ਕਪੂਰਥਲਾ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਮੰਦਬੁੱਧੀ ਤੇ ਬੇਸਹਾਰਾ ਬੱਚੀਆਂ ਲਈ ਬਣੇ ਸੁਖਜੀਤ
ਆਸ਼ਰਮ ਦਾ ਦੌਰਾ ਕਰਕੇ ਉਥੋਂ ਦੇ ਪ੍ਰਬੰਧਾਂ ਅਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।ਉਨ੍ਹਾਂ ਆਸ਼ਰਮ ਦੇ ਵੱਖ-ਵੱਖ ਕਮਰਿਆਂ ਤੋਂ ਇਲਾਵਾ ਬਾਥਰੂਮਾਂ, ਕਿਚਨ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ ਅਤੇ ਸਟਾਫ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।ਇਸ ਦੌਰਾਨ ਉਨ੍ਹਾਂ ਆਸ਼ਰਮ ਦੀਆਂ ਬੱਚੀਆਂ ਨਾਲ ਕਾਫੀ ਸਮਾਂ ਬਿਤਾਇਆ ਅਤੇ ਉਨ੍ਹਾਂ ਵੱਲੋਂ ਬਣਾਈਆਂ ਪੇਂਟਿੰਗਾਂ ਅਤੇ ਉਨਾਂ ਦਾ ਸਮਾਨ ਵੇਖਿਆ।ਇਸ ਤੋਂ ਇਲਾਵਾ ਉਨ੍ਹਾਂ ਬੱਚੀਆਂ ਨੂੰ ਸਮੋਸੇ ਅਤੇ ਖਾਣ-ਪੀਣ ਦੇ ਹੋਰ ਸਾਮਾਨ ਦੀ ਵੰਡ ਕੀਤੀ।ਬੱਚੀਆਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਉਨ੍ਹਾਂ ਨੂੰ ਉਨ ਅਤੇ ਸਿਲਾਈਆਂ ਵੀ ਮੰਗਵਾ ਕੇ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਮ ਦੀ ਬਿਹਤਰੀ ਲਈ ਹਰੇਕ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਥੇ ਰਹਿ ਰਹੀਆਂ ਬੱਚੀਆਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਸ਼ਰਮ ਲਈ ਵੱਧ-ਚੜ੍ਹ ਕੇ ਯੋਗਦਾਨ ਪਾਉਣ।ਉਨ੍ਹਾਂ ਆਰੀਆ ਵਾਤਸਲਿਆ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉਥੋਂ ਦੇ ਪ੍ਰਬੰਧਾਂ ਅਤੇ ਹੋਰਨਾਂ ਗਤੀਵਿਧੀਆਂ ਸਬੰਧੀ ਆਸ਼ਰਮ ਦੇ ਪ੍ਰਧਾਨ ਕਪੂਰ ਚੰਦ ਗਰਗ ਪਾਸੋਂ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਤੇ ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਆਸ਼ਰਮ ਦਾ ਸਟਾਫ ਹਾਜ਼ਰ ਸੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media