Friday, March 29, 2024

ਝੋਨੇ ਦੀ ਸਿੱਧੀ ਬਿਜਾਈ ਨਾਲ 30 ਫੀਸਦੀ ਮਜ਼ਦੂਰੀ ਅਤੇ 10-15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ – ਖੇਤੀ ਮਾਹਿਰ

PPN190610

ਬਟਾਲਾ, 19  ਜੂਨ (ਨਰਿੰਦਰ ਬਰਨਾਲ ) –  ਝੋਨੇ ਦੀ ਸਿੱਧੀ ਬਿਜਾਈ ਤੋਂ ਵਧੇਰੇ ਅਤੇ ਗੁਣਵਤਾ ਭਰਪੂਰ  ਪੈਦਾਵਾਰ ਲੈਣ ਲਈ ਤਕਨੀਕੀ ਨੁਕਤਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ  ਕਿਸੇ ਕਿਸਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਇਹ ਵਿਚਾਰ ਡਾ. ਜਰਮਨਜੀਤ ਸਿੰਘ  ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ  ਤਹਿਤ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪ੍ਰੇਰਿਤ ਕਰਨ ਲਈ ਬਲਾਕ ਕਾਦੀਆਂ ਦੇ ਪਿੰਡ  ਰਾਮਪੁਰ ਵਿੱਚ ਅਗਾਂਹਵਧੂ ਕਿਸਾਨ ਹਰਦਿਆਲ ਸਿੰਘ ਖੇਤਾਂ ਵਿੱਚ ਇਕੱਤਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਖੇਤੀ ਵਿਸਥਾਰ  ਅਫਸਰ, ਜੈਵਿੰਦਰ ਸਿੰਘ ਬੀ ਟੀ ਐਮ, ਜੁਝਾਰ ਸਿੰਘ, ਬਲਜਿੰਦਰ ਸਿੰਘ, ਉਪਿੰਦਰ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਨਵਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਜਰਮਨਜੀਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾਉਣ ਦੀ ਪ੍ਰੰਪਰਾਗਤ ਤਰੀਕੇ ਲਈ ਖਤਰਾ ਬਣਾ ਗਈ ਹੈ ਅਤੇ ਮਜ਼ਦੂਰੀ ਝੋਨੇ ਦੀ ਲਵਾਈ ਵਿੱਚ ਇੱਕ ਅਜਿਹਾ ਪ੍ਰਮੁੱਖ ਕਾਰਨ ਹੈ ਜਿਸ ਕਾਰਨ ਸ੍ਰੀਲੰਕਾ ਵਰਗੇ ਦੇਸ਼ ਵਿੱਚ 95  ਫੀਸਦੀ ਰਕਬੇ ਵਿੱਚ ਝੋਨੇ ਦੀ ਕਾਸ਼ਤ ਸਿੱਧੀ ਬਿਜਾਈ ਰਾਹੀਂ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਇਕੱਤਰ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਝੋਨੇ ਦੀ ਕਾਸ਼ਤ ਕਰਨ ਲਈ 1200-1500  ਮਿਲੀਮੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਵਿੱਚੋਂ ਤਕਰੀਬਨ 20-35 ਫੀਸਦੀ ਪਾਣੀ ਝੋਨੇ ਦੀ ਲਵਾਈ ਲਈ ਕੱਦੁ ਲਈ ਹੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਇਸ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਝੋਨੇ ਜਾਂ ਬਾਸਮਤੀ ਦੀ ਸਿੱਦੀ ਬਿਜਾਈ ਦਰਮਿਆਨੀ ਤੋਂ ਭਾਰੀ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਹਲਕੀ ਰੇਤਲੀ ਜ਼ਮੀਨ ਵਿੱਚ ਪਾਣੀ ਨਾਂ ਖੜਨ ਦੀ ਸੂਰਤ ਵਿੱਚ ਲੋਹੇ ਦੀ ਘਾਟ ਦੀ ਸਮੱਸਿਆ ਸਿੱਧੀ ਬਿਜਾਈ ਵਿਧੀ ਨੂੰ ਔਖਿਆਂ ਬਣਾ ਦਿੰਦੀ ਹੈ। ਖੇਤੀਬਾੜੀ ਅਫਸਰ ਨੇ ਅੱਗੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਡੀਲੇ ਜਾ ਗੰਢੀ ਵਾਲੇ ਮੋਥੇ ਦੀ ਸਮੱਸਿਆ ਵਧੇਰੇ ਹੋਵੇ ਉਹ ਖੇਤ ਸਿੱਧੀ ਬਿਜਾਈ ਲਈ ਨਹੀਂ ਚੁਣਨੇ ਚਾਹੀਦੇ। ਉਨਾਂ ਕਿਹਾ ਬਾਸਮਤੀ ਕਿਸਮਾਂ ਦੀ ਸਿੱਧੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਕੀਤੀ ਜਾ ਸਕਦੀ ਹੈ ਕਿਉਂਕਿ ਪਿਛੇਤੀ ਬਿਜਾਈ ਸਮੇਂ ਬਾਰਸ਼ ਕਾਰਨ ਫਸਲ ਦੇ ਜੰਮਣ ‘ਤੇ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਲਈ ਹਮੇਸ਼ਾਂ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply