Saturday, April 20, 2024

ਰਿਆੜਕੀ ਇਲਾਕੇ ਦੀਆਂ ਸੰਗਤਾਂ ਵੱਲੋਂ ਧਾਰਮਿਕ ਦਰਸ਼ਨ ਯਾਤਰਾ ਦਾ ਸ਼ਾਨਦਾਰ ਸਵਾਗਤ

ਗੁਰੂ ਸਾਹਿਬਾਨ ਦੇ ਸ਼ਸ਼ਤਰਾਂ, ਬਸ਼ਤਰਾਂ ਤੇ ਹੱਥ ਲਿਖਤ ਬਾਣੀ ਦੇ ਕੀਤੇ ਦਰਸ਼ਨ

PPN2605201502

ਹਰਚੋਵਾਲ/ਸ੍ਰੀ ਹਰਗੋਬਿੰਦਪੁਰ 26 ਮਈ (ਨਰਿੰਦਰ ਸਿੰਘ ਬਰਨਾਲ) – ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਰਿਆੜਕੀ ਇਲਾਕੇ ਦੀ ਸੰਗਤ ਵੱਲੋਂ ਧਾਰਮਿਕ ਦਰਸ਼ਨ ਯਾਤਰਾ ਦਾ ਇਲਾਕੇ ਵਿੱਚ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਦਰਿਆ ਬਿਆਸ ਦੇ ਨਾਲ-ਨਾਲ ਲੱਗਦੇ ਰਿਆੜਕੀ ਇਲਾਕੇ ਦੀ ਸੰਗਤ ਬੜੀ ਬੇਸਬਰੀ ਨਾਲ ਇਸ ਧਾਰਮਿਕ ਦਰਸ਼ਨ ਯਾਤਰਾ ਦਾ ਇੰਤਜਾਰ ਕਰ ਰਹੀ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਯਾਤਰਾ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅੱਜ ਦੁਪਹਿਰ ਵੇਲੇ ਜਦੋਂ ਧਾਰਮਿਕ ਦਰਸ਼ਨ ਯਾਤਰਾ ਪਿੰਡ ਹਰਚੋਵਾਲ ਵਿਖੇ ਪਹੁੰਚੀ ਤਾਂ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਨੇ ਪੰਜ ਪਿਆਰਿਆਂ, ਪਾਲਕੀ ਸਾਹਿਬ ਅਤੇ ਪਵਿੱਤਰ ਨਿਸ਼ਾਨੀਆਂ ਦੀ ਬੱਸ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਖਾਲਸਈ ਜੈਕਾਰੇ ਗਜਾ ਕੇ ਯਾਤਰਾ ਨੂੰ ਜੀ ਆਇਆਂ ਨੂੰ ਕਿਹਾ। ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਨੂੰ ਉਮੜ ਪਿਆ ਅਤੇ ਸੰਗਤਾਂ ਨੇ ਬੜੀ ਨੀਝ ਨਾਲ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਸ਼ਸ਼ਤਰ, ਬਸਤਰ ਅਤੇ ਹੱਥ ਲਿਖਤ ਬਾਣੀ ਦੇ ਦਰਸ਼ਨ ਕੀਤੇ।

              ਹਰਚੋਵਾਲ ਨੇੜੇ ਗੁਰਦੁਆਰਾ ਰਾਜਾ ਰਾਮ ਸਾਹਿਬ ਵਿਖੇ ਸੰਗਤਾਂ ਵੱਲੋਂ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ।ਗੁਰਦੁਆਰਾ ਰਾਜਾ ਰਾਮ ਸਾਹਿਬ ਵਿਖੇ ਗੁਰੂ ਕੇ ਦੀਵਾਨ ਸਜਾਏ ਗਏ ਜਿਥੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ।ਇਸੇ ਤਰਾਂ ਪਿੰਡ ਭਾਮ, ਮਠੋਲਾ, ਖੋਖਰਵਾਲ, ਲਾਈਟਾਂ ਵਾਲਾ ਚੌਂਕ ਵਿਖੇ ਵੀ ਇਲਾਕੇ ਦੀਆਂ ਸੰਗਤਾਂ ਵੱਲੋਂ ਧਰਾਮਿਕ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕੀਤੇ ਗਏ।ਨਗਰ ਕੀਰਤਨ ਦੇ ਰੂਪ ਵਿੱਚ ਜਾ ਰਹੀ ਇਸ ਧਾਰਮਿਕ ਦਰਸ਼ਨ ਯਾਤਰਾ ਨੂੰ ਲੈ ਕੇ ਸੰਗਤਾਂ ਵਿੱਚ ਬਹੁਤ ਚਾਅ ਤੇ ਉਤਸ਼ਾਹ ਹੈ ਅਤੇ ਸੰਗਤਾਂ ਵੱਲੋਂ ਯਾਤਰਾ ਦੇ ਮੱਦੇਨਜ਼ਰ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਯਾਤਰਾ ਦੇ ਠਹਿਰਾਅ ਦੌਰਾਨ ਸੰਗਤਾਂ ਵੱਲੋਂ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਕੀਤੇ ਗਏ। ਆਸ-ਪਾਸ ਦੇ ਪਿੰਡਾਂ ‘ਚੋਂ ਸੰਗਤ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ‘ਤੇ ਗੁਰਦੁਆਰਾ ਦਮਦਮਾ ਸਾਹਿਬ ਪਹੁੰਚੀਆਂ ਹੋਈਆਂ ਸਨ ਅਤੇ ਅੰਮ੍ਰਿਤ ਵੇਲੇ ਤੋਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਸਵੇਰੇ 8:30 ਵਜੇ ਅਰਦਾਸ-ਜੋਦੜੀ ਕਰਨ ਤੋਂ ਬਾਅਦ ਧਾਰਮਿਕ ਦਰਸ਼ਨ ਯਾਤਰਾ ਸ੍ਰੀ ਹਰਗੋਬਿੰਦਪੁਰ ਤੋਂ ਆਪਣੇ ਅਗਲੇ ਪੜਾਅ ਗੁਰਦੁਆਰਾ ਛੋਟਾ ਘੱਲੂਘਾਰਾ ਲਈ ਰਵਾਨਾ ਹੋ ਗਈ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਐੱਸ.ਡੀ.ਐੱਮ. ਬਟਾਲਾ ਜਸਪਾਲ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰਪਾਲ ਸਿੰਘ ਗੋਰਾ, ਸੁਖਜਿੰਦਰ ਸਿੰਘ ਭਾਮ, ਪਰਮਜੀਤ ਸਿੰਘ ਪੰਮ, ਹੈਪੀ ਪੱਡਾ, ਬ੍ਰਿਜ ਮੋਹਨ ਮੱਪੀ, ਗੁਰਦੁਆਰਾ ਕਮੇਟੀ ਪ੍ਰਧਾਨ ਫੰਗਣ ਸਿੰਘ, ਹਰਵਿੰਦਰ ਸਿੰਘ ਕਾਹਲੋਂ, ਜਸਵੰਤ ਸਿੰਘ ਟਿੱਕਾ, ਜੱਸਾ ਘੱਸ, ਅਵਤਾਰ ਸਿੰਘ ਬੱਲ, ਹਰਕੀਰਤ ਸਿੰਘ ਕਾਹਲੋਂ, ਕਰਮਜੀਤ ਸਿੰਘ ਜੋਗੀ ਡਡਿਆਲਾ ਨੇ ਜੈਕਾਰੇ ਬੁਲਾ ਕੇ ਦਰਸ਼ਨ ਯਾਤਰਾ ਨੂੰ ਸ੍ਰੀ ਹਰਗੋਬਿੰਦਪੁਰ ਤੋਂ ਰਵਾਨਾ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply