Thursday, March 28, 2024

ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮੱਰਪਤਿ ਅਠਵਾਂ ਨਗਰ ਕੀਰਤਨ ਯਾਦਗਾਰੀ ਤੇ ਇਤਿਹਾਸਿਕ ਹੋ ਨਿਬੜਿਆ

ਅਮਰੀਕਨ ਮੂਲ ਦੇ ਲੋਕਾਂ ਨੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲ ਕੇ ਸਿਖ ਸੰਗਤਾਂ ਦਾ ਪੁਰਜੋਰ ਸਵਾਗਤ ਕੀਤਾ

PPN180605

ਕੈਪਸ਼ਨ – ਨਗਰ ਕੀਰਤਨ ਵਿਚ ਸ਼ਾਂਮਲ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ।

(ਸੇਲਮ – ਔਰੀਗਨ ਸਟੇਟ) 18  ਜੂਨ (ਬਿਊਰੋ)-  ਹਰ ਸਾਲ ਵਾਂਗ ਇਸ ਸਾਲ ਵੀ ਅਮਰੀਕਾ ਦੇ ਔਰੀਗਨ ਸਟੇਟ ਦੀ ਰਾਜਧਾਨੀ ਸੇਲਮ ਸ਼ਹਿਰ ਵਿਚ ਸਥਿਤ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ੮ਵਾਂ ਸਾਲਾਨਾ ਨਗਰ ਕੀਰਤਨ ਕੱਢਿਆ ਗਿਆ।ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਮੌਕੇ ਭਾਈ ਕੁਲਵੰਤ ਸਿੰਘ ਪੰਡੋਰੀ, ਭਾਈ ਮੋਹਣ ਸਿੰਘ ਬਡਾਲਾ ਦੇ ਢਾਡੀ ਜਥਿਆਂ ਅਤੇ ਭਾਈ ਅਜੀਤ ਸਿੰਘ ਰਾਗੀ ਗੁਰਦੁਆਰਾ ਸੀਸ ਗੰਜ, ਭਾਈ ਮਾਨ ਸਿੰਘ, ਭਾਈ ਹਰਨੇਕ ਸਿੰਘ ਅਤੇ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ-ਸੇਲਮ ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ।ਸਵੇਰੇ 11 ਵਜੇ ਸ਼ੁਰੂ ਹੋ ਕੇ ਇਹ ਵਿਸ਼ਾਲ ਨਗਰ ਕੀਰਤਨ ਕਮਰਸ਼ੀਅਲ ਸਟਰੀਟ, ਰੂਰਲ ਸਟਰੀਟ ਅਤੇ 12 ਐਵਨਿਊ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਸਾਡੇ ਦਫਤਰ ਅੰਮ੍ਰਤਿਸਰ ਭੇਜੀ ਗਈ ਈ-ਮੇਲ ਅਨੁਸਾਰ ਫੁੱਲਾਂ ਨਾਲ ਸਿੰਗਾਰੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਪੰਜ ਪਿਆਰੇ ਚੱਲ ਰਹੇ ਸਨ। ਵੱਡੀ ਗਿਣਤੀ ਵਿੱਚ ਬੀਬੀਆਂ, ਨੌਜਵਾਨ, ਬੱਚੇ ਤੇ ਬਜ਼ੁਰਗਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਪੰਚਮ ਪਾਤਸ਼ਾਹ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ। ਸ਼ਾਮਲ ਹੋਈਆਂ ਬਹੁਤੀਆਂ ਸੰਗਤਾਂ ਖਾਲਸਈ ਪਹਿਰਾਵੇ ਵਿੱਚ ਸਨ। ਖਾਲਸਈ ਦਸਤਾਰਾਂ ਪੰਜਾਬ ਦੇ ਕਿਸੇ ਸਿੱਖ ਧਾਰਮਿਕ ਸਥਾਨ ਦਾ ਭੁਲੇਖਾ ਪਾ ਰਹੀਆਂ ਸਨ।ਲਗਭਗ ਇਕ ਮੀਲ ਲੰਬੇ ਨਗਰ ਕੀਰਤਨ ਦੌਰਾਨ ਵੱਖ ਵੱਖ ਰਾਗੀ ਤੇ ਢਾਡੀ ਜਥੇ ਗੁਰਬਾਣੀ ਕੀਰਤਨ ਤੇ ਸਿਖ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਜਿਥੋਂ ਜਿਥੋਂ ਦੀ ਨਗਰ ਕੀਰਤਨ ਲੰਘ ਰਿਹਾ ਸੀ ਉਹਨਾਂ ਰਸਤਿਆਂ ਤੇ ਸੜਕ ਤੇ ਦੋਨੋਂ ਪਾਸੇ ਖੜੇ ਅਮਰੀਕਨ ਮੂਲ ਦੇ ਲੋਕ ਆਪੋ ਆਪਣੇ ਘਰਾਂ ਤੇ ਦਫਤਰਾਂ ਵਿਚੋਂ ਬਾਹਰ ਨਿਕਲ ਕੇ ਸਿਖ ਸੰਗਤਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕਰ ਰਹੇ ਸਨ।ਵੱਖ ਵੱਖ ਗੁਰੂਦੁਆਰਾ ਸਾਹਿਬ ਤੇ ਸਿਖ ਸੰਸਥਾਵਾਂ ਵਲੋਂ ਸਜਾਏ ਗਏ ਫਲੋਟ ਨਗਰ ਕੀਰਤਨ ਦੀ ਸ਼ੋਭਾ ਵਿਚ ਹੋਰ ਵਾਧਾ ਕਰ ਰਹੇ ਸਨ।ਇਸ ਖੇਤਰ ਵਿਚ ਰਹਿਣ  ਸਿਖਾਂ ਪ੍ਰਤੀ ਜਿਸ ਤਰਾਂ ਅਮਰੀਕਨ ਮੂਲ ਦੇ ਲੋਕ ਜਿਸ ਤਰਾਂ ਆਪਣਾ ਸਤਿਕਾਰ ਪਰਗਟ ਕਰ ਰਹੇ ਸਨ  ਉਸਨੂੰ ਵੇਖ ਕੇ ਮਹਿਸੂਸ ਹੋ ਰਿਹਾ ਸੀ ਕਿ ਇਸ ਖੇਤਰ ਵਿਚ ਰਹਿਣ ਵਾਲੇ ਸਿਖ ਪਰਿਵਾਰਾਂ ਨੇ ਆਪਣੀ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਗੈਰ ਸਿਖ ਲੋਕਾਂ ਦੇ ਮਨਾਂ ਅੰਦਰ ਆਪਣੀ ਇਕ ਸਤਿਕਾਰਯੋਗ ਥਾਂ ਬਣਾ ਕੇ ਰਖੀ ਹੋਈ ਹੈ। ਨਗਰ ਕੀਰਤਨ ਦਾ ਪਹਿਲਾ ਪੜਾਅ ਸਾਊਥ ਸੇਲਮ ਹਾਈ ਸਕੂਲ ਦੀ ਪਾਰਕਿੰਗ ਲਾਟ ਦੀ ਗਰਾਊਂਡ ਵਿੱਚ ਕੀਤਾ ਗਿਆ ਜਿਥੇ ਹੈਲੀਕਾਪਟਰ ਰਾਹੀਂ ਸਿਖ ਸੰਗਤਾਂ ਉਪਰ ਫੁਲਾਂ ਦੀ ਵਰਖਾ ਕੀਤੀ ਗਈ।ਇਥੇ ਇਕੱਤਰ ਹੋਈ ਸੰਗਤਾਂ ਨੂੰ ਹੋਰਨਾਂ ਤੋਂ ਇਲਾਵਾ ਗੁਰੂਦੁਆਰਾ ਦਸ਼ਮੇਸ਼ ਦਰਬਾਰ ਸੇਲਮ ਦੇ  ਪਰਧਾਨ ਸ: ਬਹਾਦੁਰ ਸਿੰਘ ,ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਪਰਧਾਨ ਸ: ਸਤਨਾਮ ਸਿੰਘ ਚਾਹਲ, ਸਿਆਟਲ ਤੋਂ ਸ਼ਰਨਜੀਤ ਸਿੰਘ ਸ਼ਿਕਲਾਨੀ ਗੁਰਦੁਆਰਾ ਸਿੰਘ ਸਭਾ ਰੈਂਟਨ, ਪਰਮਜੀਤ ਸਿੰਘ ਸੈਕਟਰੀ ਗੁਰਦੁਆਰਾ ਸਾਹਿਬ ਉਲੰਪੀਆ (ਵਾਸਿੰਗਟਨ) ਗੁਰਦੁਆਰਾ ਸਾਹਿਬ ਵੈਨਕੂਵਰ ਦੇ ਪਰਧਾਨ ਸਰਬਜੀਤ ਸਿੰਘ ਤੇਜਾ, ਮੈਡਮ ਐਨਾ ਪੀਟਰਸਨ ਮੇਅਰ, ਐਫ .ਬੀ.ਆਈ ਮੁਖੀ ਡੱਗ.ਔਲੀਸਨ, ਪੁਲਿਸ ਚੀਫ਼ ਜੇਰੀ ਮੋਰ ਤੇ  ਮਨਿੰਦਰ ਸਿੰਘ ਬਾਠ ਪ੍ਰਧਾਨ ਗੁਰਦੁਆਰਾ ਸਾਹਿਬ ਰੇਡਿੰਗ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਬੋਲਦਿਆਂ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਜਾਂ ਸਿਖ ਧਰਮ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਿਖ ਗੁਰੁ ਸਹਿਬਾਨ ਤੇ ਸਿਖ ਧਰਮ ਦਾ ਨੁਕਸਾਨ ਕਰਨ  ਵਾਲੇ ਲੋਕਾਂ ਵਿਚ ਜਾਂ ਤਾਂ ਘਰ ਦੇ ਭੇਤੀ ਸ਼ਾਂਮਲ ਹੁੰਦੇ  ਸਨ ਤੇ ਜਾਂ ਫਿਰ ਪੰਥ ਦੁਸ਼ਮਣ ਤਾਕਤਾਂ ਨੇ ਅਜਿਹੇ ਕਾਰੇ ਕੀਤੇ ਸਨ।ਉਹਨਾਂ ਕਿਹਾ ਕਿ ਅਜ ਜਿਸ ਤਰਾਂ ਪਿਛਲੇ ਦਿਨੀਂ ਸ਼੍ਰੀ ਅਕਾਲ ਤੱਖਤ ਸਾਹਿਬ ਵਿਖੇ ਕੁਝ ਅਖੌਤੀ ਅਕਾਲੀ ਆਗੂਆਂ ਨੇ ਗੁੰਡਾ ਗਰਦੀ ਦਾ ਨੰਗਾ ਨਾਚ ਕਰਕੇ ਸਿਖ ਕੌਮ ਦੀ ਬਦਨਾਮੀ ਦੁਨੀਆਂ ਭਰ ਵਿਚ ਕਰਵਾਈ ਹੈ ਉਸ ਵਿਚ ਨਾ ਤਾਂ ਕੋਈ ਪੰਥ ਦੁਸ਼ਮਣ ਤਾਕਤਾਂ ਸ਼ਾਮਲ ਸਨ ਤੇ ਨਾ ਹੀ ਇਹ ਲੋਕ ਵਿਦੇਸ਼ਾਂ ਤੋਂ ਆਏ ਹੋਏ ਸਨ ।ਸਗੋਂ ਅਜਿਹਾ ਕਰਨ ਵਾਲੇ ਲੋਕ ਆਪਣੇ ਆਪ ਨੂੰ  ਸਿਖਾਂ ਦੇ ਲੀਡਰ ਸਮਝਦੇ ਹਨ।ਉਹਨਾਂ ਕਿਹਾ ਕਿ ਅਜ ਸਿਖਾਂ ਦੀ ਆਨ ਤੇ ਸ਼ਾਂਨ ਨੂੰ ਖਤਰਾ ਸਿਖੀ ਦੇ ਭੇਸ ਵਿਚ ਸਿਖਾਂ ਤੋਂ ਹੀ ਬਣਿਆ ਹੋਇਆ ਹੈ। ਦਸ਼ਮੇਸ਼ ਦਰਬਾਰ ਗੁਰੂਦੁਆਰਾ ਸਾਹਿਬ ਦੇ ਪਰਧਾਨ ਸ: ਬਹਾਦੁਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਸ ਨਗਰ ਕੀਰਤਨ ਦੀ ਸ਼ਾਂਨਦਾਰ ਸਫਲਤਾ ਲਈ ਦੂਰ ਦਰਾਡੇ ਸ਼ਹਿਰਾਂ ਵਿਚੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਢਾਡੀ ਸਿੰਘਾਂ ਨੇ ਗੁਰ ਇਤਿਹਾਸ ਦੁਆਰਾ ਸੰਗਤਾਂ ਨੂੰ ਜਾਣੂੰ ਕਰਵਾਇਆ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply