ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਤਰਕਸ਼ੀਲ ਆਗੂ ਜਸਪਾਲ ਬਾਸਰਕਾ
ਦੀ ਪ੍ਰ੍ਰਾਨਗੀ ਹੇਠ ਹੋਈ ਵਿਸ਼ੇਸ਼ ਇਕੱਤਰਤਾ ਵਿਚ ਮੋਦੀ ਸਰਕਾਰ ਵਲੋਂ ਹਿੰਦੂ ਰਾਸ਼ਟਰ ਦੇ ਫਿਰਕੂ ਏਜੰਡੇ ਹੇਠ ਦੇਸ਼ ਵਿੱਚ ਸਿਖਿਆ ਦੇ ਕੀਤੇ ਜਾ ਰਹੇ ਭਗਵੇਕਰਨ ਅਤੇ ਵਪਾਰੀਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਅਤੇ ਹਰੇਕ ਨਾਗਰਿਕ ਨੂੰ ਸਿਖਿਆ ਅਤੇ ਸਿਹਤ ਸਹੂਲਤਾਂ ਮੁਫਤ ਦੇਣ ਦੀ ਮੰਗ ਕੀਤੀ ਗਈ।
ਤਰਕਸ਼ੀਲ ਆਗੂ ਸੁਮੀਤ ਸਿੰਘ, ਮਨਜੀਤ ਬਾਸਰਕੇ, ਧਰਵਿੰਦਰ ਕੋਹਾਲੀ ਅਤੇ ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਮੋਦੀ ਸਰਕਾਰ ਸਿਖਿਆ ਸਿਲੇਬਸ ਵਿੱਚ ਹਿੰਦੁਤਵਪੱਖੀ ਮਿਥਿਹਾਸਕ ਅਤੇ ਅੰਧਵਿਸ਼ਵਾਸੀ ਪਾਠਕ੍ਰਮ ਸ਼ਾਮਲ ਕਰਕੇ ਦੇਸ਼ ਨੂੰ ਜਿਥੇ ਰੂੜੀਵਾਦ ਅਤੇ ਅਧਿਆਤਮਕਵਾਦ ਵੱਲ ਪਿਛਾਂਹ ਧੱਕ ਰਹੀ ਹੈ, ਉਥੇ ਹੀ ਸਿਖਿਆ ਦਾ ਵਪਾਰੀਕਰਨ ਕਰਕੇ ਇਸ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਪੜ੍ਹ ਲਿਖ ਕੇ ਸਰਕਾਰਾਂ ਤੋਂ ਨੌਕਰੀਆਂ ਮੰਗਣ ਦੇ ਸਮਰੱਥ ਨਾ ਹੋ ਸਕਣ।ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਮੰਦਿਰਾਂ, ਮੁਰਤੀਆਂ, ਕੁੰਭ ਮੇਲਿਆਂ ਅਤੇ ਹੋਰਨਾਂ ਧਾਰਮਿਕ ਯਾਤਰਾਵਾਂ ਅਤੇ ਰੂੜੀਵਾਦੀ ਰਸਮਾਂ ਉਤੇ ਅਰਬਾਂ ਰੁਪਏ ਦੀ ਫਜੂਲਖਰਚੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਦੀ ਦਲਦਲ ਵਿਚ ਫਸਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦ ਤੋਂ ਬਦਤਰ ਬਣਾ ਰਹੀਆਂ ਹਨ ਜਦੋਂਕਿ ਦੁਨੀਆ ਦੇ ਵਿਕਸਤ ਦੇਸ਼ ਵਿਗਿਆਨ, ਤਕਨਾਲੋਜੀ ਅਤੇ ਵਿਗਿਆਨਕ ਚੇਤਨਾ ਦੇ ਖੇਤਰ ਵਿਚ ਲਗਾਤਾਰ ਵਿਕਾਸ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਖੁਸ਼ਹਾਲੀ, ਸਿਹਤ ਅਤੇ ਲੰਮੀ ਉਮਰ ਨੂੰ ਯਕੀਨੀ ਬਣਾ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਹਰੇਕ ਨਾਗਰਿਕ ਨੂੰ ਸਿਖਿਆ ਅਤੇ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾਣ ਅਤੇ ਧਰਮ ਨੂੰ ਰਾਜਨੀਤੀ ਸਟੇਟ, ਸਿਖਿਆ ਅਤੇ ਨਿਆਂਪਾਲਿਕਾ ਤੋਂ ਵੱਖ ਕਰਦਾ ਵਿਸ਼ੇਸ਼ ਕਾਨੂੰਨ ਲਾਗੂ ਕੀਤਾ ਜਾਵੇ।
ਤਰਕਸ਼ੀਲ ਆਗੂਆਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਰੱਦ ਕਰਨ ਅਤੇ ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35 ਏ ਤੋਂ ਇਲਾਵਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਵੀ ਮੰਗ ਕੀਤੀ।ਇਸ ਮੌਕੇ ਤਰਕਸ਼ੀਲ ਆਗੂ ਸੁਖਮੀਤ ਸਿੰਘ, ਮੇਜਰ ਸਿੰਘ, ਅਸ਼ਵਨੀ ਕੁਮਾਰ, ਰਮੇਸ਼ ਕੁਮਾਰ, ਕੰਵਲਜੀਤ ਸਿੰਘ ਅਤੇ ਹਰਜਿੰਦਰ ਜਲਾਲਪੁਰ ਵੀ ਸ਼ਾਮਲ ਹੋਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media