Saturday, April 20, 2024

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੁਹਿੰਮ ਲਈ ਸੰਤ ਸਮਾਜ ਦੀ ਬੈਠਕ ਹੋਈ

ਨਵੀਂ ਦਿੱਲੀ, 22 ਮਈ (ਪੰਜਾਬ ਪੋਸਟ ਬਿਊਰੋ) – PPN2205201712ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜੀ ਦੀ ਮੁੜ ਸਥਾਪਨਾ ਲਈ ਅਗਲੀ ਰਣਨੀਤੀ ਦਾ ਖਾਕਾ ਤਿਆਰ ਕਰਨ ਲਈ ਸੰਤ ਸਮਾਜ ਵੱਲੋਂ ਬੈਠਕ ਕੀਤੀ ਗਈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੀ ਗਈ ਇਸ ਬੈਠਕ ’ਚ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਘੇ ਪ੍ਰਚਾਰਕ ਗਿਆਨੀ ਸਾਹਿਬ ਸਿੰਘ ਮਾਰਕੰਡਾ ਸਣੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਆਪਣੇ ਵਿਚਾਰ ਰਖਦੇ ਹੋਏ ਦਿੱਲੀ ਕਮੇਟੀ ਵੱਲੋਂ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਆਰੰਭੀ ਗਈ ਇਸ ਮੁਹਿੰਮ ਦੀ ਸਲਾਘਾ ਕੀਤੀ।
ਇਥੇ ਜਿਕਰਯੋਗ ਹੈ ਕਿ ਸੰਤ ਸਮਾਜ ਦੇ ਨਾਲ ਹੀ ਬੈਠਕ ’ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਬੀਤੇ ਲਗਭਗ 30 ਸਾਲ ਤੋਂ ਲੜਾਈ ਲੜ ਰਹੀ ਹਰਿਦੁਆਰ ਦੀ ਸੰਗਤ ਵੱਲੋਂ ਹਰਜੀਤ ਸਿੰਘ ਦੁਆ ਵੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਮੁਹਿੰਮ ਦੇ ਸੰਬੰਧ ’ਚ ਸੱਦੀ ਗਈ ਸਮੂਹ ਪੰਥਕ ਜਥੇਬੰਦੀਆਂ ਦੀ ਬੈਠਕ ਤੋਂ ਪਹਿਲਾ ਹੋਈ ਇਸ ਵਿਚਾਰ ਚਰਚਾ ਨੂੰ ਅਹਿਮ ਮੰਨਿਆ ਜਾ ਸਕਦਾ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੂਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਬੈਠਕ ’ਚ ਸ਼ਾਮਿਲ ਹੋਏ ਸਮੂਹ ਵਿਦਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਲੋੜੀਂਦਾ ਦੱਸਦੇ ਹੋਏ ਦਿੱਲੀ ਕਮੇਟੀ ਨੂੰ ਇਸ ਮਸਲੇ ’ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦਿੱਲੀ ਕਮੇਟੀ ਵੱਲੋਂ ਚਲਾਈ ਗਈ ਇਸ ਮੁਹਿੰਮ ’ਚ ਪਹਿਲੀ ਵਾਰ ਨਿਰਮਲੇ ਤੇ ਉਦਾਸੀਨ ਸੰਪਰਦਾਵਾਂ ਦੇ ਸ਼ਾਮਿਲ ਹੋਏ ਸੰਤਾਂ ਨੇ ਕਿਹਾ ਕਿ ਹਰ ਵਾਰ ਪੰਥ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ ਕਰਨ ਦਾ ਰੁਝਾਨ ਚਲ ਰਿਹਾ ਸੀ, ਪਰ ਦਿੱਲੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁਹਿੰਮ ਨਾਲ ਸਾਨੂੰ ਜੋੜ ਕੇ ਮਾਨ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ।ਇਸ ਲਈ ਪ੍ਰਧਾਨ ਜੀ.ਕੇ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੀਆਂ ਗਈਆਂ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹੋਏ ਅਸੀਂ ਕਮੇਟੀ ਦੇ ਨਾਲ ਡੱਟ ਕੇ ਖੜੇ ਹੋਵਾਂਗੇ।
ਇਸ ਮੌਕੇ ਕਾਰਸੇਵਾ ਤੇ ਸੇਵਾਪੰਥੀ ਸੰਪਰਦਾਵਾਂ ਦੇ ਸੰਤਾਂ ਨੇ ਵੀ ਹਾਜ਼ਰੀ ਭਰੀ। 24 ਮਈ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁਹਿੰਮ ਦੇ ਸੰਬੰਧ ’ਚ ਲਏ ਜਾਣ ਵਾਲੇ ਫੈਸਲੇ ਨੂੰ ਸਵੀਕਾਰ ਕਰਨ ਦਾ ਵੀ ਸੰਤ ਸਮਾਜ ਵੱਲੋਂ ਮਤਾ ਪਾਸ ਕੀਤਾ ਗਿਆ। ਜੀ.ਕੇ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਅਤੇ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਕਾਨੂੰਨੀ ਤੇ ਸਿਆਸੀ ਲੜਾਈ ਲੜਨ ਲਈ ਵਚਨਬੱਧ ਹਾਂ।ਸਿਰਸਾ ਨੇ ਸੰਤ ਸਮਾਜ ਦਾ ਬੈਠਕ ’ਚ ਹਿੱਸਾ ਲੈਣ ਲਈ ਧੰਨਵਾਦ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਕੀਤੀ ਜਾ ਰਹੀ ਚਾਰਾਜੋਈ ਦਾ ਵੀ ਹਵਾਲਾ ਦਿੱਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਹੇਮ ਸਿੰਘ, ਉਤਰਾਖੰਡ ਦੀ ਸੰਗਤ ਵੱਲੋਂ ਗੁਰਪ੍ਰੀਤ ਸਿੰਘ ਬੱਗਾ ਅਤੇ ਕਈ ਸੰਤਾਂ ਨੇ ਆਪਣੇ ਇਸ ਮੌਕੇ ਵਿਚਾਰ ਰਖੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply