Thursday, March 28, 2024

 ਨਾਭਾ ਰਾਜ ਘਰਾਣਾ ਅਤੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ

Shastar Guru Sahib1 Shastar Guru Sahib2Shastar Guru Sahib3
ਦਿਲਜੀਤ ਸਿੰਘ ‘ਬੇਦੀ
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ‘ਮਿਸਲ ਫੂਲਕਿਆਨ’ ਦੀ ਵੱਡੀ ਸ਼ਾਖ ਰਿਆਸਤ ਨਾਭਾ ਹੈ। ਬਾਬੇ ਫੂਲ ਦੇ ਵੱਡੇ ਸਪੁਤਰ ਚੌਧਰੀ ਤਿਲੋਕ ਸਿੰਘ ਜਿਸ ਦਾ ਵਿਆਹ ਮਾਈ ਭਗਤੋ ਨਾਲ ਹੋਇਆ, ਜਿਸ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ, ਗੁਰਦਿੱਤ ਸਿੰਘ ਅਤੇ ਰਾਮ ਸਿੰਘ। ਗੁਰਦਿੱਤ ਸਿੰਘ ਤੋਂ ਨਾਭੇ ਦਾ ਰਾਜਵੰਸ਼ ਚਲਿਆ ਅਤੇ ਰਾਮ ਸਿੰਘ ਤੋਂ ਜੀਂਦ ਰਿਆਸਤ ਦੀ ਰਾਜਗੱਦੀ ਤੁਰੀ। ਬਡਰੁਖਾਂ ਅਤੇ ਦਿਆਲਪੁਰਾ ਦੇ ਰਈਸਾਂ ਦੇ ਵੰਸ਼ ਵੀ ਇਸੇ ਤੋਂ ਚਲੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਗੁਰਦਿੱਤ ਸਿੰਘ ਅਤੇ ਇਸ ਦੇ ਛੋਟੇ ਭਰਾ ਰਾਮ ਸਿੰਘ ਉੱਤੇ ਮਿਹਰ ਦੀ ਦ੍ਰਿਸ਼ਟੀ ਸੀ। ਪਹਾੜੀ ਰਾਜਿਆਂ ਨਾਲ ਹੋਏ ਯੁੱਧ ਵੇਲੇ ਇਨ੍ਹਾਂ ਦੋਹਾਂ ਦੇ ਨਾਂ ਹੁਕਮਨਾਮਾ ਭੇਜ ਕੇ ਆਪਣੇ ਬੰਦਿਆਂ ਅਤੇ ਘੋੜਿਆਂ ਸਮੇਤ ਪਹੁੰਚਣ ਲਈ ਲਿਖਿਆ ਸੀ-

ੴ ਸਤਿਗੁਰੂ ਜੀ
ਸਿਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤੇਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈ ਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਧੁ ਹੁਕਮ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰ ਮੇਰਾ ਅਸੈ ਤੁਧੁ ਸਿਤਾਬੀ ਹੁਕਮ ਦੇਖਦਿਆਂ ਹੀ ਆਵਣਾ ਤੁਸਾਂ ਅਸਵਾਰ ਲੈ ਕੇ ਆਵਣਾ ਜਰੂਰ ਆਵਣਾ ਤੇਰੇ ਉਤੈ ਅਸਾਡੀ ਭਾਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ਜੋੜਾ ਭੇਜਾ ਹੈ ਰਖਾਵਣਾ।
ਸਿੱਖ ਇਤਿਹਾਸ ਅਨੁਸਾਰ ਇਨ੍ਹਾਂ ਨੇ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਦੋ ਵੱਡੇ ਸਾਹਿਜ਼ਾਦਿਆਂ ਦੇ ਸਸਕਾਰ ਦੀ ਵਿਵਸਥਾ ਕੀਤੀ ਅਤੇ ਖਿਦਰਾਣੇ ਦੀ ਢਾਬ ਵਾਲੀ ਲੜਾਈ ਵਿੱਚ ਵੀ ਮਦਦ ਕੀਤੀ। ਇਨ੍ਹਾਂ ਦੋਹਾਂ ਨੇ ਗੁਰੂ ਜੀ ਤੋਂ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਠਹਿਰ ਦੌਰਾਨ ਅੰਮ੍ਰਿਤ ਪਾਨ ਕੀਤਾ ਅਤੇ ਤਿਲੋਕੇ ਤੇ ਰਾਮੇ ਤੋਂ ਤਿਲੋਕ ਸਿੰਘ ਅਤੇ ਰਾਮ ਸਿੰਘ ਅਖਵਾਏ। ਜਦੋਂ ਬਾਬਾ ਬੰਦਾ ਬਹਾਦਰ ਨੇ ਗੁਰੂ-ਪੁੱਤਰਾਂ ਨੂੰ ਸ਼ਹੀਦ ਕੀਤੇ ਜਾਣ ਦੀ ਸਜ਼ਾ ਵਜੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਉਤੇ ਹਮਲਾ ਕੀਤਾ ਤਾਂ ਇਨ੍ਹਾਂ ਨੇ ਵੀ ਆਪਣੇ ਯੋਧਿਆਂ ਸਹਿਤ ਭਾਗ ਲਿਆ। ਵੱਡੇ ਪੁਤਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ ‘ਚੌਧਰੀ ਦਾ ਘਰ’ ਆਖਦੇ ਹਨ। ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜ਼ੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ। ਗੁਰਦਿੱਤ ਸਿੰਘ ਦਾ ਪੁੱਤਰ ਸੂਰਤੀਆ ਸਿੰਘ ਸੰਨ 1752 ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰ ਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸੰਨ 1754 ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੂਰਤੀਏ ਸਿੰਘ ਦਾ ਪੁੱਤਰ) ਹਮੀਰ ਸਿੰਘ ਰਾਜ ਦਾ ਮਾਲਿਕ ਹੋਇਆ।
ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਪ੍ਰਤਾਪੀ ਰਾਜੇ ਹਮੀਰ ਸਿੰਘ ਨੇ ਦਾਦੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਤੇ ਹੋਰ ਬਹੁਤ ਸਾਰਾ ਮੁਲਕ ਮੱਲਿਆ, (ਸੰਨ 1756) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ 32 ਅਤੇ ਪਟਿਆਲੇ ਤੋਂ 16 ਮੀਲ ਪੱਛਮ ਵੱਲ ਹੈ। ਸੰਨ 1763 ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰ ਸਿੰਘ ਨੇ ਜ਼ੈਨਖਾਂ ਸਰਹਿੰਦ ਦੇ ਸੂਬੇ ਨੂੰ ਜਿੱਤ ਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ। ਸੰਨ 1776 ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ। ਰਾਜਾ ਹਮੀਰ ਸਿੰਘ ਦਾ ਦੇਹਾਂਤ ਸੰਨ 1783 ਵਿੱਚ ਨਾਭੇ ਵਿਖੇ ਹੋਇਆ।
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿਚ ਰਾਜ ਘਰਾਣੇ ਸਬੰਧੀ ਲਿਖਦੇ ਹਨ ਕਿ ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸਪੁਤਰੀ ਰਾਣੀ ਰਾਜ ਕੌਰ ਦੇ ਉਦਰ ਤੋਂ ਰਾਜਾ ਹਮੀਰ ਸਿੰਘ ਦੇ ਘਰ ਜਸਵੰਤ ਸਿੰਘ ਰਾਜ ਕੁਮਾਰ ਦਾ ਜਨਮ ਸੰਨ 1775 ਵਿੱਚ ਬਡਬਰ ਪਿੰਡ ਹੋਇਆ। ਸੰਨ 1783 ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ‘ਤੇ ਬੈਠਾ। ਰਾਜ ਦਾ ਕੰਮ ਮਾਈ ਦੇਸੋ ਜੋ ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤ੍ਰੇਈ ਮਾਂ ਨੇ ਬਹੁਤ ਉੱਤਮ ਰੀਤ ਨਾਲ ਚਲਾਇਆ ਅਤੇ ਰਾਜਾ ਜਸਵੰਤ ਸਿੰਘ ਦੀ ਸਿੱਖਿਆ ਦਾ ਯੋਗ ਪ੍ਰਬੰਧ ਕੀਤਾ। ਸੰਨ 1790 ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ। ਸਿਆਣੇ ਮੰਤਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜ਼ਾਮ ਚੰਗਾ ਕੀਤਾ। ਰਾਜਾ ਜਸਵੰਤ ਸਿੰਘ ਵੱਡਾ ਦੂਰਅੰਦੇਸ਼, ਪ੍ਰਜਾ ਪਾਲਕ, ਧਰਮ ਦਾ ਪ੍ਰੇਮੀ ਅਤੇ ਵਿਦਵਾਨਾਂ ਦਾ ਆਸਰਾ ਸੀ, ਜੋ ਅੰਗਰੇਜ਼ੀ ਅਫਸਰ ਇਸ ਨੂੰ ਮਿਲੇ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ। ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ 3 ਮਈ ਸੰਨ 1809 ਨੂੰ ਨਾਭਾ ਬ੍ਰਿਟਿਸ਼ ਅਧੀਨ ਆਇਆ, ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਗਵਾਂਢੀ ਲੋਕ ਵੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ। 22 ਮਈ ਸੰਨ 1840 ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋੋਇਆ।
ਸਰਦਾਰ ਹਰੀ ਸਿੰਘ ਜੋਧਪੁਰੀਏ ਦੀ ਸਪੁਤਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜਕੁਮਾਰ ਦੇਵੇਂਦਰ ਸਿੰਘ ਦਾ ਜਨਮ (ਸੰਨ 1822) ਨੂੰ ਹੋਇਆ ਤੇ ਰਾਜ ਕੁਮਾਰ 5 ਅਕਤੂਬਰ ਸੰਨ 1840 ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜ ਸਿੰਘਾਸਣ ‘ਤੇ ਬੈਠਾ। ਇਸ ਤੇ ਖੁਦੀ ਪਸੰਦ ਅਭਿਮਾਨੀ ਪੰਡਿਤ ਜਯ ਗੋਪਾਲ ਕੌਲ ਵਾਲੇ ਆਚਾਰੀਆ ਦੀ ਸੰਗਤ ਦਾ ਅਜਿਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜ੍ਹੇ-ਥੋੜ੍ਹੇ ਕਸੂਰ ਬਦਲੇ ਬਹੁਤ ਜ਼ੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ। ਸੰਨ 1845 ਵਿੱਚ ਲਾਹੌਰ ਦਰਬਾਰ ਨਾਲ ਅੰਗਰੇਜ਼ਾਂ ਦੀ ਲੜਾਈ ਸਮੇਂ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ  ਨੂੰ ਗਿਆਨ ਹੋ ਗਿਆ ਕਿ ਰਾਜਾ ਦੇਵੇਂਦz ਸਿੰਘ ਅੰਗਰੇਜ਼ਾਂ ਦਾ ਹਿਤੂ ਨਹੀਂ। ਉਸ ਸਮੇਂ ਦੀ ਨੀਤੀ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜ਼ਬਜ਼ ਕੀਤਾ ਜਾਵੇ ਅਤੇ ਰਾਜੇ ਨੂੰ ਗੱਦੀਓਂ ਲਾਹ ਕੇ ਉਸ ਦਾ ਪੁੱਤਰ ਟਿੱਕਾ ਭਰਪੂਰ ਸਿੰਘ ਗੱਦੀ ‘ਤੇ ਬੈਠਾਇਆ ਜਾਵੇ। ਇਸ ਅਨੁਸਾਰ ਸੰਨ 1846 ਵਿੱਚ ਰਾਜਾ ਦੇਵੇਂਦz ਸਿੰਘ ਨੂੰ ਪੰਜਾਹ ਹਜ਼ਾਰ ਸਾਲਾਨਾ ਪੈਨਸ਼ਨ ਦੇ ਕੇ ਮਥੁਰਾ ਭੇਜਿਆ ਗਿਆ। ਫੇਰ 8 ਦਸੰਬਰ ਸੰਨ 1855 ਨੂੰ ਲਾਹੌਰ ਲੈ ਜਾ ਕੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸੰਨ 1865 ਵਿੱਚ ਉਸ ਦਾ ਦੇਹਾਂਤ ਹੋਇਆ। ਦੇਹ ਨਾਭੇ ਲਿਆ ਕੇ ਸਸਕਾਰੀ ਗਈ।
ਸਰਦਾਰ ਵਜ਼ੀਰ ਸਿੰਘ ਰਈਸ ਰੰਗੜ ਨੰਗਲ (ਜ਼ਿਲ੍ਹਾ ਗੁਰਦਾਸਪੁਰ) ਦੀ ਸਪੁੱਤਰੀ ਰਾਣੀ ਮਾਨ ਕੌਰ ਦੇ ਉਦਰ ਤੋਂ ਰਾਜਾ ਦੇਵੇਂਦਰ ਸਿੰਘ ਨਾਭਾਪਤਿ ਦਾ ਵੱਡਾ ਸਪੁੱਤਰ, ਰਾਜਾ ਭਰਪੂਰ ਸਿੰਘ ਦਾ ਜਨਮ (ਸੰਨ 1840) ਨੂੰ ਹੋਇਆ। ਰਾਜਾ ਦੇਵੇਂਦਰ ਸਿੰਘ ਨੂੰ ਗੱਦੀਓਂ ਲਾਹ ਕੇ ਅੰਗਰੇਜ਼ ਸਰਕਾਰ ਨੇ ਜਨਵਰੀ ਸੰਨ 1847 ਵਿੱਚ ਰਾਜਾ ਭਰਪੂਰ ਸਿੰਘ ਨੂੰ ਰਾਜਸਿੰਘਾਸਨ ‘ਤੇ ਬੈਠਾਇਆ। ਰਾਜਾ ਜਸਵੰਤ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਦੇ ਹੱਥ ਰਾਜ ਦੀ ਵਾਗਡੋਰ ਰਹੀ। ਉਸ ਦੇ ਸਹਾਇਕ ਸਰਦਾਰ ਗੁਰਬਖਸ਼ ਸਿੰਘ ਮਾਨਸ਼ਾਹੀਆ, ਸਰਦਾਰ ਫਤੇ ਸਿੰਘ ਗਿੱਲ ਅਤੇ ਲਾਲਾ ਬਹਾਲੀ ਮੱਲ ਕੌਂਸਲ ਦੇ ਮੈਂਬਰ ਥਾਪੇ ਗਏ। ਧਾਰਮਿਕ ਸਿੱਖਿਆ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪ ਸਿੰਘ ਮਹੰਤ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਤੋਂ ਪ੍ਰਾਪਤ ਕੀਤੀ। ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ।
ਇਸ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗਰੇਜ਼ੀ ਸਰਕਾਰ, ਗੁਆਂਢੀ ਸਰਦਾਰਾਂ, ਰਿਆਸਤ ਦੇ ਅਹਿਲਕਾਰਾਂ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਕਾਇਮ ਕੀਤਾ। ਇਹ ਫ਼ਾਰਸੀ, ਅੰਗਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ-ਲਿਖ ਸਕਦਾ ਸੀ। ਇਹ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜਿਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਸਰਲ ਨੀਤੀ ਨਾਲ ਨਿਭਦੇ ਰਹਿਣ। ਉਸ ਦੀ ਹਰ ਵੇਲੇ ਸਤਿਗੁਰੁ ਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ਼ ਚੰਗੀ ਤਰ੍ਹਾਂ ਪੂਰੇ ਹੋਣ ਅਤੇ ਮੈਂ ਹੋਰਨਾਂ ਲਈ ਸੁਖ ਦਾ ਕਾਰਨ ਹੋਵਾਂ। ਸੰਨ 1857 ਦੇ ਗ਼ਦਰ ਵੇਲੇ ਇਸ ਨੇ ਵੱਡਾ ਨਾਮ ਕਮਾਇਆ। ਆਪਣੀ ਉਮਰ ਤੋਂ ਵੱਧ ਕੇ ਦਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ। ਬਰਤਾਨੀਆ ਸਰਕਾਰ ਦੀ ਹਰ ਤਰ੍ਹਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ। ਗਵਰਨਮੈਂਟ ਨੇ ਵੀ ਉਦਾਰ ਭਾਵ ਨਾਲ ਰਾਜਾ ਭਰਪੂਰ ਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਣ ਕੀਤਾ ਅਤੇ ਇਲਾਕਾ ਦਿੱਤਾ। ਇਸ ਨੇ ਹੋਰ ਰਿਆਸਤਾਂ ਨਾਲ ਮਿਲ ਕੇ ਕਈ ਅਧਿਕਾਰ (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗਰੇਜ਼ੀ ਸਰਕਾਰ ਦਾ ਕਿਸੇ ਤਰ੍ਹਾਂ ਦਾ ਦਖਲ ਨਾ ਹੋਣਾ) ਸਰਕਾਰ ਤੋਂ ਪ੍ਰਾਪਤ ਕੀਤੇ। ਰਾਜਾ ਭਰਪੂਰ ਸਿੰਘ ਉੱਤਮ ਚਿਤ੍ਰਕਾਰ ਅਤੇ ਕਾਵਿ ਵਿਦਿਆ ਦਾ ਬਹੁਤ ਪੇ੍ਰਮੀ ਸੀ, ਗਵਾਲ ਕਵੀ ਨੂੰ ਦਾਨ ਸਨਮਾਨ ਦੇ ਕੇ ਆਪਣੇ ਪਾਸ ਰੱਖਿਆ ਅਤੇ ਕਾਵਯਗ੍ਰੰਥ ਪੜ੍ਹੇ। ਸਤੰਬਰ ਸੰਨ 1863 ਵਿੱਚ ਰਾਜਾ ਭਰਪੂਰ ਸਿੰਘ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣਿਆ, ਥੋੜ੍ਹੇ ਸਮੇਂ ਬਾਅਦ ਹੀ 9 ਨਵੰਬਰ ਸੰਨ 1863 ਨੂੰ ਨਾਭੇ ਪਰਲੋਕ ਸੁਧਾਰ ਗਿਆ।
ਮਾਈ ਮਾਨ ਕੌਰ ਦੇ ਉਦਰ ਤੋਂ ਰਾਜਾ ਦੇਵੇਂਦਰ ਸਿੰਘ ਨਾਭਾਪਤਿ ਦਾ ਛੋਟਾ ਪੁੱਤਰ ਰਾਜਾ ਭਗਵਾਨ ਸਿੰਘ ਦਾ ਜਨਮ ਸੰਨ 1842 ਵਿੱਚ ਹੋਇਆ। ਰਾਜਾ ਭਰਪੂਰ ਸਿੰਘ ਦੇ ਬੇ-ਔਲਾਦ ਮਰਨ ਤੇ ਇਹ 17 ਫਰਵਰੀ ਸੰਨ 1864 ਨੂੰ ਨਾਭੇ ਦੀ ਗੱਦੀ ਤੇ ਬੈਠਾ। ਇਹ ਬਹੁਤ ਨਰਮਦਿਲ ਅਤੇ ਆਰਾਮ ਪਸੰਦ ਸੀ। ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜ ਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾਂ ਨਹੀਂ ਮਿਲਦਾ ਸੀ। 31 ਮਈ ਸੰਨ 1871 ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨ ਸਿੰਘ ਦਾ ਦੇਹਾਂਤ ਨਾਭੇ ਹੋਇਆ।
ਫੂਲਵੰਸ਼ੀ ਸਰਦਾਰ ਸੁੱਖਾ ਸਿੰਘ ਰਈਸ ਬਡਰੁੱਖਾਂ ਦੇ ਸਪੁੱਤਰ ਮਹਾਰਾਜਾ ਸਰ ਹੀਰਾ ਸਿੰਘ ਦਾ ਜਨਮ ਸੰਨ 1843 ਨੂੰ ਮਾਈ ਰਾਜ ਕੌਰ ਜੋ ਸਰਦਾਰ ਬਸਾਵਾ ਸਿੰਘ ਬੋੜਾਵਾਲੀਏ ਦੀ ਧੀ ਸੀ ਦੇ ਉਦਰ ਤੋਂ ਬਡਰੁੱਖੀਂ ਹੋਇਆ। ਰਾਜਾ ਭਗਵਾਨ ਸਿੰਘ ਨਾਭਾ ਦੇ ਔਲਾਦ ਨਾ ਹੋਣ ਕਾਰਣ ਇਹ 10 ਅਗਸਤ ਸੰਨ 1871 ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ। ਮਹਾਰਾਜਾ ਹੀਰਾ ਸਿੰਘ ਨੇ ਜਿਸ ਢੰਗ ਤਰੀਕੇ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ। ਆਪ ਵਿਦਿਆ ਪ੍ਰੇਮੀ ਸੀ। ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦਿਆਰਥੀਆਂ ਨੂੰ ਬਹੁਤ ਵਜੀਫੇ ਦਿੱਤੇ। ਮੈਕਾਲਿਫ ਸਾਹਿਬ ਨੂੰ ‘ਸਿੱਖ ਰੀਲੀਜ਼ਨ’ ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਜ ਨੂੰ ਪੱਕੇ ਪੈਰੀਂ ਕਰਨ ਦਾ ਯਤਨ ਕੀਤਾ। ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਏ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ ਬਣਾਉਣ ਲਈ ਬੇਅੰਤ ਧਨ ਖਰਚਿਆ। ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾ ਸਿੰਘ ਦੇ ਗੁਣ ਗਾਉਂਦੇ ਸਨ। ਮਹਾਰਾਜਾ ਹੀਰਾ ਸਿੰਘ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜ਼ਾਨੇ ਨੂੰ ਪ੍ਰਜਾ ਦੀ ਅਮਾਨਤ ਸਮਝਦੇ ਸਨ। ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾਂ ਰੋਕ-ਟੋਕ ਹਰੇਕ ਆਦਮੀ ਪਹੁੰਚ ਸਕਦਾ ਸੀ। ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ 18 ਜਨਵਰੀ ਸੰਨ 1882 ਨੂੰ ਬੀਬੀ ਰਿਪੁਦਮਨ ਕੌਰ ਅਤੇ ਮਹਾਰਾਣੀ ਸਾਹਿਬਾ ਜਸਮੇਰ ਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ 4 ਮਾਰਚ ਸੰਨ 1882 ਨੂੰ ਟਿੱਕਾ ਰਿਪੁਦਮਨ ਸਿੰਘ ਪੈਦਾ ਹੋਏ। ਮਹਾਰਾਜਾ ਹੀਰਾ ਸਿੰਘ ਨੇ ਸੰਨ 1879-80 ਦੇ ਅਫਗਾਨ ਜੰਗ ਸੰਨ 1897 ਦੇ ਤੀਰਾਹ ਜੰਗ ਵਿੱਚ ਫੌਜ ਅਤੇ ਧਨ ਦੀ ਗਵਰਨਮੈਂਟ ਨੂੰ ਪੂਰੀ ਸਹਾਇਤਾ ਦਿੱਤੀ। ਸੰਨ 1887 ਵਿੱਚ ਆਪ ਦੀ ਸਲਾਮੀ 11 ਤੋਪਾਂ ਤੋਂ 13 ਅਤੇ ਸੰਨ 1898 ਵਿੱਚ 15 ਤੋਪਾਂ ਦੀ ਹੋ ਗਈ। ਸੰਨ 1879 ਵਿੱਚ ਜੀ.ਸੀ.ਐਮ ਆਈ ਸੰਨ 1893 ਵਿੱਚ ‘ਰਾਜਾ ਏ ਰਾਜਗਾਨ’ ਖਿਤਾਬ ਮਿਲਿਆ। ਸੰਨ 1903 ਵਿੱਚ ਜੀ.ਸੀ.ਆਈ.ਈ. ਅਤੇ 14 ਫਿਰੋਜ਼ਪੁਰ ਸਿੱਖ ਪਲਟਨ ਦੇ ਕਰਨੈਲ ਹੋਏ। ਸੰਨ 1911 ਦੇ ਦਿੱਲੀ ਦਰਬਾਰ ਵਿੱਚ ਮੌਰੂਸੀ ‘ਮਹਾਰਾਜਾ’ ਪਦਵੀ ਮਿਲੀ। 25 ਦਸੰਬਰ ਸੰਨ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਨਾਭੇ ਵਿਖੇ ਹੋਇਆ।
ਮਹਾਰਾਜਾ ਰਿਪੁਦਮਨ ਸਿੰਘ ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖ ਸਿੰਘ ਲੋਂਗੋਵਾਲੀਏ ਦੀ ਸੁਪੁਤਰੀ ਰਾਣੀ ਜਸਮੇਰ ਕੌਰ ਦੇ ਉਦਰੋਂ 4 ਮਾਰਚ ਸੰਨ 1883 ਨੂੰ ਟਿੱਕਾ ਰਿਪੁਦਮਨ ਸਿੰਘ ਦਾ ਜਨਮ ਨਾਭੇ ਹੋੋਇਆ। ਮਹਾਰਾਜਾ ਸਾਹਿਬ ਨੇ ਇਨ੍ਹਾਂ ਦੀ ਸਿੱਖਿਆ ਦਾ ਯੋਗ ਪ੍ਰਬੰਧ ਕਰਕੇ ਸਭ ਤਰ੍ਹਾਂ ਲਾਇਕ ਬਣਾਇਆ।
(ਸੰਨ 1901) ਨੂੰ ਸਰਦਾਰ ਗੁਰਦਿਆਲ ਸਿੰਘ ਮਾਨ ਦੀ ਸਪੁਤਰੀ ਬੀਬੀ ਜਗਦੀਸ਼ ਕੌਰ ਨਾਲ ਸ਼ਾਦੀ ਹੋਈ। ਜਿਸ ਦੀ ਕੁੱਖ ਤੋਂ 8 ਅਕਤੂਬਰ ਸੰਨ 1907 ਨੂੰ ਬੀਬੀ ਅਮ੍ਰਿਤ ਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਨਾਲ 16 ਫਰਵਰੀ ਸੰਨ 1925 ਨੂੰ ਹੋਈ। ਸੰਨ 1906 ਤੋਂ 1908 ਤੱਕ ਟਿੱਕਾ ਰਿਪੁਦਮਨ ਸਿੰਘ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ ਮੈਂਬਰ ਰਹੇ। ਸੰਨ 1910 ਵਿੱਚ ਆਪ ਨੇ ਯੂਰਪ ਦੀ ਯਾਤਰਾ ਕੀਤੀ। 22 ਜੂਨ 1911 ਨੂੰ ਐੱਚ.ਐਮ ਜਾਰਜ ਪੰਚਮ ਦੀ ਤਾਜਪੋਸ਼ੀ ਵੇਲੇ ਵੈਸਟਮਿਨਸਟਰ ਏਬੀ ਵਿੱਚ ਸ਼ਾਮਲ ਹੋਏ। ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋਇਆ। ਆਪ 24 ਫਰਵਰੀ ਸੰਨ 1922 ਨੂੰ ਨਾਭੇ ਦੀ ਗੱਦੀ ‘ਤੇ ਬੈਠੇ। ਗਵਰਨਮੈਂਟ ਬਰਤਾਨੀਆ ਵੱਲੋਂ 20 ਦਸੰਬਰ ਸੰਨ 1912 ਨੂੰ ਮਸਨਦ-ਨਸ਼ੀਨੀ ਦਾ ਖਿਲਤ ਮਿਲਿਆ। ਸੰਨ 1914 ਦੇ ਵੱਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸੰਨ 1918 ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ ਭੇਜੀ ਗਈ, ਜਿਸ ਨੇ ਛੇ ਮਹੀਨੇ ਸਰਦਾਰ ਬਹਾਦੁਰ ਕਰਨਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ, ਮਹਾਰਾਜਾ ਸਾਹਿਬ ਨੇ ਸੰਨ 1917-18 ਵਿੱਚ ਕਈ ਲੱਖ ਰੁਪਇਆ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ। ਸੰਨ 1919 ਦੇ ਤੀਜੇ ਅਫਗਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿ ਕੇ ਅੰਗਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ। 10 ਅਕਤੂਬਰ ਸੰਨ 1918 ਨੂੰ ਮੇਜਰ ਸਰਦਾਰ ਪ੍ਰੇਮ ਸਿੰਘ ਰਾਇਪੁਰੀਏ ਦੀ ਸਪੁਤਰੀ ਸਰੋਜਨੀ ਦੇਵੀ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ 21 ਸਤੰਬਰ ਸੰਨ 1919 ਨੂੰ ਟਿੱਕਾ ਪ੍ਰਤਾਪ ਸਿੰਘ ਦਾ ਜਨਮ ਹੋਇਆ। ਕਈ ਸਵਾਰਥੀ ਤੇ ਆਚਾਰ ਤੋਂ ਡਿੱਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ।ਉਹ ਏਧਰੋਂ-ਉਧਰੋਂ ਮਹਾਰਾਜਾ ਦੇ ਪਾਸ ਆ ਲੱਗੇ, ਜਿਸ ਤੋਂ ਕਈ ਭਦz ਪੁਰਸ਼ਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲਾ ਨਾਲ ਬੇਵਜ੍ਹਾ ਅਨੇਕ ਝਗੜੇ ਛਿੜ ਪਏ। ਇਹ ਮਾਮਲਾ ਇਥੋਂ ਤੱਕ ਵਧਿਆ ਕਿ ਮਹਾਰਾਜਾ ਨੂੰ 9 ਜੁਲਾਈ ਸੰਨ 1923 ਨੂੰ ਰਾਜ ਦਾ ਤਿਆਗ ਕਰਨਾ ਪਿਆ। ਰਿਆਸਤ ਤੋਂ ਤਿੰਨ ਲੱਖ ਰੁਪਏ ਸਾਲਾਨਾ ਮੁਕੱਰਰ ਹੋ ਕੇ ਦੇਹਰਾਦੂਨ ਰਹਿਣ ਦੀ ਗਵਰਨਮੈਂਟ ਵੱਲੋਂ ਆਗਿਆ ਹੋਈ, ਪਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗਰੇਜ਼ ਪ੍ਰਬੰਧਕ ਥਾਪਿਆ ਗਿਆ। 6 ਫਰਵਰੀ ਸੰਨ 1927 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੇ ਅਬਿਚਲ ਨਗਰ ਹਜ਼ੂਰ ਸਾਹਿਬ ਦੁਬਾਰਾ ਅੰਮ੍ਰਿਤ ਛਕ ਕੇ ਨਾਉਂ ਗੁਰਚਰਨ ਸਿੰਘ ਰੱਖ ਲਿਆ।
19 ਫਰਵਰੀ ਸੰਨ 1928 ਨੂੰ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰਚਰਨ ਸਿੰਘ) ਜਿਨ੍ਹਾਂ ਸ਼ਰਤਾਂ ‘ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਣਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਏ ਸਲਾਨਾ ਕੀਤਾ ਜਾਵੇ ਅਤੇ ਮਹਾਰਾਜਾ ਦੀ ਪਦਵੀ ਜ਼ਬਤ ਕੀਤੀ ਜਾਵੇ ਪਰ ਮਦਰਾਸ ਦੇ ਇਲਾਕੇ ਕੋਡੇਕਾਨਲ ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ। 23 ਫਰਵਰੀ ਸੰਨ 1928 ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰਾਦੂਨ ਪਹੁੰਚ ਕੇ ਟਿੱਕਾ ਪ੍ਰਤਾਪ ਸਿੰਘ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਿਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ। ਮਹਾਰਾਜਾ ਪ੍ਰਤਾਪ ਸਿੰਘ ਆਪਣੀ ਮਾਤਾ ਮਹਾਰਾਣੀ ਸਰੋਜਨੀ ਦੇਵੀ ਦੀ ਨਿਗਰਾਨੀ ਵਿੱਚ ਦੇਹਰਾਦੂਨ ਰਹਿੰਦੇ ਸਨ।
ਮਹਾਰਾਜੇ ਦਾ ਪੂਰਾ ਖਿਤਾਬ ਹੈ- ਹਿਜ਼ ਹਾਈਨੈਸ ਫ਼ਰਜ਼ੰਦੇ ਅਰਜ਼ਮੰਦ ਅਕੀਦਤ ਪੈਵੰਦ ਦੌਲਤੇ ਇੰਗਲਿਸ਼ੀਆ ਬੈਰਾੜਵੰਸ਼ ਸਰਮੌਰ ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦz ਬਹਾਦੁਰ । ਨਾਭੇ ਕਿਲੇ ਅੰਦਰਲੇ ਪੱਛਮ ਵੱਲ ਦੇ ਬੁਰਜ ਵਿੱਚ ਗੁਰਦੁਆਰਾ ‘ਸਿਰੋਪਾਉ’ ਹੈ, ਇਥੇ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਸੁਸ਼ੋਭਿਤ ਹੁੰਦੀਆਂ ਸਨ, ਬਾਅਦ ਵਿੱਚ ਇਹ ਨਾਭਾਵੰਸ਼ੀ ਦਿੱਲੀ ਲੈ ਗਏ:- ਇਨ੍ਹਾਂ ਨਿਸ਼ਾਨੀਆਂ ਸਬੰਧੀ ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼), ਸ. ਰਤਨ ਸਿੰਘ ਜੱਗੀ (ਸਿੱਖ ਵਿਸ਼ਵ ਕੋਸ਼) ਅਤੇ ਗਿ. ਠਾਕਰ ਸਿੰਘ ਨੇ ਵੱਖ-ਵੱਖ ਵੇਰਵੇ ਦਿੱਤੇ ਹਨ। ਅਜਿਹੀਆਂ ਨਿਸ਼ਾਨੀਆਂ, ਵਸਤਾਂ ਸ਼ਾਹੀ ਘਰਾਣਿਆਂ ਦੇ ਵੱਖ-ਵੱਖ ਥਾਵਾਂ ਪੁਰ ਹੋਣ ਦੇ ਵੇਰਵੇ ਵੀ ਮਿਲਦੇ ਹਨ। ਪਤਾ ਲੱਗਾ ਹੈ ਕਿ ਪਟਿਆਲੇ ਵਾਲਿਆਂ ਪਾਸ ਵੀ ਕੁਝ ਖਾਸ ਨਿਸ਼ਾਨੀਆਂ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਮੋਤੀ ਮਹਿਲ ਵਿਚ ਹੋ ਰਹੀ ਹੈ। ਫਰੀਦਕੋਟੀਏ, ਸੰਗਰੂਰੀਏ, ਕਪੂਰਥਲੀਏ ਆਦਿ ਘਰਾਣਿਆਂ ਨੇ ਕੁਝ ਅਜਾਇਬਘਰ ਤੇ ਕੁਝ ਲਾਕਰਾਂ ਵਿਚ ਇਹ ਵਸਤਾਂ ਰੱਖੀਆਂ ਹੋਈਆਂ ਹਨ।

ਕਿਲ੍ਹਾ ਮੁਬਾਰਕ- ਬੁਰਜ ਬਾਬਾ ਆਲਾ ਸਿੰਘ (ਪਟਿਆਲਾ) ਵਿਖੇ ਇਤਿਹਾਸਕ ਨਿਸ਼ਾਨੀਆਂ ਦਾ ਵੇਰਵਾ ਕੁਝ ਪੁਸਤਕਾਂ ਵਿਚ ਇਸ ਤਰ੍ਹਾਂ ਮਿਲਦਾ ਹੈ:
1. ਸ੍ਰੀ ਗੁਟਕਾ ਸਾਹਿਬ- ਇਸ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਸਤ ਅੱਖਰ (ਮੂਲ ਮੰਤਰ) ਹਨ। ਇਸ ਵਿਚ ਨੌਵੇਂ ਮਹਲ ਦੀ ਬਾਣੀ ਤੇ ਸਹਸਕ੍ਰਿਤੀ ਆਦਿਕ ਸਲੋਕ ਹਨ। ਇੱਕੋ ਹੱਥ ਦੀ ਲਿਖਾਈ ਹੈ।
2. ਖੰਡਾ ਸਾਹਿਬ- ਇਹ ਦੋਧਾਰਾ ਫ਼ੌਲਾਦੀ ਹੈ ਅਤੇ ਇਸ ਤੇ ‘ਗੁਰੂ ਤੇਗ ਬਹਾਦਰ ਸਹਾਏ’ ਖੋਦਿਆ ਹੋਇਆ ਹੈ।
3. ਸ੍ਰੀ ਸਾਹਿਬ- ਇਹ ਗੁਰੂ ਦਸਮ ਪਾਤਸ਼ਾਹ ਦੀ ਸ੍ਰੀ ਸਾਹਿਬ ਹੈ ਇਸ ਤੇ ‘ਗੁਰੂ ਗੋਬਿੰਦ ਸਿੰਘ ਸਹਾਇ ਦੇਗ਼ ਤੇਗ਼ ਫ਼ਤੇ ਜੋ ਕੋਈ ਦਰਸ਼ਨ ਕਰੇਗਾ ਨਿਹਾਲ’ ਉਕਰਿਆ ਹੋਇਆ ਹੈ। ਦਸਤਾ ਚਿਤ੍ਰਕਾਰੀ ਵਾਲਾ ਸੁਨਹਿਰੀ ਹੈ।
4. ਸ੍ਰੀ ਸਾਹਿਬ- ਇਸ ਦੀ ਮੁੱਠ ਹੇਠ ‘ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਜੀ’ ਉੱਕਰਿਆ ਹੋਇਆ ਹੈ। ਇਸ ਦੇ ਦੋਨੋਂ ਪਾਸੇ ਖਾਲ੍ਹੀ ਹਨ, ਦਸਤਾ ਸੁਨਹਿਰੀ ਹੈ।
5. ਤੀਰ (ਬਾਣ)- ਇਸ ਤੇ 3 ਸੋਨੇ ਚਾਂਦੀ ਦੇ ਬੰਦ ਹਨ। ਉਪਰਲੇ ਚਾਰੇ ਸ਼ਸਤਰ ਤੇ ਗੁਟਕਾ ਸਾਹਿਬ ਬਾਬਾ ਤਿਲੋਕਾ ਜੀ ਤੇ ਬਾਬਾ ਰਾਮ ਸਿੰਘ ਜੀ ਨੂੰ ਹੁਕਮਨਾਮੇ ਦੀ ਪਾਲਨਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਰਕਸੇ ਵਿਚੋਂ, ਹਾਜ਼ਰ ਹੋਣ ਸਮੇਂ ਬਖਸ਼ੇ ਸਨ ਅਤੇ ਫਰਮਾਇਆ ਸੀ ਕਿ ਇਹ ਅਮੋਲਕ ਵਸਤਾਂ ਸਰਬ ਰਖਿਆ ਲਈ ਸਰਬ ਮਨੋਰਥਾਂ ਦੀ ਸਿੱਧੀ ਲਈ ਅਪਾਰ ਰਤਨ ਤੁਹਾਨੂੰ ਸਪੁਤਰ ਜਾਣ ਕੇ ਬਖਸ਼ੇ ਹਨ।
6. ਖੰਡਾ ਸਾਹਿਬ- ਇਸ ਦਾ ਕਬਜ਼ਾ ਸਰਬ-ਲੋਹ ਤਾਰ ਜੜ੍ਹਤ ਹੈ।
7. ਤੇਗ਼ਾ ਸਾਹਿਬ- ਇਸ ਦਾ ਕਬਜ਼ਾ ਸਰਬ ਲੋਹ ਦਾ ਤੇ ਝਾਲ ਚਾਂਦੀ ਦੀ ਹੈ।
8. ਸ੍ਰੀ ਸਾਹਿਬ- ਇਹ ਫੌਲਾਦੀ ਤਲਵਾਰ ਹੈ, ਜਿਸ ਤੇ ਚੰਦਰਮਾ ਤੇ ਖੰਡੇ ਦੇ ਨਿਸ਼ਾਨ ਹਨ।
9. ਸ੍ਰੀ ਸਾਹਿਬ- ਇਸ ਦਾ ਕਬਜ਼ਾ ਸਰਬ-ਲੋਹ ਦਾ ਹੈ ਜਿਸ ਤੇ ਚਿਤ੍ਰਕਾਰੀ ਹੈ। ‘ਸ੍ਰੀ ਅਕਾਲ ਸਹਾਇ ਗੁਰੂ ਗੋਬਿੰਦ ਸਿੰਘ’ ਇਸ ਉਪਰ ਖੋਦਿਆ ਹੋਇਆ ਹੈ।
10. ਸ੍ਰੀ ਸਾਹਿਬ- ਇਹ ਸ਼ਿਕਾਰਗਾਹ ਤਲਵਾਰ ਹੈ। ਇਸ ਤੇ ‘ਭਗੋਤੀ ਸਹਾਇ। ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10’ ਖੋਦਿਆ ਹੋਇਆ ਹੈ। ਦਸਤੇ ਉਤੇ ਸੁਨਹਿਰੀ ਝਾਲ ਹੈ, ਫਲ ਉਤੇ ਜੰਗਲੀ ਜਾਨਵਰਾਂ ਦੇ ਚਿਤਰ ਉਕਰੇ ਹੋਏ ਹਨ।
11. ਕਟਾਰ ਸਾਹਿਬ- ਇਹ ਸ਼ਿਕਾਰਗਾਹ ਕਟਾਰ ਹੈ। ਕਬਜ਼ਾ ਸੁਨਹਿਰੀ ਹੈ। ਜੰਗਲੀ ਜਾਨਵਰਾਂ ਦੇ ਚਿਤਰ ਉਕਰੇ ਹੋਏ ਹਨ।
12. ਸਫ਼ਾ ਜੰਗ- ਇਸ ਦੇ ਦਸਤੇ ਉਪਰ ਤਿੰਨ ਪੋਲਰੇ ਚਾਂਦੀ ਦੇ ਚੜ੍ਹੇ ਹੋਏ ਹਨ। ਫਲ ਉਪਰ ਇਕ ਪਾਸੇ ਮਹਾਂ ਕਾਲ ਜੀ ਦਾ ਦੂਜੇ ਪਾਸੇ ਚਤੁਰ-ਭੁਜ ਜੀ ਦਾ ਚਿਤਰ ਹੈ। ਪੀਨ ਉਪਰ ਇਕ ਪਾਸੇ ‘ਈਂ ਜਨੀਯਤ ਨਿਆਜ਼’ ਦੂਜੇ ਪਾਸੇ-‘ਸਰ ਕਲੀਦ ਬਾਫ਼ਤਵਾ’- ਫ਼ਾਰਸੀ ਅੱਖਰ ਖੋਦੇ ਹੋਏ ਹਨ।
13. ਖ਼ੰਜਰ- ਦਸਤਾ ਸੁਨਹਿਰੀ ਹੈ।
14. ਪੇਸ਼ ਕਬਜ਼- ਦਸਤਾ ਹਾਥੀ ਦੰਦ ਦਾ ਹੈ ਜਿਸ ਤੇ ਇਕ ਚਾਂਦੀ ਦਾ ਬੰਦ ਹੈ।
15. ਬਰਛਾ ਸਾਹਿਬ- ਛੜ ਅਜੀਬ ਜੋਹਰਦਾਰ ਹੈ, ਜਿਸ ਵਿਚ ਬਹੁਤ ਹੀ ਲਚਕ ਹੈ, ਹਾਲੇ ਤਕ ਲਕੜੀ ਦਾ ਪਤਾ ਨਹੀਂ ਲਗ ਸਕਿਆ ਕਿ ਕਿਸ ਦਰਖ਼ਤ ਦੀ ਹੈ। ਇਸ ਨੂੰ ‘ਗਾਤਾ ਬਲਮ’ ਤੇ ‘ਇੰਦz ਦਮਨ ਭੱਲਾ ਭੀ ਆਖਦੇ ਹਨ।
16. ਨਿਸ਼ਾਨ ਸਾਹਿਬ- ਛੜ ਦੀ ਇਕੋ ਹੀ ਪੋਰੀ ਹੈ, ਹੇਠ ਪੋਲਰੇ (ਸੱਮ) ਵਿਚ ਸਾਦੀ ਹਰੜ ਹੈ।
ਇਹ ਦਸ ਸ਼ਸਤz ਤੇ ਨਿਸ਼ਾਨ ਸਾਹਿਬ ਬਾਬਾ ਤਿਲੋਕਾ ਜੀ ਤੇ ਬਾਬਾ ਰਾਮਾ ਜੀ ਨੂੰ ਗੁਰੂ ਦਸਮੇ ਪਾਤਸ਼ਾਹ ਨੇ ਦਮਦਮਾ ਸਾਹਿਬ ਅੰਮ੍ਰਿਤ ਛਕਾਣ ਪਿਛੋਂ ਆਪਣੇ ਪਵਿਤz ਕਮਰਕਸੇ ਦੇ ਬਖਸ਼ੇ ਸਨ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਫਰਮਾਇਆ ਸੀ ਕਿ ਤੁਹਾਡਾ ਰਾਜ ਭਾਗ ਅਖੰਡ ਇਸਥਿਤ ਰਹੇਗਾ।
17. ਸ੍ਰੀ ਸਾਹਿਬ- ਇਸ ਦੇ ਦੋਹੀਂ ਪਾਸੀਂ ਖਾਲੀ ਹੈ। ਕਬਜ਼ੇ ਤੇ ਸੁਨਹਿਰੀ ਨਿਸ਼ਾਨ ਹਨ।
18. ਪੇਸ਼ ਕਬਜ਼- ਇਸ ਦਾ ਕਬਜ਼ਾ ਸਰਬ-ਲੋਹ ਦਾ ਹੈ।
19. ਸ੍ਰੀ ਸਾਹਿਬ- ਕੇਵਲ 9 ਇੰਚ ਲੰਬੀ, ਗੋਲੀਆਂ ਤੇ ਖੋਖਰੀ ਦੀ ਸ਼ਕਲ ਹੈ।
20. ਸਫ਼ਾ ਜੰਗ- ਦਸਤੇ ਉਪਰ ਛੀ ਫੁੱਲੀਆਂ ਚਾਂਦੀ ਦੀਆਂ ਅਤੇ ਦੋਨੋਂ ਪਾਸੇ ਪੋਲਰੇ ਹਨ।
21. ਛੀ ਤੀਰ (ਬਾਣ)- ਇਨ੍ਹਾਂ ਦੀ ਮੁਖੀ ਹੇਠ ਚਾਂਦੀ ਦੇ ਪੋਲਰੇ ਹਨ ਅਤੇ ਤਿੰਨ ਤਿੰਨ ਬਰੀਕ ਬੰਦ ਹਨ।
22. ਨਿਸ਼ਾਨ ਸਾਹਿਬ- ਇਸ ਦੇ ਦਸਤੇ (ਛੜ) ਹੇਠ ਪੋਲਰੇ ਵਿਚ ਦੋ ਪਹਿਲੂਦਾਰ ਹਰੜਾਂ ਹਨ।
ਇਸ ਸ਼ਸਤz ਤੇ ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤੋਂ ਦੱਖਣ ਦੇਸ਼ ਨੂੰ ਚਾਲੇ ਪਾਉਣ ਸਮੇਂ ਸਿਰੋਪਾਓ ਵਜੋਂ ਬਾਬਾ ਤਿਲੋਕਾ ਸਿੰਘ ਜੀ ਤੇ ਬਾਬਾ ਰਾਮ ਸਿੰਘ ਜੀ ਨੂੰ ਬਖਸ਼ੇ।
23. ਕਮਰਕੱਸਾ- ਦਸਮ ਪਾਤਸ਼ਾਹ ਦਾ ਹੈ। 13 ਜੇਠ 1999 ਬਿ: ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੇ ਸ. ਗੁਰਦਿਆਲ ਸਿੰਘ ਬਠਿੰਡਾ ਤੋਂ ਲੈ ਕੇ ਕਿਲ੍ਹੇ ਵਿਚ ਰੱਖਿਆ ਸੀ।
ਇਸ ਦੇ ਪੱਖੇ ਪਿੱਤਲ-ਭਰਤ ਫੌਲਾਦ ਦੇ ਹਨ। ਅਗਲਾ, ਪਿਛਲਾ ਦੋਵੇਂ ਸਵਾ ਗਿਆਰਾਂ ਇੰਚ ਲੰਬੇ ਤੇ ਸਾਢੇ ਅੱਠ ਇੰਚ ਚੌੜੇ ਹਨ ਅਤੇ ਬਗਲਾਂ ਵਾਲੇ ਦੋਵੇਂ ਕਿਨਾਰੇ ਤੋਂ ਸਵਾ ਦਸ ਇੰਚ ਲੰਬੇ ਤੇ ਸਵਾ ਸੱਤ ਇੰਚ ਚੌੜੇ। ਪਰ ਵਿਚਕਾਰ ਕਟਾਮ ਤੋਂ ਲੰਬਾਈ (ਉਤਾਹਾਂ ਨੂੰ) ਸਾਢੇ ਅੱਠ ਇੰਚ ਹੈ। ਸੱਜੇ ਪਾਸੇ (ਬਗਲ) ਵਾਲੇ ਪੱਖੇ ਪੁਰ ‘ੴਸਤਿ ਸ੍ਰੀ ਅਕਾਲ ਸਿੰਘ ਜੀ’ ਤੇ ‘ਸਿਰ ਮਸਤਕ ਰਖਯਾ ਪਾਰਬ੍ਰਹਮ ਸ਼ਬਦ ਅਤੇ ਅੰਤਿ ਵਿੱਚ ‘ਬੋਲ ਸ੍ਰੀ ਵਾਹਿਗੁਰੂ ਜੀ’। ਅੰਕਿਤ ਹੈ।
ਅਗਲੇ (ਸਾਹਮਣੇ) ਪੱਖੇ ਤੇ ਚਾਰ ਸਤਰਾਂ ਵਿਚ ਪੂਰਾ ਮੂਲ ਮੰਤਰ, ਪੰਜਵੀਂ ਸਤਰ ਵਿੱਚ ‘ਸ੍ਰੀ ਵਾਹਿਗੁਰੂ ਜੀ ਸਹਾਇ’ ਉਭਾਰਿਆ ਹੈ।
ਖੱਬੇ ਪਾਸੇ (ਬਗਲ) ਵਾਲੇ ਪੱਖੇ ਉੱਪਰ ‘ੴਸਤਿਗੁਰ ਪ੍ਰਸਾਦਿ॥ ਛਪੈ ਛੰਦ॥ ਤਵ ਪ੍ਰਸਾਦਿ॥ ਚਕz ਚਿਹਨ, ਛੰਦ ਅਖੀਰ ਤੇ ‘ਵਾਹਿਗੁਰੂ’ ਅੰਕਿਤ ਹੈ।
ਪਿਛਲੇ (ਪਿੱਠ ਵੱਲ ਦੇ) ਪੱਖੇ ਉਪਰ ‘ੴ ਉਤਾਰ ਖਾਸੇ ਦਸਖਤ ਕਾ ਉਸਤਤਿ ਅਕਾਲ ਜੀ ਕੀ ਪਾਤਸ਼ਾਹੀ 10 ਅਕਾਲ ਪੁਰਖ ਕੀ ਰਖਿਆ ਹਮਨੈ॥ ਸਰਬਲੋਹ ਕੀ ਰਖਿਆ ਹਮਨੈ॥ ਸਰਬ ਕਾਲ ਜੀ ਦੀ ਰਛਿਆ ਹਮਨੈ॥ ਸਰਬਲੋਹ ਜੀ ਦੀ ਸਦਾ ਰਛਿਆ ਹਮਨੈ। ਅਗੇ ਲਿਖਾਰੀ ਕੇ ਦਸਤਖਤ’ ਅੰਕਿਤ ਕੀਤੇ ਗਏ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤz
24. ਜਮਦਾੜ੍ਹ ਬ-ਸ਼ਕਲ ਖੰਡਾ- ਉਪਰੋਂ ਦੋ ਫਲ ਬ-ਸਕਲ ਆਰੀ ਦੰਦੇਦਾਰ। ਉੱਪਰ ਕਬਜ਼ੇ ਦੇ ਸੱਜੇ ਪਾਸੇ ਗੁਰਮੁਖੀ ਵਿਚ ਲਿਖਿਆ ਹੈ:-
‘ੴ ਸਤਿਗੁਰ ਪ੍ਰਸਾਦਿ।
ਦੇਗ਼ ਤੇਗ਼ ਫ਼ਤਹ ਨੁਸਰਤ ਬੇਦਰੰਗ,
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਹਾਇ’
ਸੰਸਕ੍ਰਿਤ ਵਿਚ ਦੋ ਸ਼ਲੋਕ ਅਤੇ ਕਬਜ਼ੇ ਦੇ ਪਾਸ ਚੰਡੀ ਦੀ ਉਸਤਤਿ ਵਿਚ ਹਨ।
25. ਸਿਰੋਹੀ (ਸ੍ਰੀ ਸਾਹਿਬ)- ਕਬਜ਼ਾ ਗੰਗਾ-ਜਮਨੀ ਸਰਬ-ਲੋਹ ਦਾ ਹੈ। ਸੱਜੇ ਪਾਸੇ ਕਬਜ਼ੇ ਦੇ ਕੋਕ ਫਲ ਉੱਤੇ ਫ਼ਾਰਸੀ ਅੱਖਰਾਂ ਵਿਚ ਤੇ ਦੂਜੇ ਪਾਸੇ ਫਲ ਉਤੇ ਤਿੰਨ: ਬਿੰਦੀਆਂ ਹਨ। ਇਸ ਸ੍ਰੀ ਸਾਹਿਬ ਪਟਨੇ ਤੋਂ ਆਈ ਹੈ।
26. ਸ੍ਰੀ ਸਾਹਿਬ- ਜੋ ਦੋ ਖਾਲੀ ਸ਼ਕਲ ਦੀ ਹੈ। ਇਸ ਦੀ ਪਿੱਠ ਉੱਤੇ ਗੁਰਮੁਖੀ ਸੁਨਹਿਰੀ ਅੱਖਰਾਂ ਵਿਚ ਇਹ ਲੇਖ ਹੈ- ‘ੴ ਸ੍ਰੀ ਵਾਹਿਗੁਰੂ ਜੀ ਕੀ ਫਤੇ। ਪਾਤਸ਼ਾਹੀ 10 ਰਾਮ…’
ਫਲ ਦੇ ਅਗਲੇ ਹਿੱਸੇ ਤੇ ਵਿਚਕਾਰੋਂ ਸਤ ਅੰਗੁਲ ਝਰੀ ਕਟੀ ਹੋਈ ਹੈ।
27. ਬੰਦੂਕ ਸੁਨਹਿਰੀ ਤੋੜੇਦਾਰ- ਇਹ ਬੰਦੂਕ ਸ੍ਰੀ ਦਮਮੇਸ਼ ਜੀ ਦੀ ਹੈ। ਇਸ ਦੇ ਉਪਰਲੇ ਹਿੱਸੇ ਵਿਚ ਅਤੇ ਕੁੰਦੇ ਦੇ ਪਾਸ ਭਗਵਤੀ ਅਸਟ-ਭੁਜੀ ਦੀ ਸਿੰਘ-ਸਵਾਹ ਸੁਨਹਿਰੀ ਤਸਵੀਰ ਹੈ, ਤੇ ਇਸ ਦੇ ਪਾਸ ਲਿਖਿਆ ਹੈ ‘ੴ ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਸਚਾ ਪਾਤਸ਼ਾਹ ਜੀ’ ਉਪਰ ਚੰਡੀ ਦਾ ਸਤੋਤz (ਭਗੋਤੀ ਸਤੋਤz) ਹੈ।
28. ਬਰਛਾ- ਇਸ ਦਾ ਇਕ ਹਥ ਤੋਂ ਵੱਧ ਲੰਬਾ ਫਲ ਤੇ ਸਰਬ-ਲੋਹ ਦਾ ਪੋਲਰਾ ਹੈ, ਤੇ ਉਪਰ ਝਾਲ ਸੋਨੇ ਦੀ ਹੈ।
29. ਖੜਾਵਾਂ- ਚੰਦਨ ਦੀਆਂ ਹਨ। ਸੁਰਗਵਾਸੀ ਮਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਪਿੰਡੀ ਘੋਬ ਦਾ ਦਿਕ ਸੇਠ ਸ੍ਰੀ ਦਸਮੇਸ਼ ਜੀ ਦੀਆਂ ਦੱਸ ਕੇ ਦੇ ਗਿਆ ਸੀ, ਅਤੇ ਸਰਕਾਰ ਨੇ 1500) ਭੇਟਾ ਕੀਤੇ ਸਨ।
30. ਤੇਗ਼ਾ- ਇਹ 12 ਸੇਰ ਪੱਕੇ ਦਾ ਤੇਗ਼ਾ ਛੇਵੀਂ ਪਾਤਸ਼ਾਹੀ ਦਾ ਹੈ। ਇਸ ਪਾਸੇ ਚੰਦਰਮਾਂ, ਦੂਜੇ ਪਾਸੇ ਸੂਰਜ ਦਾ ਚਿੱਤਰ ਹੈ। ਪੰਜ ਖਾਲੀਆਂ ਹਨ।
ਗੁਰੂ ਪੰਥ ਵੱਲੋਂ ਦਾਤਾਂ
31. ਸ੍ਰੀ ਸਾਹਿਬ- ਇਸ ਤੇ ਉਰਦੂ ਅੱਖਰਾਂ ਵਿਚ ‘ਸਰਕਾਰ ਅਹਲੂਵਾਲੀਆ’ ਉੱਕਰਿਆ ਹੋਇਆ ਹੈ। ਦੋਨੋਂ ਪਾਸੇ ਦੋ-ਦੋ ਖਾਲੀਆਂ ਹਨ॥
32. ਨਿਸ਼ਾਨ ਸਾਹਿਬ- ਇਸ ਦੇ ਛੜ ਦੇ ਹੇਠ ਪੋਲਰੇ ਵਿਚ ਦੋ ਹਰੜਾਂ ਹਨ।
ਇਸ ਸ੍ਰੀ ਸਾਹਿਬ ਤੇ ਨਿਸ਼ਾਨ ਸਾਹਿਬ ਗੁਰੂ ਪੰਥ ਫਲੋਂ ਸ. ਜੱਸਾ ਸਿੰਘ ਜੀ ਆਹਲੂਵਾਲੀਏ ਨੇ ਪਟਿਆਲੇ ਦੀ ਚੱਠ ਸਮੇਂ ਮਹਾਰਾਜਾ ਅਮਰ ਸਿੰਘ ਜੀ ਨੂੰ ਅੰਮ੍ਰਿਤ ਪਾਨ ਕਰਾ ਕੇ ਬਖਸ਼ੇ ਸਨ।
ਬਾਬਾ ਆਲਾ ਸਿੰਘ ਜੀ ਦੇ ਸ਼ਸਤz
33. ਸਾਂਗ ਪੰਜ ਕਲਿਆਣੀ- ਵਜ਼ਨ 25 ਸੇਰ ਪੱਕਾ। ਉਪਰ ਪੰਜ-ਮੁਖੀ ਸਰਬ-ਲੋਹ ਦੀ ਹੈ ਤੇ ਹੇਠਾਂ ਸੱਮ ਵਿਚ ਦੋ ਹਰੜਾਂ ਹਨ।
34. ਕਾਤੀ- ਪੰਜ ਫੁੱਟ ਲੰਬੀ ਤਲਵਾਰ ਹੈ।

          ਕੁਝ ਨਿਸ਼ਾਨੀਆਂ ਜੋ ਨਾਭਾਵੰਸ਼ੀ ਹਨੂਵੰਤ ਸਿੰਘ ਦਿੱਲੀ ਲੈ ਗਏ ਸਨ, ਜੋ ਹੁਣ ਅਦਾਲਤ ਰਾਹੀਂ ਪੰਜਾਬ ਸਰਕਾਰ ਨੇ ਪ੍ਰਾਪਤ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਕਰਨ ਦਾ ਫੈਸਲਾ ਲਿਆ ਹੈ। 6 ਮਈ 2015 ਤੋਂ ਇਨ੍ਹਾਂ ਨਿਸ਼ਾਨੀਆਂ ਨੂੰ ਇਕ ਵਿਸ਼ੇਸ਼ ਬੱਸ ਵਿੱਚ ਸੁਸ਼ੋਭਿਤ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ ਦਰਸ਼ਨ ਕਰਵਾਏ ਜਾਣਗੇ। ਇਨ੍ਹਾਂ ਇਤਿਹਾਸਿਕ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਸਬੰਧੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮਿਤੀ 6-5-15 ਨੂੰ ਗੁ: ਸ੍ਰੀ: ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸੰਗਰੂਰ, ਬਰਨਾਲਾ, ਮਿਤੀ 7-5-15 ਨੂੰ ਬਰਨਾਲਾ ਤੋਂ ਮਾਨਸਾ, ਮੋੜ, ਤਲਵੰਡੀ ਸਾਬੋ, ਮਿਤੀ 8-5-15 ਨੂੰ ਤਲਵੰਡੀ ਸਾਬੋ ਤੋਂ ਬਠਿੰਡਾ, ਮਲੋਟ, ਸ੍ਰੀ ਮੁਕਤਸਰ ਸਾਹਿਬ, ਮਿਤੀ 9-5-15 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੁਰਾ, ਫਰੀਦਕੋਟ, ਫਿਰੋਜਪੁਰ, ਵਜੀਦਪੁਰ, ਮਿਤੀ 10-5-15 ਨੂੰ ਵਜੀਦਪੁਰ ਤੋਂ ਮੋਗਾ, ਕੋਟ ਈਸੇ ਖਾਂ, ਜੀਰਾ, ਮਖੂ, ਹਰੀਕੇ, ਮਿਤੀ 11-5-15 ਹਰੀਕੇ ਤੋਂ ਪੱਟੀ, ਭਿੱਖੀਵਿੰਡ, ਝਬਾਲ, ਤਰਨਤਾਰਨ, ਮਿਤੀ 12-5-15 ਨੂੰ ਤਰਨਤਾਰਨ ਤੋਂ ਜੰਡਿਆਲਾ, ਬਾਬਾ ਬਕਾਲਾ, ਚਂੌਕ ਮਹਿਤਾ, ਅੰਮ੍ਰਿਤਸਰ ਤੱਕ ਵਿਸ਼ੇਸ਼ ਬੱਸ ਰਾਹੀਂ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਮਿਤੀ 13-5-15 ਨੂੰ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਾਉਣ ਉਪਰੰਤ ਮਿਤੀ 14-5-15 ਨੂੰ ਅੰਮ੍ਰਿਤਸਰ ਤੋਂ ਬਟਾਲਾ, ਸ੍ਰੀ ਹਰਗੋਬਿੰਦਪੁਰ, ਕਾਹਨੂੰਵਾਨ (ਛੋਟਾ ਘਲੁਘਾਰਾ), ਮਿਤੀ 15-5-15 ਨੂੰ ਕਾਹਨੂੰਵਾਨ (ਛੋਟਾ ਘੱਲੂਘਾਰਾ) ਤੋਂ ਗੁਰਦਾਸਪੁਰ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਮਿਤੀ 16-5-15 ਨੂੰ ਹੁਸ਼ਿਆਰਪੁਰ ਤੋਂ ਟਾਂਡਾ, ਭੋਗਪੁਰ, ਕਰਤਾਰਪੁਰ, ਕਪੂਰਥਲਾ, ਸੁਲਤਾਨਪੁਰ ਲੋਧੀ, ਮਿਤੀ 17-5-15 ਨੂੰ ਸੁਲਤਾਨਪੁਰ ਲੋਧੀ ਤੋਂ ਮਲਸੀਆਂ, ਨਕੋਦਰ, ਜਲੰਧਰ, ਫਗਵਾੜਾ, ਮਿਤੀ 18-5-15 ਨੂੰ ਫਗਵਾੜਾ ਤੋਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਮਿਤੀ 19-5-15 ਨੂੰ ਫਤਹਿਗੜ੍ਹ ਸਾਹਿਬ ਤੋਂ ਮੋਹਾਲੀ, ਖਰੜ, ਮੋਰਿੰਡਾ, ਚਮਕੌਰ ਸਾਹਿਬ, ਰੋਪੜ, ਮਿਤੀ 20-5-15 ਨੂੰ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤੀ ਹੋਵੇਗੀ। ਉਪਰੰਤ ਇਹ ਵਸਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਹੋ ਜਾਣਗੀਆਂ। ਇਨ੍ਹਾਂ ਇਤਿਹਾਸਕ ਨਿਸ਼ਾਨੀਆਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਲਾ ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮ ਸਿੰਘ ਨੂੰ ਕ੍ਰਿਪਾ ਕਰਕੇ ਭੇਜਿਆ, ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤਰ ਹੈ।
2. ਦਸਤਾਰ ਕਲਗੀਧਰ ਸਾਹਿਬ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖਸ਼ੀ। ਬੁੱਧੂਸ਼ਾਹ ਸਢੌਰਾ (ਜ਼ਿਲ੍ਹਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੱਦੀਨ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਸਿਫਾਰਸ਼ ਕਰਕੇ ਪੰਜ ਸੋ ਪਠਾਣ ਨੌਕਰ ਰਖਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ, ਕਾਲਾ ਖਾਨ, ਭੀਕਨ ਖਾਨ, ਨਿਜਾਬਤਖਾਨ ਅਤੇ ਹਯਾਤ ਖਾਨ ਸਨ। ਇਨ੍ਹਾਂ ਵਿੱਚੋਂ ਕਾਲਾਖਾਨ ਨਮਕ ਹਰਾਮ ਨਹੀਂ ਹੋਇਆ, ਬਾਕੀ ਤਿੰਨ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇਂ ਛੱਡ ਗਏ ਸਨ। ਬੁੱਧੂ ਸ਼ਾਹ ਆਪਣੇ ਚਾਰ ਪੁੱਤਰ ਅਤੇ ਸੱਤ ਸੌ ਮੁਰੀਦ ਲੈ ਕੇ ਦਸ਼ਮੇਸ਼ ਪਿਤਾ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿੱਚ ਪੁੱਜਾ, ਜਿੱਥੇ ਇਸ ਦੇ ਦੋ ਪੁੱਤਰ ਅਤੇ ਬਹੁਤ ਮੁਰੀਦ ਸ਼ਹੀਦ ਹੋਏ। ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਸਨ, ਅਰ ਛੋਟੀ ਕ੍ਰਿਪਾਨ ਬੁੱਧੂਸ਼ਾਹ ਨੂੰ ਹੁਕਮਨਾਮੇ ਸਮੇਤ ਬਖਸ਼ੀ, ਮਹਾਰਾਜਾ ਭਰਪੂਰ ਸਿੰਘ ਨੇ ਬੁੱਧੂਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਾਗੀਰ ਦੇ ਕੇ ਇਹ ਵਸਤਾਂ ਲੈ ਲਈਆਂ, ਇਹ ਨਾਭਾ ਰਿਆਸਤ ਦੇ ਗੁਰਦੁਆਰੇ ‘ਸਿਰੋਪਾਉ’ ਵਿੱਚ ਮਾਣ ਨਾਲ ਰੱਖੀਆਂ ਹੋਈਆਂ ਸਨ, ਪਰ ਨਾਭਾ ਵੰਸ਼ੀ ਏਥੋਂ ਜਾਂਦੇ ਸਮੇਂ ਇਨ੍ਹਾਂ ਨੂੰ ਦਿੱਲੀ ਲੈ ਗਏ।
3. ਦਸਮ ਪਾਤਸ਼ਾਹ ਦਾ ਦਸਤਾਰੀ ਕੰਘਾ-ਜਿਸ ਵਿੱਚ ਵਾਹੇ ਹੋਏ ਕੇਸ ਹਨ।
4. ਦਸਮ ਪਾਤਸ਼ਾਹ ਦਾ ਸ੍ਰੀ ਸਾਹਿਬ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ।
5. ਗੁਰੂ ਹਰਿਗੋਬਿੰਦ ਸਾਹਿਬ ਦਾ ਤੇਗਾ, ਜੋ 46 ਇੰਚ ਲੰਬਾ ਹੈ।
6. ਕਲਗੀਧਰ ਸਾਹਿਬ ਦਾ ਸ੍ਰੀ ਸਾਹਿਬ ਜੋ ਸਤਿਗੁਰੂ ਨੇ ਤਿਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਸੰੰਨ 1706 ਵਿੱਚ ਦਮਦਮੇ ਬਖਸ਼ਿਆ। ਇਸ ਦੇ ਇੱਕ ਤਰਫ ਪਾਠ ਹੈ-‘ਸ੍ਰੀ ਭਗੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ’ ਅਤੇ ਦੂਜੀ ਤਰਫ ਹੈ- ‘ਪਾਤਸ਼ਾਹੀ ਦਸ’
7. ਸ੍ਰੀ ਸਾਹਿਬ ਦਸਮੇਸ਼ ਜੀ ਦਾ-ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾ ਸਿੰਘ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ- ‘ਗੁਰੂ ਗੋਬਿੰਦ ਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ ਯਾ ਤੇਗ ਤੇ’ ਕਬਜੇ ਪੁਰ ਪਾਠ ਹੈ- ‘ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ’
8. ਕਿਰਪਾਨ ਕਲਗੀਧਰ ਦੀ-ਜੋ ਰਾਇ ਕੱਲ੍ਹਾ ਨੂੰ ਬਖਸ਼ੀ ਸੀ। ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜ਼ਰੀਏ ਮਹਾਰਾਜਾ ਜਸਵੰਤ ਸਿੰਘ ਨੂੰ ਮਿਲੀ।
9. ਦਸਮ ਪਾਤਸ਼ਾਹ ਦੇ ਪੰਜ ਤੀਰ, ਜਿਨਾਂ ਵਿਚ ਦੋ ਬਰਛਾ ਤੀਰ ਹਨ ਇਨ੍ਹਾਂ ਸਾਰਿਆਂ ਤੇ ਸੋਨਾ ਲੱਗਾ ਹੋਇਆ ਹੈ।
10. ਦਸਮ ਪਾਤਸ਼ਾਹ ਦਾ ਲੋਹੇ ਦਾ ਤੀਰ।
11. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਤੇਗਾ, ਜੋ 36 ਇੰਚ ਹੈ। ਇਸ ‘ਤੇ ‘ਸਤਿ ਸ੍ਰੀ ਅਕਾਲ ਤੇਗ ਬਹਾਦਰ ਸੰਮਤ 1713’ ਉਕਰਿਆ ਹੋਇਆ ਹੈ।
12. ਦਸਮ ਪਾਤਸ਼ਾਹ ਸਾਹਿਬ ਦਾ ਬਰਸ਼ਾ 36 ਇੰਚੀ।
13. ਦਸਮ ਪਾਤਸ਼ਾਹ ਦਾ ਚਾਬਕ ਜਿਸ ਦੀ ਮੁੱਠੀ ਬੈਂਤ ਦੀ ਹੈ।
14. ਇੱਕ ਹੱਥ ਲਿਖਤ ਗ੍ਰੰਥ-ਇਸ ਦੇ ਪੱਤਰੇ 300 ਹਨ। ਭਾਈ ਤਾਰਾ ਸਿੰਘ ਕਵੀ ਦੇ ਹਵਾਲੇ ਨਾਲ ਜ਼ਿਕਰ ਮਿਲਦਾ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ। ਰਾਜਾ ਭਰਪੂਰ ਸਿੰਘ ਨੇ ਕਵੀ ਨੂੰ ਦੋ ਹਜ਼ਾਰ ਨਕਦ ਅਤੇ ਦੋ ਸੌ ਰੁਪਏ ਸਲਾਨਾ ਜਾਗੀਰ ਦੇ ਕੇ ਇਹ ਗ੍ਰੰਥ ਲੈ ਲਿਆ ਸੀ।

 

ਦਿਲਜੀਤ ਸਿੰਘ ‘ਬੇਦੀ’
ਐਡੀ: ਸਕੱਤਰ,
ਸ਼੍ਰੋਮਣੀ ਗੁ: ਪ: ਕਮੇਟੀ, ਸ੍ਰੀ ਅੰਮ੍ਰਿਤਸਰ।

 

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply