ਸਮੂਹ ਜਥੇਬੰਦੀਆਂ ਨੇ ਪ੍ਰਸਾਸ਼ਨ ਅਤੇ ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਨੋਟਿਸ
ਸਮਰਾਲਾ, 18 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਸੱਦੇ ‘ਤੇ ਸਮਰਾਲਾ ਇਲਾਕੇ ਦੀਆਂ ਸਮੂਹ ਸਮਾਜਸੇਵੀ
ਜਥੇਬੰਦੀਆਂ ਦੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਮਰਾਲਾ ਵਿਖੇ ਹੋਈ ਅਹਿਮ ਮੀਟਿੰਗ ਵਿੱਚ ਸਮੂਹ ਜਥੇਬੰਦੀਆਂ ਵਲੋਂ ਸਰਕਾਰੀ ਹਸਪਤਾਲ ਵਿਖੇ ਪਿਛਲੇ ਕਾਫੀ ਸਮੇਂ ਤੋਂ ਸਟਾਫ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਸਮਰਾਲਾ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਅਤੇ ਜਥੇਬੰਦੀਆਂ ਵਲੋਂ ਸਾਂਝਾ ਉਦਮ ਕਰਕੇ ਚਾਲੂ ਕਰਵਾਏ ਗਏ ਬਲੱਡ ਬੈਂਕ ਨੂੰ ਵੀ ਸੁਚਾਰੂ ਰੂਪ ‘ਚ ਚਲਾਉਣ ਵਿੱਚ ਆ ਰਹੀ ਦਿੱਕਤ ਕਾਰਣ ਆਮ ਲੋਕਾਂ ਨੂੰ ਖੂਨ ਲੈਣ ਲਈ ਲੁਧਿਆਣਾ, ਖੰਨਾ ਅਤੇ ਨਵਾਂ ਸ਼ਹਿਰ ਆਦਿ ਦੂਰ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।ਭਾਵੇਂ ਉਨ੍ਹਾਂ ਵਲੋਂ ਸਮੱਸਿਆ ਪ੍ਰਸਾਸ਼ਨ ਅਤੇ ਹਸਪਤਾਲ ਦੇ ਐਸ.ਐਮ.ਓ ਦੇ ਧਿਆਨ ਵਿੱਚ ਲਿਆਂਦੀ ਗਈ ਹੈ।ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ, ਯੁਵਕ ਸੇਵਾਵਾਂ ਕਲੱਬ ਸਮਰਾਲਾ ਦੇ ਮੀਤ ਪ੍ਰਧਾਨ ਸ਼ੰਕਰ ਕਲਿਆਣ, ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਅਕਸ ਰੰਗਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ, ਅਸੀਮ ਯੂਥ ਵੈਲਫੇਅਰ ਕਲੱਬ ਕੋਟਾਲਾ ਦੇ ਪ੍ਰਧਾਨ ਸੰਤੋਖ ਸਿੰਘ, ਸਪਨਾ ਫਾਊਂਡੇਸ਼ਨ ਦੇ ਪ੍ਰਧਾਨ ਮਹਿੰਦਰ ਯਾਦਵ, ਸਰਬ ਧਰਮ ਫਾਊਂਡੇਸ਼ਨ ਦੇ ਪ੍ਰਧਾਨ ਸਰਵਣ ਸਿੰਘ ਸਮਰਾਲਾ ਆਦਿ ਨੇ ਕਿਹਾ ਕਿ ਹਸਪਤਾਲ ਦੇ ਸਟਾਫ ਦੀ ਰਿਹਾਇਸ਼ ਲਈ ਬਣੇ ਕੁਆਟਰ ਖੰਡਰ ਹੋ ਚੁੱਕੇ ਹਨ।ਜਿਸ ਕਰਕੇ ਸਟਾਫ਼ ਹਰ ਸਮੇਂ ਲੋਕਾਂ ਦੀ ਸਹੂਲਤ ਲਈ ਹਾਜ਼ਰ ਨਹੀਂ ਰਹਿੰਦਾ ਅਤੇ ਖਾਸਕਰ ਰਾਤ ਦੇ ਸਮੇਂ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨਾਂ ਮੰਗ ਕੀਤੀ ਕਿ ਹਸਪਤਾਲ ਦੇ ਸਟਾਫ਼ ਦੀ ਰਿਹਾਇਸ਼ ਲਈ ਜਲਦ ਤੋਂ ਜਲਦ ਅਧੁਨਿਕ ਸਹੂਲਤਾਂ ਵਾਲੇ ਰਿਹਾਇਸ਼ੀ ਕੁਆਟਰ ਤਿਆਰ ਕਰਵਾਏ ਜਾਣ।ਸਾਰੀਆਂ ਜਥੇਬੰਦੀਆਂ ਨੇ ਇਕਸੁਰ ਹੋ ਕੇ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਐਲਾਨ ਕੀਤਾ ਕਿ ਜੇਕਰ ਆਉਣ ਵਾਲੇ 15 ਦਿਨਾਂ ਦੇ ਅੰਦਰ ਅੰਦਰ ਉਪਰੋਕਤ ਸਮੱਸਿਆਵਾਂ ਦੇ ਹੱਲ ਸਬੰਧੀ ਪੁਖ਼ਤਾ ਇੰਤਜ਼ਾਮ ਨਾ ਕੀਤੇ ਗਏ ਤਾਂ ਆਮ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਵਾਈਸ ਚੇਅਰਮੈਨ ਇੰਦਰੇਸ਼ ਜੈਦਕਾ, ਜਨ: ਸਕੱਤਰ ਦੀਪ ਦਿਲਬਰ, ਐਡਵੋਕੇਟ ਗਗਨ ਥਾਪਰ, ਕੈਸ਼ੀਅਰ, ਜਗਤਾਰ ਸਿੰਘ ਦਿਆਲਪੁਰਾ, ਦਰਸ਼ਨ ਸਿੰਘ ਦਰਸ਼ੀ ਸਮਰਾਲਾ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਬੁਆਲ, ਬਲਵਿੰਦਰ ਸਿੰਘ ਬੰਬ, ਰਮੇਸ਼ ਕੁਮਾਰ ਸਿਹਾਲਾ, ਵਰਿੰਦਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਚੰਨੀ ਸੇਖੋਂ, ਨਰਿੰਦਰ ਸਿੰਘ, ਦਲਬਾਰਾ ਸਿੰਘ ਸਿਹਾਲਾ, ਅਰਜਨ ਆਦਿ ਹਾਜ਼ਰ ਸਨ।
Punjab Post Daily Online Newspaper & Print Media