Friday, March 29, 2024

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

22 ਮਈ ਲਈ ਵਿਸ਼ੇਸ਼:
Guru Arjan

-ਜਥੇਦਾਰ ਅਵਤਾਰ ਸਿੰਘ
ਪੰਚਮ ਪਾਤਸ਼ਾਹ ਸ੍ਰੀ ਗੁਰੁੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਧਰਮ ਦੀ ਸਭ ਤੋਂ ਪਹਿਲੀ ਸ਼ਹਾਦਤ ਹੈ। ਇਸ ਸ਼ਹਾਦਤ ਨੇ ‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥’ ਦੇ ਪਾਵਨ ਫੁਰਮਾਨ ਨੂੰ ਪ੍ਰਤੱਖ ਕਰ ਦਿਖਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਹੀ ਪਰਉਪਕਾਰ ਹਿਤ ਤੇ ਉੱਚੇ ਆਦਰਸ਼ ਲਈ ਬਤੀਤ ਹੋਇਆ। ਆਪ ਧਰਮ, ਕੌਮ, ਦੇਸ਼, ਸਮਾਜ ਦੇ ਇਕ ਮਹਾਨ ਉਸਰੱਈਏ ਹਨ। ਆਪ ਜੀ ਦੀ ਮਹਿਮਾਂ ਵੱਡੀ ਹੈ:
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥
ਆਪ ਜੀ ਦਾ ਪ੍ਰਕਾਸ਼ ਪਿਤਾ ਚੌਥੇ ਗੁਰੁੂ ਸ੍ਰੀ ਗੁਰੂੁ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਦਿ ਤੋਂ ਅੰਤ ਤਕ ਆਪ ਦਾ ਜੀਵਨ ਇਕ ਸਖ਼ਤ ਪ੍ਰੀਖਿਆ ਸੀ, ਤੱਤੀ ਤਵੀ ਸੀ। ਅਜੇ ਆਪ ਗੁਰੂ ਨਹੀਂ ਸਨ ਬਣੇ ਕਿ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ ਸ਼ੁਰੂ ਹੋ ਗਿਆ। ਜਦੋਂ ਗੁਰੂ ਬਣੇ ਤਾਂ ਇਹ ਵਿਰੋਧ ਦਿਨ-ਬ-ਦਿਨ ਵਧਦਾ ਹੀ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਹਕੂਮਤ ਦਾ ਵਿਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਪਣੇ ਸਿਖਰ ‘ਤੇ ਪੁੱਜ ਗਿਆ। ਗੁਰੂ ਜੀ ਨੂੰ ਪ੍ਰਿਥੀ ਚੰਦ, ਸੁਲਹੀ ਖਾਨ ਅਤੇ ਚੰਦੂ ਆਦਿ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ ਹੋਰ ਵੀ ਵੱਧ ਗਿਆ। ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਦੀਆਂ ਨਜ਼ਰਾਂ ਵਿਚ ਬਾਗੀ ਹੋ ਗਏ। ਗੱਲ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ। ਪਰ ਸ਼ਾਂਤੀ ਦੇ ਸਾਗਰ, ਨਿਮਰਤਾ ਦੇ ਪੁੰਜ, ਪਰਉਪਕਾਰੀ ਸਤਿਗੁਰਾਂ ਨੇ ਅਜਿਹੇ ਕਠਿਨਾਈਆਂ ਭਰੇ ਸਮੇਂ ਵਿਚ ਵੀ ਸਿੱਖ ਧਰਮ ਨੂੰ ਉਨਤੀ ਦੀਆਂ ਸਿਖ਼ਰਾਂ ਤਕ ਪਹੁੰਚਾਉਣ ਲਈ ਆਪਣਾ ਪੂਰਾ ਜੀਵਨ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਸਿੱਖਾਂ ਨੂੰ ਉੱਚ ਆਤਮਿਕ ਜੀਵਨ ਜੀਊਣ ਦੀ ਪ੍ਰੇਰਣਾ ਕੀਤੀ। ਅੰਮ੍ਰਿਤਸਰ ਸ਼ਹਿਰ ਨੂੰ ਸਿੱਖੀ ਦਾ ਕੇਂਦਰ ਬਣਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ 52 ਕਿੱਤਿਆਂ ਦੇ ਕਾਰੀਗਰਾਂ ਨੂੰ ਹਰ ਪ੍ਰਕਾਰ ਦੀ ਮਦਦ ਦੇ ਕੇ ਉਤਸ਼ਾਹਿਤ ਕੀਤਾ। ਸਭ ਤੋਂ ਅਹਿਮ ਕਾਰਜ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਇਆ। ਸਮੇਂ ਦੀ ਹਕੂਮਤ ਨੂੰ ਦਿਨ-ਪ੍ਰਤੀ ਦਿਨ ਬੁਲੰਦੀਆਂ ਨੂੰ ਛੂੰਹਦੀ ਸਿੱਖ ਪੰਥ ਦੀ ਚੜ੍ਹਦੀ ਕਲਾ ਗਵਾਰਾ ਨਾ ਹੋਈ ਅਤੇ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਮਨਸੂਬੇ ਬਣਨੇ ਸ਼ੁਰੂ ਹੋ ਗਏ। ਜਹਾਂਗੀਰ, ਆਪਣੀ ਤੁਜਕੇ ਜਹਾਂਗੀਰੀ ਵਿਚ ਖੁਦ ਲਿਖਦਾ ਹੈ ਕਿ ‘ਮੈਂ ਉਸ (ਸ੍ਰੀ ਗੁਰੂ ਅਰਜਨ ਦੇਵ ਜੀ) ਦੀਆਂ ਕਾਫਰਾਨਾਂ ਚਾਲਾਂ ਨੂੰ ਅੱਗੇ ਹੀ ਚੰਗੀ ਤਰ੍ਹਾਂ ਜਾਣਦਾ ਸਾਂ, ਮੈਂ ਹੁਕਮ ਕੀਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਤੇ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੇ ਜਾਣ ਅਤੇ ਉਸਦਾ ਮਾਲ-ਅਸਬਾਬ ਜ਼ਬਤ ਕਰਕੇ ਯਾਸਾ ਅਨੁਸਾਰ ਦੰਡ ਦਿੱਤਾ ਜਾਵੇ।’
ਅਖੀਰ ਬਾਦਸ਼ਾਹ ਦੇ ਹੁਕਮ ਅਨੁਸਾਰ ਸ਼ਾਂਤੀ ਦੇ ਪੁੰਜ ਮਿੱਠਬੋਲੜੇ ਅਤੇ ਸਭਨਾ ਕੇ ਸਾਜਨ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਉਨ੍ਹਾਂ ਦੇ ਸਬਰ, ਸ਼ੁਕਰ ਅਤੇ ਨਿਮਰਤਾ ਨੂੰ ਜੋਰ ਅਤੇ ਜਬਰ ਨਾਲ ਖਤਮ ਕਰਨ ਲਈ ਉਨ੍ਹਾਂ ਨੂੰ ਜੇਠ ਦੀ ਗਰਮੀ ਵਿਚ ਤੱਤੀ-ਤਵੀ ਤੇ ਬਿਠਾ ਕੇ ਉੱਤੋਂ ਸੀਸ ਵਿਚ ਗਰਮ ਰੇਤ ਪਵਾਈ ਅਤੇ ਫਿਰ ਉਬਲਦੀ ਦੇਗ ਵਿਚ ਉਬਾਲਿਆ। ਸਾਰਾ ਸਰੀਰ ਛਾਲੇ-ਛਾਲੇ ਹੋ ਗਿਆ, ਪਰੰਤੂ ਕੋਮਲ ਸੁਭਾ ਦੇ ਮਾਲਕ ਸਤਿਗੁਰੂ ਮੁੱਖ ਤੋਂ ‘ਤੇਰਾ ਕੀਆ ਮੀਠਾ ਲਾਗੈ’ ਉਚਾਰਦੇ ਰਹੇ। ਗੁਰੂ ਜੀ ਨੇ ‘ਦੁਖ ਨਾਹੀ ਸਭ ਸੁਖ ਹੀ ਹੈ ਰੇ, ਹਾਰ ਨਹੀ ਸਭ ਜੇਤੈ॥’ ਦੀ ਸੱਚਾਈ ਨੂੰ ਸੰਸਾਰ ਵਿਚ ਪ੍ਰਗਟ ਕਰਕੇ ਇਹ ਸਾਬਤ ਕਰਨਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਚੀ ਅਤੇ ਸਰਬੱਤ ਦੇ ਭਲੇ ਦੀ ਲਹਿਰ ਕੋਈ ਝੂਠ ਦੀ ਦੁਕਾਨ ਨਹੀਂ, ਸਗੋਂ ਧੁਰੋ ਪਠਾਏ ਨਿਰੰਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਹੱਟ ਹੈ ਜਿੱਥੋਂ ਬਿਨਾ ਵਿਤਕਰੇ ਸੱਚ ਅਤੇ ਸੱਚੇ ਆਚਾਰ ਦਾ ਸੌਦਾ ਪ੍ਰਾਪਤ ਹੁੰਦਾ ਹੈ। ਸਬਰ ਅਤੇ ਜਬਰ ਦੇ ਇਸ ਮਹਾਨ ਬੇਮਿਸਾਲ ਸੰਗਰਾਮ ਨੂੰ ਦੇਖ ਕੇ ਸਾਂਈ ਮੀਆਂ ਮੀਰ ਜੀ ਵੀ ਧਾਹਾਂ ਮਾਰ ਉੱਠੇ। ਤੱਪਦੀ ਰੇਤ, ਉਬਲਦੀ ਦੇਗ਼ ਅਤੇ ਲਾਲ ਸੁਰਖ ਤਵੀ ਪੰਜ ਭੂਤਕ ਸਰੀਰ ਨੂੰ ਖੀਨ ਕਰੀ ਜਾ ਰਹੇ ਸਨ, ਪਰੰਤੂ ਬ੍ਰਹਮ ਗਿਆਨੀ ਸਤਿਗੁਰਾਂ ਦੇ ਮੂੰਹੋਂ ਪਾਵਨ ਗੁਰਵਾਕ ਨਿਕਲ ਰਹੇ ਸਨ:
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥
ਅਖੀਰ ਗੁਰੂ ਜੀ ਪੰਜ ਭੂਤਕ ਸਰੀਰ ਦਾ ਠੀਕਰਾ ਜੋਰ ਤੇ ਜਬਰ ਦੇ ਸਿਰ ਭੰਨ ਕੇ ਆਪਣੀ ਸ਼ਹਾਦਤ ਨਾਲ ਮਾਨਵਤਾ ਦੀ ਜਿੱਤ ਦੀ ਉਹ ਗਵਾਹੀ ਦੇ ਗਏ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਧਰਮ ਦੇ ਨਾਂ ਤੇ ਖੋਪਰੀਆਂ ਲੁਹਾਉਣ, ਚਰਖੜੀਆਂ ਤੇ ਚੜ੍ਹਨ, ਬੰਦ-ਬੰਦ ਕਟਵਾਉਣ ਅਤੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿਚ ਪਵਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਸਤਿਗੁਰਾਂ ਦੀ ਇਸ ਅਦੁੱਤੀ ਸ਼ਹਾਦਤ ਦੇ ਕਮਾਲ ਨੇ ਅਰਸ਼ਾਂ ਤੇ ਫਰਸ਼ਾਂ ਤੋਂ ਇਕ ਸਮਾਨ ਸਿਜਦਾ ਕੀਤਾ। ਸਮੂਹ ਸ਼ਹੀਦਾਂ ਨੇ ਇਨ੍ਹਾਂ ਨੂੰ ਆਪਣਾ ਸਿਰਤਾਜ ਸਵੀਕਾਰ ਕਰਦਿਆਂ ਅਰਸ਼ਾਂ ਤੋਂ ਇਸ ਭਾਵ ਦੀ ਜੈ-ਜੈ ਕਾਰ ਕੀਤੀ:
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ ॥
ਗੁਰੂ ਜੀ ਦੀ ਇਸ ਮਹਾਨ ਸ਼ਹਾਦਤ ਨੇ ਸਿੱਖ ਲਹਿਰ ਵਿਚ ਸਮੇਂ ਦੀ ਲੋੜ ਅਨੁਸਾਰ ਇਕ ਐਸਾ ਪਲਟਾ ਲਿਆਂਦਾ ਜਿਸ ਦੇ ਫਲਸਰੂਪ ਸਿੱਖ ਨਵੇਂ ਅਤੇ ਨਿਰਾਲੇ ਢੰਗ ਨਾਲ ਜਥੇਬੰਦ ਹੋਣ ਲੱਗ ਪਏ। ਹੁਣ ਇਹ ਅਨੁਭਵ ਕੀਤਾ ਜਾਣ ਲੱਗ ਪਿਆ ਕਿ ਧਰਮ ਦੀ ਰੱਖਿਆ ਤੇ ਸ੍ਵੈ-ਮਾਣ ਲਈ ਤਾਕਤ ਤੇ ਜਥੇਬੰਦ ਹੋਣ ਦਾ ਸਮਾਂ ਆ ਗਿਆ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਭਗਤੀ ਤੇ ਸ਼ਕਤੀ ਇਕੱਠੀਆਂ ਹੋਣ ਲੱਗ ਪਈਆਂ। ਸਿਮਰਨ ਤੇ ਸੂਰਮਤਾਈ ਦੀ ਸਾਂਝ ਪੈਣ ਲੱਗ ਪਈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸੰਤ-ਸਿਪਾਹੀ ਨੂੰ ਜਨਮ ਦਿੱਤਾ।
ਅੰਤ ਵਿਚ ਮੇਰੀ ਸਮੂਹ ਗੁਰੂ ਨਾਨਕ ਨਾਮ-ਲੇਵਾ ਸੰਗਤ ਨੂੰ ਅਪੀਲ ਹੈ ਕਿ ਆਉ! ਗੁਰੁੂ ਸਾਹਿਬ ਦੇ ਸ਼ਹੀਦੀ ਪੁਰਬ ‘ਤੇ ਸਤਿਗੁਰੁੂ ਜੀ ਦੀ ਮਹਾਨ ਸ਼ਹਾਦਤ ਨੂੰ ਹਿਰਦਿਆਂ ਵਿਚ ਵਸਾ ਕੇ ਲੋਕਾਈ ਦੀ ਸੇਵਾ ਵਿਚ ਲੱਗੀਏ ਅਤੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲੀਏ।

Avtar Singh SGPC

 

 

 

 

 

ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply