Friday, March 29, 2024

ਵੈਲਨਟਾਈਨ ਦਾ ਸਾਡੀ ਤਹਿਜ਼ੀਬ ਨਾਲ ਕੋਈ ਵਾਸਤਾ ਨਹੀਂ

14 ਫਰਵਰੀ- ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼

Valentine
ਵੇਲੇਨਟਾਈਨ ਡੇਅ ਇੱਕ ਉਤਸਵ ਦਿਵਸ ਹੈ।ਇਸ ਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਆਫ ਸੇਂਟ ਵੈਲਨਟਾਈਨ ਡੇਅ ਵੀ ਕਿਹਾ ਜਾਂਦਾ ਹੈ।ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁੱਟੀ ਨਹੀਂ ਹੁੰਦੀ।14 ਫ਼ਰਵਰੀ ਸੰਨ 273 ਦੇ ਦਿਨ ਰੋਮ ਦੇ ਰਾਜੇ ਕਲੌਡੀਅਸ ਨੇ ਪਾਦਰੀ ਵੈਲਨਟਾਈਨ ਦਾ ਸਿਰ ਵੱਢ ਕੇ ਉਸ ਨੂੰ ਸਜ਼ਾ-ਏ-ਮੌਤ ਦਿੱਤੀ।
ਉਨ੍ਹੀਂ ਦਿਨੀਂ ਰੋਮ ਦਾ ਰਾਜਾ ਇਕ ਵੱਡੀ ਫ਼ੌਜ ਬਣਾਉਣੀ ਚਾਹੁੰਦਾ ਸੀ ਪਰ ਲੋਕ ਫ਼ੌਜ ਵਿਚ ਭਰਤੀ ਨਹੀਂ ਸਨ ਹੋਣਾ ਚਾਹੁੰਦੇ। ਰਾਜੇ ਕਲੌਡੀਅਸ ਦਾ ਖ਼ਿਆਲ ਸੀ ਕਿ ਲੋਕ ਅਪਣੀਆਂ ਬੀਵੀਆਂ ਅਤੇ ਪਰਿਵਾਰ ਨਾਲ ਮੋਹ ਹੋਣ ਕਰ ਕੇ ਫ਼ੌਜ ਵਿਚ ਭਰਤੀ ਨਹੀਂ ਹੁੰਦੇ।ਇਸ ਲਈ ਉਸ ਨੇ ਵਿਆਹ ਤੇ ਮੰਗਣੀਆਂ `ਤੇ ਪਾਬੰਦੀ ਲਾ ਦਿਤੀ।ਕ੍ਰਿਸਚਿਨਾਂ ਉਤੇ ਅਥਾਹ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਸਨ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਉਤੇ ਜਿੱਥੇ ਪਾਬੰਦੀਆਂ ਲਗਾਈਆਂ ਗਈਆਂ ਉਥੇ ਹੁਕਮਰਾਨਾਂ ਦੇ ਇਨ੍ਹਾਂ ਫੈਸਲਿਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ।ਪਾਦਰੀ ਇਸ ਨੂੰ ਬੇਇਨਸਾਫ਼ੀ ਸਮਝਦਾ ਸੀ ਇਸ ਲਈ ਸੰਤ ਵੈਲਨਟਾਈਨ ਨੇ ਸ਼ਾਸ਼ਕ ਕਲੋਡਿਅਸ ਦੂਜੇ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਨੂੰ ਉਤਸ਼ਾਹਤ ਕੀਤਾ, ਜਿਸ ਵਿਚ ਕ੍ਰਿਸਚਿਅਨ ਰੀਤਾਂ ਮੁਤਾਬਕ ਚੋਰੀ ਚੋਰੀ ਵਿਆਹ ਕਰਵਾਉਣੇ ਵੀ ਸ਼ਾਮਿਲ ਸਨ।ਸੰਤ ਵੈਲਨਟਾਈਨ ਹੁਕਮਰਾਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਾਲੀ ਤੇ ਰੂਹਾਨੀ ਮਦਦ ਵੀ ਕਰਦੇ ਸਨ।ਅਖ਼ੀਰ ਇਸ ਦਾ ਰਾਜ਼ ਖੁੱਲ੍ਹ ਗਿਆ ਅਤੇ ਕਲੌਡੀਅਸ ਨੇ ਪਾਦਰੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣ ਦੀ ਸਜ਼ਾ ਦਿੱਤੀ ਗਈ, ਪਰ ਜਦੋਂ ਉਨ੍ਹਾਂ ਦੀ ਇਸ ਕਾਰਨ ਮੌਤ ਨਾ ਹੋ ਸਕੀ ਤਾਂ 14 ਫਰਵਰੀ ਨੂੰ ਸੰਤ ਵੈਲਨਟਾਈਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਕ੍ਰਿਸਚਿਨਾਂ ਮੁਤਾਬਕ ਸੰਤ ਵੈਲਨਟਾਈਨ ਨੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਤੇ ਸੱਭਿਆਚਾਰ ਦੀ ਰਾਖੀ ਕਰਦਿਆਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਆਪਣੀ ਸ਼ਹਾਦਤ ਦਿੱਤੀ। ਮਰਨ ਮਗਰੋਂ ਉਸ ਨੂੰ `ਸੰਤ` ਦਾ ਰੁਤਬਾ ਦਿਤਾ ਗਿਆ।ਪਰ ਅੱਜ ਮੀਡੀਆ ਵੀ ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ ਅਤੇ ਉਸ ਵਿਚਲੀ ਜ਼ੁਲਮ ਦੇ ਖਿਲਾਫ ਲੜਣ ਵਾਲੀ ਸੱਚੀ ਵਿਚਾਰਧਾਰਾ ਨੂੰ ਪਿੱਛੇ ਰੱਖ ਕੇ ਅਖੌਤੀ ਪੱਛਮੀ ਸੱਭਿਆਚਾਰ ਦਾ ਮੁਲੰਮਾ ਚਾੜ੍ਹ ਕੇ ਪੇਸ਼ ਕਰ ਰਿਹਾ ਹੈ।
ਲੋਕ ਕਥਾ ਅਨੁਸਾਰ, ਜਿਨ੍ਹਾ ਦਿਨਾਂ ਵਿੱਚ ਉਹ ਜੇਲ੍ਹ ਵਿੱਚ ਬੰਦ ਸਨ, ਉਨ੍ਹਾਂ ਦੀ ਮੁਲਾਕਾਤ ਜੇਲਰ ਦੀ ਅੰਨ੍ਹੀ ਧੀਅ ਨਾਲ ਹੁੰਦੀ ਹੈ ਅਤੇ ਉਸ ਨਾਲ ਪਿਆਰ ਹੋ ਜਾਂਦਾ ਹੈ।ਉਸ ਮੁਟਿਆਰ ਦੇ ਪ੍ਰਤੀ ਉਸ ਦੇ ਸੱਚੇ ਪਿਆਰ ਅਤੇ ਅਟੁੱਟ ਵਿਸ਼ਵਾਸ ਨੇ ਅਜਿਹਾ ਜਾਦੂ ਕੀਤਾ ਕਿ ਉਸ ਮੁਟਿਆਰ ਦੀਆਂ ਅੱਖਾਂ ਦੀ ਰੋਸ਼ਨੀ ਪਰਤ ਆਈ।ਮਾਰੇ ਜਾਣ ਤੋਂ ਪਹਿਲਾਂ ਉਸ ਨੇ ਉਸ ਕੁੜੀ ਨੂੰ ਇਕ ਰੁੱਕਾ ਲਿਖਿਆ ਜਿਸ `ਤੇ ਲਿਖਿਆ ਸੀ (ਤੇਰੇ ਵੈਲਨਟਾਈਨ ਵਲੋਂ ਪਿਆਰ) ਉਦੋਂ ਤੋਂ 14 ਫਰਵਰੀ ਪਿਆਰ ਦੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ।
ਪਿਆਰ ਦਾ ਇਹ ਤਿਉਹਾਰ ਸੰਸਾਰ ਦੇ ਵੱਖ-2 ਹਿਸਿਆਂ ਵਿੱਚ ਕਈ ਅਨੋਖੇ ਤਰੀਕਿਆਂ ਨਾਲ ਮਨਾਇਆ ਜਾਂਦਾ ਰਿਹਾ ਹੈ।17ਵੀਂ ਸਦੀ ਦੇ ਆਰੰਭ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇਸ ਦਿਨ ਕੁਆਰੀ ਮੁਟਿਆਰ ਜਿਹੜਾ ਪੰਛੀ ਵੇਖਦੀ ਹੈ, ਉਸੇ ਦੇ ਅਧਾਰ `ਤੇ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਸ ਦਾ ਵਿਆਹ ਕਿਹੋ ਜਿਹੇ ਗੱਭਰੂ ਨਾਲ ਹੋਵੇਗਾ।ਜੇਕਰ ਉਸ ਨੇ ਗੋਲਡਫਿੰਚ ਉੱਡਦੀ ਵੇਖੀ ਹੈ ਤਾਂ ਉਸਦਾ ਵਿਆਹ ਕਿਸੇ ਅਮੀਰਜ਼ਾਦੇ ਨਾਲ ਹੋਵੇਗਾ।ਜੇਕਰ ਚਿੜੀ ਉੱਡਦੀ ਵੇਖੀ ਹੈ ਤਾਂ ਸ਼ਾਦੀ ਕਿਸੇ ਗਰੀਬ ਵਿਅਕਤੀ ਨਾਲ ਹੋਵੇਗੀ।ਰੋਬਿਨ ਪੰਛੀ ਨੂੰ ਉੱਡਦੇ ਵੇਖੇ ਤਾਂ ਵਿਆਹ ਕਿਸੇ ਮਲਾਹ ਨਾਲ ਹੁੰਦਾ ਹੈ।18ਵੀਂ ਸਦੀ ਵਿੱਚ ਅੰਗਰੇਜ਼ ਮੁਟਿਆਰਾਂ ਇਸ ਦਿਨ ਕਾਗਜ਼ ਦੇ ਟੁਕੜਿਆਂ ਤੇ ਆਪਣੇ ਹਮ-ਉਮਰ ਵਿਆਹ ਯੋਗ ਨੌਜਵਾਨ ਦਾ ਨਾਂ ਲਿਖ ਕੇ ਉਸਨੂੰ ਚਿੱਕੜ ਵਿੱਚ ਵਲ੍ਹੇਟ ਕੇ ਪਾਣੀ ਵਿੱਚ ਵਹਾ ਦਿੰਦੀਆਂ ਸਨ ਅਤੇ ਜੋ ਨਾਂਅ ਸਭ ਤੋਂ ਪਹਿਲਾਂ ਉੱਪਰ ਪਾਣੀ ਵਿੱਚ ਤੈਰ ਜਾਂਦਾ ਸੀ, ਉਹੀ ਉਸ ਮੁਟਿਆਰ ਦਾ ਸੱਚਾ ਆਸ਼ਕ ਮੰਨਿਆ ਜਾਂਦਾ ਸੀ।ਇੰਗਲੈਂਡ ਦੇ ਬਸ਼ਿੰਦੇ ਇਸ ਦਿਨ ਕ੍ਰਿਸਮਿਸ, ਅਜਵਾਇਣ ਅਤੇ ਬੇਰ ਵਾਲਾ ਸੁਆਦਲਾ ਕੇਕ ਬਣਾਉਂਦੇ ਹਨ ਅਤੇ ਇੱਕ ਦੂਜੇ ਨੂੰ ਫਲ ਅਤੇ ਕੈਂਡੀਆਂ ਦੇ ਕੇ ਪਿਆਰ ਦੇ ਨਜ਼ਾਰੇ ਮਾਣਦੇ ਹਨ।
ਇਟਲੀ ਵਿੱਚ ਵਿਆਹ ਯੋਗ ਮੁਟਿਆਰਾਂ ਖਿੜਕੀ `ਚ ਬਹਿ ਕੇ ਆਪਣੇ ਜੀਵਨ-ਸਾਥੀ ਦਾ ਇੰਤਜ਼ਾਰ ਕਰਦੀਆਂ ਹਨ ਅਤੇ ਜਿਸਨੂੰ ਉਹ ਸਭ ਤੋਂ ਪਹਿਲਾਂ ਵੇਖਦੀਆਂ ਹਨ, ਉਸ ਨਾਲ ਇੱਕ ਸਾਲ ਵਿੱਚ ਵਿਆਹ ਕਰਵਾ ਲੈਂਦੀਆਂ ਹਨ।ਡੈਨਮਾਰਕ ਵਿੱਚ ਚੌਬਰ ਆਪਣੀ ਮਹਿਬੂਬਾ ਕੋਲ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਇੱਕ ਖਾਸ ਤਰ੍ਹਾਂ ਦਾ ਕਾਰਡ ਭੇਜਦੇ ਹਨ, ਜਿਸਨੂੰ ਜੌਕਿੰਗ-ਲੈਟਰ ਆਖਦੇ ਹਨ।ਇਸ ਕਾਰਡ ਵਿੱਚ ਸੁਨੇਹਾ ਲਿਖਿਆ ਹੁੰਦਾ ਹੈ, ਪਰ ਆਸ਼ਕ ਚੋਬਰ ਆਪਣਾ ਨਾਂਅ ਲਿਖਣ ਦੀ ਬਜਾਇ ਉਨੇ ਹੀ ਬਿੰਦੂ ਲਗਾ ਦਿੰਦਾ ਹੈ।ਜੇਕਰ ਮੁਟਿਆਰ ਉਸ ਨੂੰ ਪਛਾਣ ਲੈਂਦੀ ਹੈ ਤਾਂ ਈਸਟਰ ਦੇ ਤਿਉਹਾ ਤੇ ਆਸ਼ਕ ਉਸ ਮੁਟਿਆਰ ਨੂੰ ਈਸਟਰ ਐੱਗ ਭੇਂਟ ਕਰਦਾ ਹੈ।
ਜਰਮਨੀ ਵਿੱਚ ਇਸ ਦਿਨ ਮੁਟਿਆਰਾਂ ਗਮਲਿਆਂ ਵਿੱਚ ਪਿਆਜ਼ ਬੀਜਦੀਆਂ ਹਨ।ਹਰ ਪਿਆਜ਼ ਨੂੰ ਕਿਸੇ ਨੌਜਵਾਨ ਦਾ ਨਾਂ ਦੇ ਕੇ ਅੱਗ ਦੇ ਨੇੜੇ ਰੱਖ ਦਿੰਦੀਆਂ ਹਨ, ਜਿਸ ਗਮਲੇ ਚੋਂ ਪਿਆਜ਼ ਸਭ ਤੋਂ ਪਹਿਲਾਂ ਫੁੱਟਦਾ ਹੈ, ਉਸੇ ਨਾਂਅ ਵਾਲਾ ਗੱਭਰੂ ਹੀ ਉਸ ਮੁਟਿਆਰ ਦਾ ਸੱਚਾ ਜੀਵਨ ਸਾਥੀ ਹੁੰਦਾ ਹੈ।
ਅਮਰੀਕਾ ਵਿੱਚ ਲੋਕ ਆਪਣੇ ਸੱਜਣਾਂ-ਬੇਲੀਆਂ, ਰਿਸ਼ਤੇਦਾਰਾਂ ਅਤੇ ਜੀਵਨ ਸਾਥੀਆਂ ਨੂੰ ਵੈਲਨਟਾਈਨ-ਕਾਰਡ, ਗਿਫਟ, ਚਾਕਲੈਟਸ ਦਿੰਦੇ ਹਨ ਅਤੇ ਵੱਡੀਆਂ ਕੰਪਨੀਆਂ ਕਰੋੜਾਂ ਰੁਪਏ ਕਮਾਉਂਦੀਆਂ ਹਨ।ਸਕਾਟਲੈਂਡ ਵਿੱਚ ਕਾਗਜ਼ ਜਾਂ ਰਿਬਨ ਨਾਲ ਬਣੀ ਲਵਰਸ-ਨਾਟ ਰਵਾਇਤੀ ਤੋਹਫਾ ਹੈ।ਵੇਲਸ ਵਿੱਚ ਨੱਕਾਸੀਦਾਰ ਲੱਕੜ ਦੇ ਚਮਚੇ ਸੌਗਾਤ ਵਜੋਂ ਦਿੱਤੇ ਜਾਂਦੇ ਹਨ। ਫਿਨਲੈਂਡ ਵਿੱਚ ਇਸ ਦਿਨ ਚੰਗੇ ਮਿੱਤਰ ਬਣਾਉਣ ਤੇ ਵਿਸ਼ਵਾਸ ਕੀਤਾ ਜ਼ਾਂਦਾ ਹੈ।
14 ਫ਼ਰਵਰੀ ਨਾਲ ਇਕ ਹੋਰ ਘਟਨਾ ਵੀ ਜੁੜੀ ਹੋਈ ਹੈ।ਪੇਗਨ ਲੋਕ (ਰੱਬ ਅਤੇ ਧਰਮ `ਤੇ ਯਕੀਨ ਨਾ ਰੱਖਣ ਵਾਲੇ ਲੋਕ ਯਾਨੀ ਨਾਸਤਕ) ਇਸ ਦਿਨ ਨੂੰ `ਫ਼ੀਸਟ ਆਫ਼ ਲੂਪਰਕੈਲੀਆ` ਦੇ ਨਾਂ ਹੇਠ ਪਿਆਰ ਦੇ ਤਿਉਹਾਰ ਵਜੋਂ ਮਨਾਉਂਦੇ ਸਨ। ਇਹ ਦਿਨ ਇਕੋ ਹੋਣ ਕਾਰਨ, ਲੋਕ ਇਸ ਨੂੰ ਨਾਸਤਕਾਂ ਦਾ ਦਿਨ ਸਮਝ ਕੇ ਮਨਾਉਣ ਲੱਗ ਪਏ।ਅਖ਼ੀਰ 496 ਵਿਚ ਪੋਪ ਗੇਲਾਸੀਅਸ ਨੇ ਇਸ ਦਿਨ ਨੂੰ `ਸੇਂਟ ਵੈਲਨਟਾਈਨ` ਦਿਨ ਵਜੋਂ ਮਨਾਉਣਾ ਸ਼ੁਰੂ ਕੀਤਾ ਤਾਂ ਜੋ ਲੋਕ ਨਾਸਤਕਾਂ ਦਾ ਦਿਨ ਨਾ ਮਨਾਇਆ ਕਰਨ। ਇਸ ਦਿਨ ਸੇਂਟ ਐਂਗਲੀਕਨ ਫਿਰਕੇ ਦੀ ਸਰਕਾਰੀ ਛੁਟੀ ਹੁੰਦੀ ਹੈ। ਕਈ ਹੋਰ ਚਰਚ ਵੀ ਹੁਣ ਇਸਨੂੰ ਮਾਨਤਾ ਦਿੰਦੇ ਹਨ ਜਿਵੇਂ ਲੂਥਰਨ ਚਰਚ, ਈਸਟਰਨ ਔਰਥੋਡੋਕਸ ਚਰਚ।
ਪਰ ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ।ਜਿਸ ਅਧੀਨ ਸਮਾਜ ਵਿਚ ਸੱਭਿਆਚਾਰਕ ਗੰਦਗੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦਿਨ ਨੂੰ ਮਨਾਉਣ ਪਿਛੇ ਲਗਭਗ 99 ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਇਸ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਸ ਦਿਨ ਦਾ ਕੀ ਮਹੱਤਵ ਹੈ।
ਸੋ ਅੱਜ ਦੇ ਨੌਜਵਾਨੋ, 14 ਫਰਵਰੀ ਨੂੰ ਸੰਤ ਵੈਲਨਟਾਈਨ ਵਲੋਂ ਕੀਤੀ ਕੁਰਬਾਨੀ ਤੇ ਕੁਰਬਾਨੀਆਂ ਪਿਛਲੇ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਪਦਚਿੰਨ੍ਹਾਂ `ਤੇ ਚੱਲਦਿਆਂ ਸੰਕਲਪ ਲੈਣ ਦੀ ਲੋੜ ਹੈ ਕਿ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਤੇ ਇਕ ਸੱਭਿਆਚਾਰ ਵਲੋਂ ਦੂਜੇ ਸੱਭਿਆਚਾਰ ਨੂੰ ਅਜਗਰ ਵਾਂਗ ਹੜੱਪਣ ਦੀਆਂ ਚਾਲਾਂ ਦੀ ਹਮੇਸ਼ਾਂ ਵਿਰੋਧਤਾ ਕਰਾਂਗੇ।
ਭਾਰਤ ਵਿੱਚ ਪ੍ਰਾਚੀਨ ਕਾਲ ਦੀ ਪਰੰਪਰਾ ਅਨੁਸਾਰ ਕਾਮਦੇਵ ਨੂੰ ਕਾਮ ਦਾ ਦੇਵਤਾ ਮੰਨਿਆ ਜਾਂਦਾ ਸੀ। ਖਜੂਰਾਹੁ ਦੀਆ ਮੂਰਤੀਆਂ ਵਿੱਚ ਕਮਿਕ ਮੂਰਤੀਆਂ ਵੀ ਦੇਖਿਆ ਜਾ ਸਕਦੀਆਂ ਹਨ।ਆਚਾਰੀਆ ਬੱਤਸੀਅਨ ਦੇ ਕਾਮਸੂਤਰ ਨਾਮਕ ਗ੍ਰੰਥ ਵਿੱਚ ਵੀ ਇਸ ਦਾ ਉਲੇਖ ਕੀਤਾ ਗਿਆ।ਮੱਧ ਕਾਲ ਵਿੱਚ ਕਾਮਦੇਵ ਦੀ ਪੂਜਾ ਖਤਮ ਹੋ ਗਈ।ਰਾਮਚਰਿਤਮਾਨਸ ਵਿੱਚ ਰਤਿ ਦੇ ਪਤੀ ਕਾਮਦੇਵ ਨੂੰ ਸ਼ਿਵ ਵਲੋਂ ਭਸਮ ਕੀਤੇ ਜਾਣ ਦਾ ਜਿਕਰ ਹੈ।1990 ਦੇ ਦਹਾਕੇ ਵਿੱਚ ਭਾਰਤ ਵਿੱਚ ਕਾਮਦੇਵ ਦੀ ਮਹੱਤਵ ਨਹੀਂ ਦਿੱਤਾ ਜਾਂਦਾ ਸੀ।
1992 ਦੇ ਦਸ਼ਕ ਵਿੱਚ ਰੰਗੀਨ ਟੀ.ਵੀ ਚੈਨਲਾਂ ਦੇ ਪਸਾਰ ਹੋਣ ਨਾਲ ਖ਼ਾਸ ਕਰਕੇ ਐਮ. ਟੀ. ਵੀ ਚੈਨਲਾਂ ਨੇ ਵੇਲੇਨਟਾਈਨ ਡੇਅ ਵਾਲ ਲੋਕਾਂ ਦੀ ਖਿੱਚ ਨੂੰ ਵਧਾਇਆ।ਵਿਸ਼ਵੀਕਰਨ ਅਤੇ ਆਰਥਿਕ ਉਧਾਰੀਕਰਨ ਨੇ ਅੱਗ ਦਾ ਕੰਮ ਕੀਤਾ।ਇਸ ਤਰ੍ਹਾਂ ਮੱਧ ਯੁੱਗ ਵਿੱਚ ਵਿੱਚ ਜਿਸ ਪਰੰਪਰਾ ਨੂੰ ਭਾਰਤ ਤਿਆਗ ਚੁੱਕਾ ਸੀ। ਉਸ ਨੂੰ ਯੁਵਾ ਵਰਗ ਨੇ ਫਿਰ ਦੋ ਜੀਵਤ ਕਰ ਦਿੱਤਾ।ਵੇਲੇਨਟਾਈਨ ਡੇਅ ਪੱਛਮ ਦਾ ਰਵਾਇਤੀ ਤਿਉਹਾਰ ਹੈ।ਇਸ ਦਿਨ ਨੇ ਹੁਣ ਆਪਣੀਆਂ ਜੜ੍ਹਾਂ ਸਾਡੇ ਮੁਲਕ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਵੀ ਪਸਾਰ ਲਈਆਂ ਹਨ।
ਪਿਆਰੇ ਦੋਸਤੋ, ਵੈਲਨਟਾਈਨ ਦਿਵਸ ਦਾ ਸਾਡੀ ਹਿੰਦੁਸਤਾਨੀ ਤਹਿਜ਼ੀਬ ਨਾਲ ਕੋਈ ਵਾਸਤਾ ਨਹੀਂ ਹੈ ਕਿਉਂਕਿ ਸਾਡੇ ਮੁਲਕ ਵਿੱਚ ਹਰ ਕੰਮ ਸਭਿੱਅਕ ਰੀਤੀ ਰਿਵਾਜ਼ ਦੇ ਦਾਇਰੇ ਵਿੱਚ ਰਹਿ ਕੇ ਮੁਕੰਮਲ ਹੁੰਦਾ ਹੈ।ਫਿਰ ਸਾਨੂੰ ਅਜਿਹੇ ਸ਼ੋਸ਼ਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਸੋ ਮੈਂ ਤਾਂ ਇਹੀ ਸਮਝਦਾਂ ਹਾਂ ਕਿ ਵੈਲਨਟਾਈਨ ਡੇਅ ਤੋਂ ਭਾਵ ਇਹੀ ਲੈਣਾ ਬਣਦਾ ਹੈ ਕਿ ਅਸੀਂ ਇਸ ਦਿਨ ਸਮੁੱਚੀ ਦੁਨੀਆਂ ਵਿਚ ਵੱਸਦੇ ਸੱਭਿਆਚਾਰਾਂ ਦਾ ਸਤਿਕਾਰ ਕਰੀਏ, ਉਨ੍ਹਾਂ ਵਿਚਲੇ ਗੁਣਾਂ ਦੀ ਸਾਂਝ ਬਣਾਈਏ ਅਤੇ ਰਾਜੇ ਕਲੋਡਿਅਸ ਦੂਜੇ ਦੀ ਤਰਜ ਉਤੇ ਦੂਜੇ ਸੱਭਿਆਚਾਰਾਂ ਨੂੰ ਨਿਗਲਣ ਦੀਆਂ ਸਾਜਸ਼ਾਂ ਦਾ ਪਰਦਾਫਾਸ਼ ਕਰਦੇ ਹੋਏ ਜ਼ੁਲਮ ਦੇ ਖਿਲਾਫ ਡੱਟ ਜਾਈਏ ਅਤੇ ਆਪਣੇ ਭਾਰਤ ਦੇ ਮਹਾਨ ਅਤੇ ਸ਼ਾਨਾਮੱਤੀ ਵਿਰਸੇ ਅਤੇ ਸਭਿੱਆਚਾਰ ਦੀ ਰਾਖੀ ਕਰੀਏ ਅਤੇ ਇਸ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖੀਏ।
ਸ੍ਰੋਤ – ਇੰਟਰਨੈਟ

Vijay Guta

ਵਿਜੈ ਗੁਪਤਾ (ਸ. ਸ. ਅਧਿਆਪਕ)
ਸ.ਹ.ਸ. ਚੁਵਾੜਿਆਂ ਵਾਲੀ, ਫਾਜ਼ਿਲਕਾ
ਸੰਪਰਕ : 977 990 3800

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply