Monday, May 25, 2026

ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦੇ ਦੂਜੇ ਦਿਨ ਮਾਤ ਭਾਸ਼ਾ ਬਾਰੇ ਗੰਭੀਰ ਵਿਚਾਰ-ਚਰਚਾ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਦਿਖਾਵਾ, ਕਰਜ਼ਾ ਅਤੇ ਨਸ਼ੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵੱਡੇ ਖ਼ਤਰੇ ਹਨ। PPNJ1302202006ਇਹ ਵਿਚਾਰ ਚਿੰਤਕ ਅਤੇ ਲੇਖਕ ਡਾ. ਮਨਮੋਹਨ ਨੇ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚਾਰ ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਦੂਸਰੇ ਦਿਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ: ਵਰਤਮਾਨ ਚੁਣੌਤੀਆਂ ਵਿਸ਼ੇ ਤੇ ਹੋਏ ਸੈਮੀਨਾਰ ਦੌਰਾਨ ਮੁੱਖ ਭਾਸ਼ਣ ਦਿੰਦਿਆਂ ਕਹੇ।ਪੰਜਾਬ ਦੀਆਂ ਬਦਲਦੀਆਂ ਭੂਗੋਲਿਕ ਸਥਿਤੀਆਂ ਕਰਕੇ ਪੰਜਾਬੀ ਭਾਸ਼ਾ ਬਾਰੇ ਚਿੰਤਨ ਬਹੁਤ ਘੱਟ ਹੋ ਸਕਿਆ।ਪੰਜਾਬੀ ਭਾਸ਼ਾ ਦੇ ਬਿਹਤਰ ਭਵਿੱਖ ਲਈ ਇਸ ਨੂੰ ਸਰਕਾਰ, ਦਰਬਾਰ, ਵਿਉਪਾਰ ਅਤੇ ਕਾਰੋਬਾਰ ਦੀ ਭਾਸ਼ਾ ਬਣਾਉਣ ਦੀ ਲੋੜ ਹੈ।ਇਸ ਲਈ ਸਰਕਾਰ ਦੀ ਇਕ ਭਾਸ਼ਾ ਨੀਤੀ ਅਤੇ ਨੀਅਤ ਹੋਣੀ ਚਾਹੀਦੀ ਹੈ।ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਰਾਸ਼ਟਰੀ ਪੱਧਰ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਪੰਜਾਬੀ ਵਿਚ ਉਚ-ਪੱਧਰ ਦੇ ਗਿਆਨ ਦੀ ਬਹੁਤ ਘਾਟ ਹੈ।ਇਸ ਵਾਸਤੇ ਨਵੇਂ ਸਿਰੇ ਤੋਂ ਗਿਆਨ ਸਿਰਜਣ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿਚ ਮੌਜੂਦ ਗਿਆਨ-ਵਿਗਿਆਨ-ਸਾਹਿਤ ਦਾ ਉਚੇ ਮਿਆਰ ਦਾ ਅਨੁਵਾਦ ਵੀ ਪੰਜਾਬੀ ਭਾਸ਼ਾ ਵਿਚ ਹੋਣਾ ਚਾਹੀਦਾ ਹੈ।
              PPNJ1302202007ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੰਗੇਰਜ਼ ਵੇਲੇ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਸਾਨੂੰ ਸਾਡੀ ਵਿਰਾਸਤ ਤੋਂ ਤੋੜਨ ਲਈ ਯਤਨਸ਼ੀਲ ਰਹੀਆਂ ਹਨ। ਜਦ ਕਿ ਵਿਰਾਸਤ ਹੀ ਗਿਆਨ ਦਾ ਮੂਲ ਸਰੋਤ ਹੁੰਦੀ ਹੈ।ਪੰਜਾਬੀ ਭਾਸ਼ਾ ਦੇ ਗਿਆਨ ਭੰਡਾਰ ਨੂੰ ਅਮੀਰ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਕੋਸ਼ ਬਣਾਉਣ ਦੀ ਲੋੜ ਹੈ।ਮੌਜੂਦਾ ਸਮੇਂ ਵਿਚ ਗ਼ੈਰ-ਮਿਆਰੀ ਸਾਹਿਤ ਦੀ ਭਰਮਾਰ ਹੈ, ਜਿਸ ‘ਤੇ ਕੋਈ ਨਜ਼ਰਸਾਨੀ ਜ਼ਰੂਰ ਹੋਣੀ ਚਾਹੀਦੀ ਹੈ।ਕੈਨੇਡਾ ਤੋਂ ਉਚੇਤੇ ਤੌਰ ’ਤੇ ਸੈਮੀਨਾਰ ਵਿਚ ਮੁੱਖ-ਮਹਿਮਾਨ ਵਜੋਂ ਪਹੁੰਚੇ ਅਜਾਇਬ ਸਿੰਘ ਚੱਠਾ ਕਿਹਾ ਕਿ ਪੰਜਾਬੀ ਕੌਮ ਹੁਣ ਇਕ ਵਿਸ਼ਵ ਕੌਮ ਬਣ ਚੁੱਕੀ ਹੈ।ਉਨ੍ਹਾਂ ਕਿਹਾ ਕਿ ਮੇਰਾ ਇਕੋ ਸੁਪਨਾ ਹੈ ਕਿ ਕੋਈ ਪੰਜਾਬੀ ਮੇਰੇ ਜਿਉਂਦੇ ਜੀਅ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਕਰੇ।ਉਨ੍ਹਾਂ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਹਾ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਵਿਹਾਰ ਹੀ ਇਸ ਤਰਾਂ ਦਾ ਬਣਾਇਆ ਜਾਵੇ ਜੋ ਆਲੇ-ਦੁਆਲੇ ਨੂੰ ਪੰਜਾਬੀ ਮਾਂ-ਬੋਲੀ ਪ੍ਰਤੀ ਉਤਸ਼ਾਹਿਤ ਕਰੇ।ਉਨ੍ਹਾਂ ਇਸ ਵਿਚ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ।
               ਸੈਮੀਨਾਰ ਦੇ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਪ੍ਰੋਫੈਸਰ ਅਤੇ ਸਾਬਕਾ ਮੁਖੀ ਡਾ. ਰਮਿੰਦਰ ਕੌਰ ਨੇ ਕਿਹਾ ਕਿ ਹਰ ਤਬਦੀਲੀ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਹੁੰਦੀ ਹੈ।ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਸਾਡੇ ਆਲੇ-ਦੁਆਲੇ ਭਾਸ਼ਾ ਦਾ ਨੁਕਸਾਨ ਕਿਵੇਂ ਹੋ ਰਿਹਾ ਹੈ ਅਤੇ ਅਸੀਂ ਉਸ ਨੂੰ ਰੋਕਣ ਅਤੇ ਭਾਸ਼ਾ ਦੀ ਬਿਹਤਰੀ ਲਈ ਕੀ ਕਰ ਸਕਦੇ ਹਾਂ।
ਸੈਮੀਨਾਰ ਦੇ ਦੂਸਰੇ ਸੈਸ਼ਨ ਦੌਰਾਨ ਇਸ ਵਿਸ਼ੇ ‘ਤੇ ਡਾ. ਰਵਿੰਦਰ. ਡਾ. ਕੁਲਵੀਰ ਅਤੇ ਡਾ. ਨਛੱਤਰ ਸਿੰਘ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਨਛੱਤਰ ਨੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਦਾ ਵੱਡੇ ਪੱਧਰ ਦਾ ਪ੍ਰਵਾਸ ਹੈ।ਉਨ੍ਹਾਂ ਦੱਸਿਆ ਕਿ ਕਰੀਬ ਸਵਾ ਲੱਖ ਵਿਦਿਆਰਥੀ 2018 ਵਿਚ ਕੈਨੇਡਾ ਚਲਾ ਗਿਆ, ਜਿਸ ਨਾਲ ਮਾਲਵਾ ਦਾ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ।ਜਦੋਂ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਅਗਲੀ ਪੀੜ੍ਹੀ ਹੀ ਪੈਦਾ ਨਾ ਹੋਈ ਤਾਂ ਪੰਜਾਬੀ ਦਾ ਭੱਵਿਖ ਕੀ ਹੋਵੇਗਾ, ਇਹੀ ਪੰਜਾਬੀ ਦਾ ਸਭ ਤੋਂ ਵੱਡਾ ਸੰਕਟ ਹੋਵੇਗਾ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਖ਼ਾਸ ਤੌਰ ’ਤੇ ਦਿੱਲੀ ਆਖ਼ਰੀ ਸਾਹਾਂ ’ਤੇ ਹੈ।
             ਉਤਸਵ ਦੇ ਕਨਵੀਨਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਫਰਵਰੀ ਨੂੰ ਡਿਜ਼ੀਟਲ ਮੀਡੀਆ ਤੇ ਸਾਹਿਤਕ ਪੱਤਰਕਾਰੀ ‘ਤੇ ਪੈਨਲ ਡਿਸਕਸ਼ਨ ਕਰਵਾਈ ਜਾਵੇਗੀ ਜਿਸ ਵਿੱਚ ਪੰਜਾਬੀ ਦੇ ਪ੍ਰਮੁੱਖ ਸਾਹਿਤਕ ਰਸਾਲਿਆਂ ਦੇ ਸੰਪਾਦਕ ਹਿੱਸਾ ਲੈਣਗੇ।ਇਸ ਦਿਨ ਕਾਲਜ ਦੇ ਥੀਏਟਰ ਵਿਭਾਗ ਵਲੋਂ ਤਿਆਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਤ ਨਾਟਕ ਵਿਸਮਾਦ ਅਤੇ ਲੋਕ ਨਾਚ ਗਿੱਧਾ ਭੰਗੜਾ ਦੀ ਪੇਸ਼ਕਾਰੀ ਵੀ ਹੋਵੇਗੀ।14 ਫਰਵਰੀ ਨੂੰ ਕੇਵਲ ਧਾਲੀਵਾਲ ਅਤੇ ਰਾਜੀਵ ਕੁਮਾਰ ਨਾਟ-ਕਲਾ ਅਤੇ ਫ਼ਿਲਮ ਕਲਾ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਬਾਅਦ ਦੁਪਹਿਰ ਪੰਜਾਬ ਦੇ ਯੁਵਾ ਕਵੀਆਂ ਵੱਲੋਂ ਕਵੀ ਦਰਬਾਰ ਹੋਵੇਗਾ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਖਚੈਨ ਸਿੰਘ ਗਿੱਲ ਕਮਿਸ਼ਨ ਪੁਲਿਸ ਅੰਮਿ੍ਰਤਸਰ ਹਾਜ਼ਰ ਹੋਣਗੇ।
               ਇਸ ਮੌਕੇ ’ਤੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋ੍ਰੈਸਰ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਰਜਨੀਸ਼ ਕੌਰ, ਡਾ. ਪਰਮਿੰਦਰਜੀਤ ਕੌਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …