Friday, April 19, 2024

ਇਨਸਾਨ

ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ
ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ ।

ਜਦ ਉਸ ਅੰਦਰ ਤੂੰ ਵੱਸ ਕੇ ਇੰਨਾ ਖਿਆਲ ਰੱਖੇ,
ਉਸਦੇ ਦਿਲ ਦੀ ਧੜਕਨ ਦੀ ਚੱਲਦੀ ਚਾਲ ਰੱਖੇ,
ਫਿਰ ਕਿਉਂ ਉਸਦਾ ਵਿਸ਼ਵਾਸ ਤੇਰੇ ਤੋਂ ਰਹਿੰਦਾ ਡੋਲਦਾ,
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ
ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ।

ਐਵੇਂ ਹਰ ਜਗ੍ਹਾ `ਤੇ ਰਹਿੰਦਾ ਹਰ ਵੇਲੇ ਮੱਥੇ ਰਗੜਦਾ,
ਧਰਮ ਦੇ ਨਾਂ `ਤੇ ਲੁੱਟੇ ਤੇ ਕਦੇ ਫਿਰੇ ਝਗੜਦਾ,
ਰੱਬ ਕਹਿੰਦੇ ਦਿਲ ਦੇ ਅੰਦਰ ਇਹ ਫਿਰਦਾ ਬਾਹਰ ਟੋਲਦਾ,
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ
ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ।

ਕਫਨ ਦੇ ਜੇਬ ਨਹੀ ਫਿਰ ਵੀ ਲਾਲਚੀ ਬੋਝਾ ਨਾ ਭਰੇ,
ਭੁੱਖੇ ਨੂੰ ਨਾ ਦਿੰਦਾ ਤੇ ਨਾ ਹੀ ਕਿਸੇ ਰੱਜੇ ਨੂੰ ਜਰੇ,
ਜਦ ਤੂੰ ਮਤ ਮਾਰੇ ਫਿਰ ਆਪਣੇ ਗੁੱਝੇ ਭੇਦ ਆਪ ਖੋਲਦਾ,
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ
ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ।

ਰਿਸ਼ਤੇ ਨਾਤੇ ਨਾ ਇਨਸਾਨੀਅਤ ਤੇ ਨਾ ਹੀ ਲਹੂ ਦਾ ਰੰਗ ਦੇਖੇ,
ਮੈ ਆਪਣਿਆਂ ਦੇ ਆਪਣਿਆਂ ਤੇ ਚੱਲਦੇ ਅੱਖੀਂ ਡੰਗ ਦੇਖੇ,
ਤਾਂ ਹੀ ਤਾਂ ਅਰਵਿੰਦਰ ਸਭ ਨਾਲ ਆਪਣੇ ਦਰਦ ਫਰੋਲਦਾ,
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ
ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ ।

Arwinder Gill Moga1

 

 

 

 

 

ਅਰਵਿੰਦਰ ਸਿੰਘ
ਪਿੰਡ ਡਰੋਲੀ ਭਾਈ (ਮੋਗਾ)
ਮੋ- 99155 47728

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply