਾਰਕ ਤਪਸ਼ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਘੱਟ ਕਾਰਬਨ ਦੀ ਨਿਕਾਸੀ ਵਾਲੀ ਜੀਵਨ-ਸ਼ੈਲੀ ਦਾ ਆਧਾਰ ਬਣਦਾ ਹੈ।ਉਨ੍ਹਾਂ ਦੇ ਇਸੇ ਪੱਖ ਨੂੰ ਯਾਦ ਕਰਦਿਆਂ ਕੇਂਦਰ ਸਰਕਾਰ ਨੇ ਗਾਂਧੀ ਜੀ ਦੇ ਜਨਮ ਦਿਨ ਮੌਕੇ ਵਾਤਾਵਰਨਕ ਤਬਦੀਲੀ ਬਾਰੇ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਪੱਧਰਾਂ ਉੱਤੇ ਆਪਣੇ ਵਿਚਾਰਾਂ ਰਾਹੀਂ ਗਾਂਧੀ ਜੀ ਅੱਜ ਵੀ ਜਿਊਂਦੇ ਹਨ।
ਵਣ-ਸਰੋਤਾਂ ਦੀ ਰਾਖੀ ਲਈ ਅਹਿੰਸਕ ਚਿਪਕੋ -ਅੱਪੀਕੋ ਅੰਦੋਲਨ ਦੀ ਰਾਸ਼ਟਰੀ ਪੱਧਰ ਉੱਤੇ ਕੀਤੀ ਗਈ ਸ਼ੁਰੂਆਤ ਵੀ ਗਾਂਧੀ ਜੀ ਦੇ ਵਿਚਾਰਾਂ ਤੋਂ ਹੀ ਪ੍ਰੇਰਿਤ ਸੀ ਅਤੇ ਉਸ ਦੀ ਅਗਵਾਈ ਪਦਮ ਵਿਭੂਸ਼ਨ ਸ੍ਰੀ ਸੁੰਦਰਲਾਲ ਬਹੁਗੁਣਾ ਜਿਹੇ ਸਰਵੋਦਯ ਆਗੂ ਕਰ ਰਹੇ ਸਨ।
ਅੰਤਰਰਾਸ਼ਟਰੀ ਪੱਧਰ `ਤੇ ਨੈਲਸਨ ਮੰਡੇਲਾ ਵੀ ਗਾਂਧੀ ਜੀ ਦੇ ਜੀਵਨ-ਦਰਸ਼ਨ ਦਾ ਪਾਲਣ ਕਰਦੇ ਰਹੇ ਸਨ। ਇਸੇ ਤਰ੍ਹਾਂ ਅਮਰੀਕਾ ਵਿੱਚ ਮਾਰਟਿਨ ਲੂਥਰ ਕਿੰਗ-ਜੂਨੀਅਰ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਵੀ ਇਨਸਾਫ਼ ਹਾਸਲ ਕਰਨ ਲਈ ਆਪਣੇ ਸੰਘਰਸ਼ਾਂ ਦੌਰਾਨ ਅਹਿੰਸਾ ਦੇ ਸਿਧਾਂਤ ਦੀ ਹੀ ਪਾਲਣਾ ਕੀਤੀ ਸੀ।
ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਵੱਲੋਂ ਹੀ ਆਖੇ ਗਏ ਸ਼ਬਦਾਂ ਨੂੰ ਯਾਦ ਕਰਨਾ ਵਾਜਬ ਰਹੇਗਾ “ਜਦੋਂ ਤੱਕ ਮੇਰਾ ਵਿਸ਼ਵਾਸ ਪੂਰੀ ਤਰ੍ਹਾਂ ਰੋਸ਼ਨ ਹੈ, ਮੈਨੂੰ ਆਸ ਹੈ ਕਿ ਇਹ ਇੰਝ ਹੀ ਰਹੇਗਾ, ਭਾਵੇਂ ਮੈਂ ਇਕੱਲਾ ਹੀ ਕਿਉਂ ਨਾ ਰਹਿ ਜਾਵਾਂ, ਮੈਂ ਕਬਰ ਵਿੱਚ ਜਿਊਂਦਾ ਰਹਾਂਗਾ ਅਤੇ ਉਸ ਵਿੱਚੋਂ ਵੀ ਬੋਲਦਾ ਰਹਾਂਗਾ।“
ਇਹ ਬਿਲਕੁਲ ਸੱਚ ਹੈ, ਉਨ੍ਹਾਂ ਦੇ ਵਿਚਾਰਾਂ ਨੂੰ ਸਮੁੱਚੇ ਵਿਸ਼ਵ ਵਿੱਚ ਹਾਲੇ ਵੀ ਪੂਰੀ ਤਰ੍ਹਾਂ ਸੁਣਿਆ ਅਤੇ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸਿਧਾਂਤਾਂ ਦਾ ਘੇਰਾ ਨਿਰੰਤਰ ਵਧਦਾ ਜਾ ਰਿਹਾ ਹੈ।
ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸਾਨੂੰ ਗਾਂਧੀ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਰੋਜ਼ਮੱਰਾ ਦੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ।ਇਹੋ ਇੱਕੋ-ਇੱਕ ਤਰੀਕਾ ਹੈ ਕਿ ਜਿਸ ਨਾਲ ਅਸੀਂ ਰਾਸ਼ਟਰ-ਪਿਤਾ ਨੂੰ ਯੋਗ ਮਾਣ-ਸਤਿਕਾਰ ਦੇ ਸਕਦੇ ਹਾਂ।
ਇਸ ਲੇਖ ਵਿੱਚ ਪ੍ਰਗਟਾਏ ਵਿਚਾਰ ਉਨ੍ਹਾਂ ਦੇ ਆਪਣੇ ਨਿਜੀ ਹਨ।

Pandurang Hegde

ਪਾਂਡੂਰੰਗ ਹੇਗੜੇ
ਪੱਤਰਕਾਰ ਅਤੇ ਕਾਲਮ-ਨਵੀਸ
ਕਰਨਾਟਕਾ ।

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply