Thursday, April 25, 2024

ਦੂਜਿਆਂ ਦਾ ਦਰਦ ਵੰਡਾਉਣ ਵਾਲੇ ਸਨ – ਮਹਿਮਾ ਸਿੰਘ ਕੰਗ

ਬਰਸੀ ਤੇ ਵਿਸ਼ੇਸ਼ (8 ਮਈ )

ਮਾਤਾ-ਪਿਤਾ ਕੁਦਰਤ ਵੱਲੋਂ ਭੇਜੇ ਹੋਏ ਅਜਿਹੇ ਦੂਤ ਹਨ, ਜੋ ਬਿਨਾਂ ਕਿਸੇ ਲੋਭ ਜਾਂ ਸੁਆਰਥ ਤੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ।ਉਨਾਂ ਦੀ ਘਣਛਾਵੀਂ ਤੇ ਠੰਡੀ ਛਾਂ ਦੀ, ਕੋਈ ਹੋਰ ਜਾਂ ਕਿਸੇ ਤਰਾਂ ਦਾ ਘਣਛਾਵਾਂ ਬੂਟਾ ਥਾਂ ਨਹੀਂ ਲੈ ਸਕਦਾ।ਪੁੱਤਰ ਜਾਂ ਧੀਅ ਦੀ ਚਾਹੇ MS KANGਕਿੰਨੀ ਵੀ ਉਮਰ ਹੋ ਜਾਵੇ ਪ੍ਰੰਤੂ ਜਿਨਾਂ ਚਿਰ ਮਾਂ-ਬਾਪ ਦਾ ਸਾਇਆ ਸਿਰ `ਤੇ ਬਣਿਆ ਰਹਿੰਦਾ ਹੈ ਤਾਂ ਔਲਾਦ ਨੂੰ ਕੋਈ ਫਿਕਰ ਨਹੀਂ ਹੁੰਦਾ।ਜਦੋਂ ਇਸ ਘਣਛਾਵੇਂ ਬੂਟੇ ਵਿੱਚੋਂ ਕਿਸੇ ਇੱਕ ਦਾ ਵੀ ਸਾਇਆ ਅਚਾਨਕ ਉੱਠ ਜਾਂਦਾ ਹੈ ਤਾਂ ਜ਼ਿੰਮੇਵਾਰੀਆਂ ਦੀ ਪੰਡ ਚੁੱਕਣੀ ਬਹੁਤ ਮੁਸ਼ਕਿਲ ਹੁੰਦੀ ਹੈ।
ਸਵ: ਮਹਿਮਾ ਸਿੰਘ ਕੰਗ ਜੋ ਮੇਰੇ ਪੂਜਨੀਕ ਪਿਤਾ ਸਨ, ਉਹ ਕੇਵਲ ਇਕੱਲੇ ਵਿਅਕਤੀ ਨਾ ਹੋ ਕੇ ਇੱਕ ਸੰਸਥਾ ਵਾਂਗ ਕੰਮ ਕਰਦੇ ਸਨ।ਸਮਾਜ ਸੇਵਾ ਉਨਾਂ ਦਾ ਮੁੱਖ ਉਦੇਸ਼ ਦੀ, ਜਿਹੜੀ ਉਨਾਂ ਆਪਣੇ ਜੀਵਨ ਦੇ ਆਖਰੀ ਪਲ ਤੱਕ ਕੀਤੀ ਵੀ।ਜੇਕਰ ਉਨਾਂ ਦੇ ਮੁੱਢਲੇ ਜੀਵਨ ਤੇ ਝਾਤ ਮਾਰੀ ਜਾਵੇ ਤਾਂ ਉਹ ਇੱਕ ਸਧਾਰਨ ਜਿਮੀਂਦਾਰ ਪਰਿਵਾਰ ਵਿੱਚ ਜੰਮੇ ਪਲੇ।ਤਿੰਨ ਭਰਾਵਾਂ ਵਿੱਚੋਂ ਵੱਡੇ ਹੋਣ ਕਾਰਨ ਮਾਂ ਨੇ ਸਾਰੇ ਚਾਅ ਦੁਲਾਰ ਉਨਾਂ ਤੋਂ ਹੀ ਸ਼ੁਰੂ ਕਰਨੇ ਸਨ।ਪਿਤਾ ਜੀ ਅਜੇ ਜਵਾਨੀ ਦੀ ਦਹਿਲੀਜ਼ `ਤੇ ਪਹੁੰਚੇ ਹੀ ਸਨ ਕਿ ਅਚਾਨਕ ਵਿਚਾਰੀ ਮਾਂ ਆਪਣੇ ਆਪਣੇ ਪੁੱਤਰਾਂ ਦੇ ਚਾਅ ਮਲਾਰਾਂ ਦੇ ਸਾਰੇ ਅਰਮਾਨ ਆਪਣੇ ਦਿਲ ਅੰਦਰ ਲੈ ਕੇ ਹੀ ਇਸ ਜਹਾਨੋਂ ਕੂਚ ਕਰ ਗਈ।ਆਪਣੀ ਕੋਈ ਸਕੀ ਭੈਣ ਨਾ ਹੋਣ ਕਾਰਨ, ਪਹਿਲਾਂ ਪਹਿਲਾਂ ਤਾਂ ਮਾਮੇ ਨੇ ਆਪਣੇ ਭਾਣਜਿਆਂ ਲਈ ਖੁਦ ਹੱਥ ਸਾੜ ਕੇ ਰੋਟੀ ਪਕਾਈਆਂ।ਪਿੱਛੋਂ ਕੁੱਝ ਸਮੇਂ ਲਈ ਇੱਕ ਪਰਿਵਾਰ ਦੇ ਅਹਿਸਾਨਾਂ ਥੱਲੇ ਦਬਣਾ ਪਿਆ।ਉਸ ਅਹਿਸਾਨ ਬਦਲੇ ਉਸ ਪਰਿਵਾਰ ਨੇ ਪਤਾ ਨਹੀਂ ਕਿੰਨੀਆਂ ਕੁ ਵਗਾਰਾਂ ਕਰਵਾ ਲਈਆਂ, ਪ੍ਰੰਤੂ ਅੱਜ ਵੀ ਉਹ ਪਰਿਵਾਰ ਉਸ ਥੁੜ ਚਿਰ ਕੀਤੇ ਅਹਿਸਾਨ ਦਾ ਨਹੌਰਾ ਦੇਈਂ ਜਾ ਰਿਹਾ ਹੈ।ਉਹ ਅਹਿਸਾਨ ਹੀ ਕੀ ਹੁੰਦਾ, ਜਿਸ ਬਾਰੇ ਗੱਲ ਗੱਲ ਤੇ ਸੁਣਾਇਆ ਜਾਵੇ।ਥੋੜੇ ਸਮੇਂ ਬਾਅਦ ਪਿਤਾ ਜੀ ਦਾ ਵਿਆਹ ਕਰ ਲਿਆ ਗਿਆ।ਵਿਆਹ ਤੋਂ ਬਾਅਦ ਹੀ ਉਨਾਂ ਆਪਣੀ ਅਗਲੀ ਪੜਾਈ ਕੀਤੀ ਅਤੇ ਸਰਕਾਰੀ ਅਧਿਆਪਕ ਦੇ ਤੌਰ `ਤੇ ਸੇਵਾ ਨਿਭਾਉਣੀ ਸ਼ੁਰੂ ਕੀਤੀ।ਨੌਕਰੀ ਦੇ ਨਾਲ ਨਾਲ ਉਹਨਾਂ ਨੇ ਸਵੇਰੇ ਸਾਜਰੇ ਉਠ ਜਾਂ ਸ਼ਾਮ ਨੂੰ ਆ ਕੇ ਬਲਦਾਂ ਨਾਲ ਖੇਤੀ ਕੀਤੀ ਅਤੇ ਆਪਣੇ ਘਰ ਦੀ ਬਿਖਰ ਚੁੱਕੀ ਆਰਥਿਕਤਾ ਨੂੰ ਲੀਹ ਤੇ ਲਿਆਂਦਾ।ਉਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਤਕਲੀਫਾਂ ਝੱਲ ਕੇ ਅਡੋਲ ਖੜੇ ਰਹਿਣ ਦੀ ਸਮਰੱਥਾ ਆਪਣੇ ਚਾਚਾ ਕਾਮਰੇਡ ਜਗਜੀਤ ਸਿੰਘ ਬਾਗੀ ਤੋਂ ਲਈ, ਜਿਨਾਂ ਨੇ ਉਨਾਂ ਨੂੰ ਜਿੰਦਗੀ ਵਿੱਚ ਸੱਚਾਈ ਦੀ ਪੱਲਾ ਫੜਨ, ਦੀਨ ਦੁਖੀਆਂ ਅਤੇ ਗਰੀਬਾਂ ਦੇ ਹੱਕ ਵਿੱਚ ਖੜਨ ਦੀ ਪ੍ਰੇਰਣਾ ਦਿੱਤੀ ਅਤੇ ਉਹ ਖੜੇ ਵੀ।ਨੌਕਰੀ ਦੌਰਾਨ ਉਨਾਂ ਨੇ ਅਧਿਆਪਕ ਯੂਨੀਅਨਾਂ ਰਾਹੀਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਨਿਸ਼ਕਾਮ ਸੇਵਾ ਕੀਤੀ।ਸਿੱਖਿਆ ਵਿਭਾਗ ਵਿੱਚ ਹੋ ਰਹੀਆਂ ਬੇਨਿਯਮੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।ਵੱਖ-ਵੱਖ ਸਕੂਲਾਂ ਵਿੱਚ ਸੇਵਾ ਨਿਭਾਉਣ ਮੌਕੇ ਬੱਚਿਆਂ ਨੂੰ ਪੂਰੀ ਤਰਾਂ ਸਮਰਪਿਤ ਹੋ ਕੇ ਪੜਾਇਆ।ਕਮਜ਼ੋਰ ਵਿਦਿਆਰਥੀਆਂ ਦੇ ਅਲੱਗ ਅਲੱਗ ਗਰੁੱਪ ਬਣਾ ਕੇ ਅਤੇ ਸਕੂਲ ਟਾਈਮ ਤੋਂ ਬਾਅਦ ਵੀ ਵਾਧੂ ਸਮਾਂ ਲਗਾ ਕੇ ਪੜਾਇਆ, ਜਿਸ ਕਰਕੇ ਅੱਜ ਵੀ ਉਨਾਂ ਕੋਲੋਂ ਪੜੇ ਵਿਦਿਆਰਥੀ ਬੜੀ ਸ਼ਿੱਦਤ ਨਾਲ ਉਨਾਂ ਨੂੰ ਯਾਦ ਕਰਦੇ ਹਨ।
ਜਿਸ ਤਰਾਂ ਬਹੁਤੇ ਅਧਿਆਪਕ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਿਰਫ ਦਿਨ ਕੱਟਣਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਇੱਕ ਖੜੇ ਪਾਣੀ ਵਾਂਗ ਕੱਟਦੇ ਹਨ।ਪ੍ਰੰਤੂ ਪਿਤਾ ਜੀ ਹਮੇਸ਼ਾਂ ਚੱਲਦੇ ਪਾਣੀ ਵਾਂਗ ਹੀ ਆਪਣੀ ਜ਼ਿੰਦਗੀ ਵਿੱਚ ਖੁਦ ਰਾਹ ਬਣਾ ਕੇ ਚੱਲੇ ਸਨ।ਪਿਤਾ ਜੀ ਨੇ ਰਿਟਾਇਰਮੈਂਟ ਤੋਂ ਤੁਰੰਤ ਬਾਅਦ ਸਿੱਖਿਆ ਨਾਲ ਜੁੜੇ ਰਹਿਣ, ਗਰੀਬ ਤੇ ਹੁਸ਼ਿਆਰ ਬੱਚਿਆਂ ਨੂੰ ਵਿੱਦਿਆ ਦੇਣ ਦੇ ਮਨੋਰਥ ਨਾਲ ਸਾਲ 1998 ਵਿੱਚ ਆਪਣੇ ਸਾਥੀ ਅਧਿਆਪਕਾਂ ਨਾਲ ਮਿਲ ਕੇ ‘ਅਧਿਆਪਕ ਚੇਤਨਾ ਮੰਚ ਸਮਰਾਲਾ’ ਦੀ ਸਥਾਪਨਾ ਕੀਤੀ।ਜਿਸ ਵਿੱਚ ਐਤਵਾਰ ਜਾਂ ਹੋਰ ਛੁੱਟੀ ਵਾਲੇ ਦਿਨ ਗਰੀਬ ਤੇ ਹੁਸ਼ਿਆਰ ਬੱਚਿਆਂ ਦੀਆਂ ਮੁਫਤ ਕਲਾਸਾਂ ਲਗਾਈਆਂ ਜਾਂਦੀਆਂ ਸਨ ਅਤੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੀ ਸਲਾਨਾ ਵਜ਼ੀਫਾ ਪ੍ਰੀਖਿਆ ਲਈ ਜਾਣ ਲੱਗੀ।ਉਸ ਵਜ਼ੀਫਾ ਪ੍ਰੀਖਿਆ ਵਿੱਚੋਂ ਪਾਸ ਵਿਦਿਆਰਥੀਆਂ ਨੂੰ ਦਾਨੀ ਸੱਜਣਾ ਦੀ ਮੱਦਦ ਨਾਲ, ਇੱਕ ਸਮਾਗਮ ਦੌਰਾਨ ਵਜ਼ੀਫਾ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਜਾਣ ਲੱਗੇ।ਉਨਾਂ ਦੁਆਰਾ ਲਾਇਆ ਇਹ ਬੂਟਾ ਹੁਣ ਭਰ ਜਵਾਨ ਹੋ ਗਿਆ ਹੈ।ਜੋ ਇੱਕ ਚਾਨਣ ਮੁਨਾਰੇ ਵਾਂਗ ਕੰਮ ਕਰ ਰਿਹਾ ਹੈ।ਅਧਿਆਪਕ ਚੇਤਨਾ ਮੰਚ ਵੱਲੋਂ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ 17ਵਾਂ ਸਲਾਨਾ ਸਮਾਗਮ ਪਿਛਲੇ ਹਫਤੇ ਹੀ ਮਨਾਇਆ ਗਿਆ।ਇਸ ਤੋਂ ਇਲਾਵਾ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸੁਹਿਰਦ ਯਤਨ ਵਜੋਂ ਸਮਰਾਲਾ ਵਿਖੇ ‘ਭਿ੍ਰਸ਼ਟਾਚਾਰ ਵਿਰੋਧੀ ਫਰੰਟ’ ਦੀ ਨੀਂਹ ਵੀ ਉਨਾਂ ਨੇ ਆਪਣੇ ਸਾਥੀ ਕਾਮਰੇਡ ਤਰਲੋਕ ਸਿੰਘ ਕੋਟਾਲਾ ਦੀ ਬਰਸੀ ਮੌਕੇ ਰੱਖੀ, ਉਹ ਫਰੰਟ ਅੱਜ ਵੀ ਸਮਾਜ ਅੰਦਰ ਫੈਲ ਚੁੱਕੀਆਂ ਬੁਰਾਈਆਂ, ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਸਮਰਪਿਤ ਹੋ ਕੇ ਕਮਾਂਡੈਂਟ ਰਸ਼ਪਾਲ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ।ਜਦੋਂ ਕੋਈ ਵਿਅਕਤੀ ਇਹ ਸੰਸਾਰ ਛੱਡ ਕੇ ਚਲਾ ਜਾਂਦਾ ਹੈ ਤਾਂ ਆਮ ਕਰਕੇ ਸਾਲ, ਦੋ ਸਾਲ ਹੀ ਯਾਦ ਕੀਤਾ ਜਾਂਦਾ ਹੈ, ਪ੍ਰੰਤੂ ਮੈਨੂੰ ਆਪਣੇ ਪਿਤਾ ਜੀ ਦੀ ਸੋਚ ਅਤੇ ਉਨਾਂ ਦੁਆਰਾ ਕੀਤੇ ਕੰਮਾਂ ਤੇ ਮਾਣ ਹੈ, ਜੋ ਅੱਜ ਵੀ ਅੱਠ ਸਾਲ ਬੀਤਣ ਤੋਂ ਬਾਅਦ ਸਮਰਾਲਾ ਇਲਾਕੇ ਵਿੱਚ ਉਨਾਂ ਨੂੰ ਬੜੇ ਸਤਿਕਾਰ ਵਜੋਂ ਯਾਦ ਕੀਤਾ ਜਾਂਦਾ ਹੈ।
ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 6 ਮਈ ਨੂੰ ਪਿਤਾ ਜੀ ਘਰੋਂ ਆਪਣੇ ਨਿੱਤ ਨਿਯਮ ਅਨੁਸਾਰ ‘ਭਿ੍ਰਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ’ ਵਿਖੇ ਆ ਕੇ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਵਿੱਚ ਮਸ਼ਰੂਫ ਸਨ, ਅਚਾਨਕ ਹੀ ਦਿਲ ਵਿੱਚ ਉੱਠੇ ਦਰਦ ਕਾਰਨ ਉਨਾਂ ਨੂੰ ਡੀ.ਐਮ.ਸੀ ਲੁਧਿਆਣਾ ਲਿਜਾਇਆ ਗਿਆ, ਜਿੱਥੇ ਰਾਤ ਨੂੰ ਬ੍ਰੇਨ ਹੈਮਰੇਜ਼ ਹੋ ਜਾਣ ਕਾਰਨ, ਦੋ ਦਿਨ ਜ਼ਿੰਦਗੀ-ਮੌਤ ਦੀ ਲੜਾਈ ਦੇ ਘੋਲ ਦੌਰਾਨ, 8 ਮਈ 2009 ਦੀ ਸੁਭਾ ਨੂੰ ਮੌਤ ਜਿੱਤ ਕੇ ਉਨਾਂ ਨੂੰ ਆਪਣੇ ਨਾਲ ਉਸ ਸੰਸਾਰ ਵਿੱਚ ਲੈ ਗਈ, ਜਿਥੇ ਆਪਣੀ ਆਵਾਜ਼ ਦਾ ਹੁੰਗਾਰਾ ਭਰਨ ਵਾਲਾ ਮੁੜ ਪਿੱਛੇ ਕਦੇ ਨਹੀਂ ਪਰਤਦਾ।ਉਸ ਦਿਨ, ਦਿਲ ਵਿੱਚ ਉੱਠੇ ਅਚਾਨਕ ਦਰਦ ਨੂੰ ਸਾਰੇ ਅਚਾਨਕ ਹੋਇਆ ਸਮਝਦੇ ਹਨ, ਪ੍ਰੰਤੂ ਇਹ ਦਰਦ ਉਨਾਂ ਦੇ ਅਚਾਨਕ ਨਹੀਂ ਹੋਇਆ ਸਗੋਂ ਆਪਣਿਆਂ ਵੱਲੋਂ ਹੀ ਕੀਤੀ ਬੇਵਫਾਈ, ਰਿਸ਼ਤਿਆਂ ਵਿੱਚ ਆਈ ਸਫੈਦਗੀ ਅਤੇ ਢੀਠਤਾਈ ਕਾਰਨ ਹੋਇਆ ਸੀ।ਕਿਸੇ ਵੀ ਸੱਚੇ ਵਿਅਕਤੀ ਦੇ ਮਨ ਨੂੰ ਜਦੋਂ ਠੇਸ ਲੱਗਦੀ ਹੈ, ਤਾਂ ਉਹ ਆਪਣਾ ਦਰਦ ਦੂਸਰਿਆ ਨੂੰ ਨਹੀਂ ਦੱਸਦਾ ਬਲਕਿ ਆਪਣੇ ਅੰਦਰ ਹੀ ਅੰਦਰ ਪੀਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਤਰਾਂ ਦਾ ਦਰਦ ਉਹ ਆਪਣੇ ਦਿਲ ਅੰਦਰ ਹੀ ਸਮੋ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚਲੇ ਗਏ।ਬੇਸ਼ੱਕ ਪਿਤਾ ਜੀ ਨੂੰ ਅੱਜ ਕੰਧ ਤੇ ਟੰਗੀ, ਮਾਲਾ ਵਾਲੀ ਤਸਵੀਰ ਵਿੱਚ ਬੈਠਿਆਂ, ਪੂਰੇ ਅੱਠ ਸਾਲ ਹੋ ਗਏ ਹਨ, ਪ੍ਰੰਤੂ ਉਨਾਂ ਦੇ ਸੰਘਰਸ਼ਮਈ ਜੀਵਨ ਅਤੇ ਦਿ੍ਰੜ ਇਰਾਦੇ ਨੂੰ ਪ੍ਰਣਾਮ ਕਰਦਾ ਹਾਂ। ਮੈਂ ਅੱਜ ਵੀ ਇਹੀ ਮਹਿਸੂਸ ਕਰਦਾ ਹੈ ਕਿ ਮੇਰੇ ਪਿਤਾ ਜੀ ਮੈਥੋਂ ਦੂਰ ਨਹੀਂ, ਸਗੋਂ ਮੇਰੇ ਮਾਰਗ ਦਰਸ਼ਕ ਬਣ ਕੇ ਹਮੇਸ਼ਾਂ ਮੇਰੇ ਅੰਗ ਸੰਗ ਖੜੇ ਹਨ ਅਤੇ ਖੜੇ ਰਹਿਣਗੇ। ਮੈਂ ਉਨਾਂ ਵਾਂਗ ਸੱਚਾਈ ਦਾ ਪੱਲਾ ਫੜ ਅੱਗੇ ਵੱਧਦਾ ਰਹਾਂਗਾ।

INDERJIT SINGH KANG

 

 

 

 

 

 

ਇੰਦਰਜੀਤ ਸਿੰਘ ਕੰਗ
ਪਿੰਡ ਤੇ ਡਾਕ : ਕੋਟਲਾ ਸਮਸ਼ਪੁਰ
ਤਹਿ: ਸਮਰਾਲਾ (ਲੁਧਿ:)
ਮੋਬਾ: 98558-82722

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply