ਬ੍ਰਹਮਪੁਰਾ, ਢੀਂਡਸਾ ਤੇ ਰਵੀਇੰਦਰ ਸਿੰਘ ਵੀ ਕਰਨਗੇ ਸੰਬੋਧਨ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹੈਡਕੁਆਰਟਰ ਤੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ
ਸਾਬਕਾ ਵਿਧਾਇਕ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਮਨਮੋਹਨ ਸਿੰਘ ਸਠਿਆਲਾ ਅਤੇ ਗੁਰਪ੍ਰੀਤ ਸਿੰਘ ਕਲਕੱਤਾ ਪ੍ਰਧਾਨ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਨੇ ਦੱਸਿਆ ਹੈ ਕਿ ਸ਼਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ 21 ਫਰਵਰੀ 2020 ਦਿਨ ਸ਼ੁਕਰਵਾਰ ਸਵੇਰੇ 11 ਵਜੇ ਸਤਿਕਾਰ ਪੈਲੇਸ, ਠੱਠੀਆਂ ਮਹੰਤਾਂ ਵਿਖੇ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸਰਦਾਰ ਰਵੀਇੰਦਰ ਸਿੰਘ ਸੰਬੋਧਨ ਕਰਨਗੇ ਅਤੇ ਕਾਨਫਰੰਸਾਂ ਦਾ ਇਹ ਸਿਲਸਿਲਾ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਜਾਰੀ ਰਹੇਗਾ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣਾ, ਸ਼਼੍ਰੋਮਣੀ ਕਮੇਟੀ ਅਤੇ ਇਸ ਦੇ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਨੂੰ ਸਿਆਸੀ ਗਲਬੇ ਤੋਂ ਮੁਕਤ ਕਰਵਾਉਣਾ, ਸ਼਼੍ਰੋਮਣੀ ਅਕਾਲੀ ਦਲ ‘ਚ ਜ਼ਮਹੂਰੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਯਤਨਸ਼ੀਲ ਹੋਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣਾ, ਬਰਗਾੜੀ ਅਤੇ ਬਹਿਬਲ ਕਲਾਂ ਦੇ ਖੂਨੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਧਾਰਮਿਕ ਤੌਰ ‘ਤੇ ਸਿੱਖ ਵਿਰਸਾ ਸੰਭਾਲ ਪ੍ਰੋਗਰਾਮਾਂ ਨੂੰ ਚਲਾਉਣਾ, ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨਾ, ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਚੰਗੀਆਂ ਸਿਹਤ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨਾ, ਕਿਸਾਨਾਂ, ਮਜ਼ਦੂਰਾਂ, ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਹੱਕੀ ਮੰਗਾਂ ਲਈ ਜ਼ਦੋਜਹਿਦ ਕਰਨਾ, ਸਿੱਖ ਕੌਮ ਦੀ ਆਨ ਤੇ ਸ਼ਾਨ, ਦੇਸ਼ ਵਿਦੇਸ਼ ਵਿੱਚ ਸਿੱਖ ਮਸਲਿਆਂ ਦੀ ਖਾਤਿਰ ਢਾਲ ਬਣ ਕੇ ਚੱਲਣਾ ਇਹਨਾਂ ਕਾਨਫਰੰਸਾਂ ਦਾ ਮੁੱਖ ਮੰਤਵ ਹੈ।ਉਹਨਾਂ ਕਿਹਾ ਕਿ ਇਹ ਕਾਨਫਰੰਸ ਬੇਮਿਸਾਲ ਹੋਵੇਗੀ।
Punjab Post Daily Online Newspaper & Print Media