Saturday, April 20, 2024

ਧਰਮ ਪ੍ਰਚਾਰ ਦੇ ਨਾਂ ‘ਤੇ ਗੋਲਕ ਦੀ ਦੁਰਵਰਤੋਂ ਕਰਨ ਵਾਲੇ ਦੁੂਜਿਆਂ ‘ਤੇ ਦੋਸ਼ ਕਿਸ ਮੁੰਹ ਤੋਂ ਲਾਉਂਦੇ ਹਨ – ਬੋਬੀ

PPN2505201506

ਨਵੀਂ ਦਿੱਲੀ, 25 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਵੱਲੋਂ ਮੌਜੂਦਾ ਚੇਅਰਮੈਨ ਭਾਈ ਪਰਮਜੀਤ ਸਿੰਘ ਰਾਣਾ ਤੇ ਗੁਰੁੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਮੌਕੇ ਧਾਰਮਿਕ ਸਟੇਜ ਦੀ ਦੁਰਵਰਤੋਂ ਕਰਨ ਦੇ ਲਗਾਏ ਗਏ ਦੋਸ਼ਾਂ ‘ਤੇ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਕਨਵੀਨਰ ਭਾਈ ਗੁਰਮੀਤ ਸਿੰਘ ਬੋਬੀ ਅਤੇ ਅਕਾਲੀ ਆਗੂ ਭੁਪਿੰਦਰ ਸਿੰਘ ਸ਼ਾਹਪੁਰਾ ਨੇ ਤਰਸੇਮ ਸਿੰਘ ਨੂੰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਕਮੇਟੀ ਸਟੇਜਾਂ ਦੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਗਈ ਸਿਆਸੀ ਵਰਤੋਂ ਅਤੇ ਆਪਣੇ ਨਿਜੀ ਮੁਫਾਦਾਂ ਲਈ ਗੋਲਕ ਦੀ ਕੀਤੀ ਗਈ ਦੁਰਵਰਤੋਂ ਦਾ ਵੀ ਚੇਤਾ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਰਾਣਾ ਨੇ ਸਿਰਫ ਸਟੇਜ ਤੋਂ ਆਪਣੀ ਪਿਛਲੀ ਸੇਵਾ ਦੌਰਾਨ ਕੀਤੇ ਗਏ ਨਿਰੋਲ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ ਸੀ, ਨਾ ਕੀ ਕਿਸੇ ਦੇ ਖਿਲਾਫ ਕੋਈ ਸਿਆਸੀ ਦੁਸ਼ਣਬਾਜ਼ੀ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਸਰਨਾ ਦੇ ਕਾਰਜਕਾਲ ਦੌਰਾਨ ਧਾਰਮਿਕ ਸਟੇਜਾਂ ‘ਤੇ ਪੰਥਕ ਵਿਚਾਰਾਂ ਦੇ ਨਾਂ ‘ਤੇ ਸ਼ਰੇਆਮ ਭਾਈ ਖਾਲਸਾ ਦੀ ਮੌਜੂਦਗੀ ਹੇਠ ਕੀਤੀਆਂ ਗਈਆਂ ਸਿਆਸੀ ਤਕਰੀਰਾਂ ਭਾਈ ਖਾਲਸਾ ਨੂੰ ਚੇਤੇ ਕਿਉਂ ਨਹੀਂ ਆਉਂਦੀਆਂ?
ਬੋਬੀ ਨੇ ਭਾਈ ਖਾਲਸਾ ‘ਤੇ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਰਹਿੰਦੇ ਹੋਏ ਕਮੇਟੀ ਦੀਆਂ ਸਟੇਜਾਂ ‘ਤੇ ਲੈਕਚਰ ਕਰਨ ਦੀ ਭੇਟਾ ਹਰ ਐਤਵਾਰ 1100 ਰੂੁਪਏ ਕਮੇਟੀ ਪਾਸੋਂ ਲੈਣ ਦੇ ਨਾਲ ਹੀ ਸੰਗਤਾਂ ਵੱਲੋਂ ਭੇਂਟ ਕੀਤੀ ਜਾਂਦੀ ਕਥਾ ਭੇਟਾ ਵੀ ਘਰ ਲੈ ਜਾਣ ਦਾ ਖੁਲਾਸਾ ਕੀਤਾ ਹੈ। ਬੋਬੀ ਨੇ ਕਿਹਾ ਕਿ ਕਮੇਟੀ ਤੋਂ ਹਵਾਈ ਅਤੇ ਰੇਲ ਟਿਕਟਾਂ ਲੈ ਕੇ ਧਰਮ ਪ੍ਰਚਾਰ ਦੇ ਨਾਂ ਤੇ ਭਾਈ ਖਾਲਸਾ ਵੱਲੋਂ ਕੀਤੇ ਗਏ ਸੈਰ ਸਪਾਟੇ ਦੀ ਵੀ ਜਾਣਕਾਰੀ ਉਨ੍ਹਾਂ ਨੂੰ ਸੰਗਤਾਂ ਦੇ ਸਾਹਮਣੇ ਭਾਈ ਰਾਣਾ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਰਖਣੀ ਚਾਹੀਦੀ ਸੀ।ਭਾਈ ਖਾਲਸਾ ਦੇ ਚੇਅਰਮੈਨ ਰਹਿੰਦੇ ਹੋਏ, ਉਨ੍ਹਾਂ ਦੇ ਘਰ ਦੇ ਸਾਹਮਣੇ ਦੇ ਸੈਲੂਨ ਵਿੱਚ ਰੋਮਾ ਦੀ ਬੇਅਦਬੀ ਕਰਨ ਜਾਂਦੇ ਸਿੱਖ ਨੌਜਵਾਨਾਂ ਪ੍ਰਤੀ ਕੋਈ ਧਿਆਨ ਨਾ ਦੇਣ ਦਾ ਵੀ ਬੋਬੀ ਨੇ ਦੋਸ਼ ਲਗਾਇਆ ਹੈ।
ਭਾਈ ਖਾਲਸਾ ਵੱਲੋਂ ਮੌਜੂਦਾ ਧਰਮ ਪ੍ਰਚਾਰ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਗਏ ਖਰਚਿਆਂ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਏ ਜਾਣ ਦਾ ਹਵਾਲਾ ਦਿੱਤੇ ਜਾਣ ਨੂੰ ਵੀ ਬੋਬੀ ਨੇ ਤੱਥਾਂ ਤੋਂ ਪਰੇ ਅਤੇ ਝੂਠ ਦਾ ਪੁਲਿੰਦਾ ਦੱਸਿਆ।ਆਪਣੀ ਗੱਲ ਨੂੰ ਸਾਫ ਕਰਦੇ ਹੋਏ ਬੋਬੀ ਨੇ ਦਾਅਵਾ ਕੀਤਾ ਕਿ ਸਿਰਸਾ ਨੇ ਕਿਸੇ ਥਾਂ ਤੇ ਗੱਲਬਾਤ ਦੌਰਾਨ ਬੀਤੇ 2 ਸਾਲਾਂ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ 3.75 ਕਰੋੜ ਰੁਪਏ ਧਰਮ ਪ੍ਰਚਾਰ ਦੇ ਮੱਦ ਵਿੱਚ ਖਰਚਣ ਦੀ ਜਾਣਕਾਰੀ ਦਿੱਤੀ ਸੀ ਜਿਸ ਨੂੰ ਭਾਈ ਖਾਲਸਾ ਨੇ ਆਪਣੀ ਸਹੁੂਲੀਅਤ ਤੇ ਕੋਝੀ ਸਿਆਸਤ ਵਾਸਤੇ ਘੋਟਾਲੇ ਦਾ ਰੂਪ ਦੇ ਦਿੱਤਾ, ਜਦੋ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਮਸਲੇ ‘ਤੇ ਸਾਫ ਕਹਿ ਚੁੱਕੇ ਸਨ ਕਿ ਦਿੱਲੀ ਕਮੇਟੀ ਦਾ ਮੁੱਖ ਕਾਰਜ ਧਰਮ ਪ੍ਰਚਾਰ ਹੈ ਤੇ ਇਸ ਮੱਦ ਵਿੱਚ ਖਰਚਾ ਕਰਨ ਤੋਂ ਅਸੀ ਕਦੇ ਗੁਰੇਜ਼ ਨਾ ਕੀਤਾ ਤੇ ਨਾ ਕਰਾਂਗੇ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply